ਪੰਨਾ:ਰਾਜ ਕੁਮਾਰੀ.pdf/56

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਲਟਕਦਿਆਂ ਵੇਖਿਆ। ਉਸ ਨੇ ਅਚਨਚੇਤ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਸ਼ਿਵਜੀ ਨੇ ਆਪ ਉਸ ਨੂੰ ਇਸ਼ਾਰਾ ਕੀਤਾ ਹੋਵੇ। ਉਹ ਖਿੜ ਖਿੜਾ ਕੇ ਹਸ ਪਈ ਅਤੇ ਕਿੰਨਾਂ ਚਿਰ ਕਮਲਿਆਂ ਵਾਂਗ ਹਸਦੀ ਰਹੀ, ਇਥੋਂ ਤਾਈਂ ਕਿ ਉਹ ਰਾਜ ਮਹੱਲ ਵਿਚ ਪੁਜ ਕੇ ਵੀ ਹਸਦੀ ਹੀ ਰਹੀ।

"ਸਾਧੂ ਰੁਖ ਤੋਂ ਉਤਰਿਆ ਅਤੇ ਰਾਜੇ ਕੋਲ ਜਾ ਕੇ ਆਖਣ ਲੱਗਾ, 'ਤੇਰੀ ਰਾਜਧਾਨੀ ਤੇ ਜ਼ਰੂਰੀ ਕੋਈ ਤਬਾਹੀ ਆਉਣ ਵਾਲੀ ਹੈ, ਤੇਰੀ ਪੁਤਰੀ ਦੇ ਸਿਰ ਤੇ ਕੋਈ ਭੂਤ ਸਵਾਰ ਹੈ; ਇਹ ਫਿਰ ਮੇਰੇ ਤੇ ਹੱਸੀ ਹੈ ਤੇ ਪਹਿਲਾਂ ਤੋਂ ਵੀ ਵਧ। ਇਸ ਨੇ ਮੇਰੇ ਗਿਆਨ ਧਿਆਨ ਵਿਚ ਭੰਗ ਪਾ ਕੇ ਮੇਰੀ ਸਾਲਾਂ ਦੀ ਤਪੱਸਿਆ ਦਾ ਨਾਸ਼ ਕਰ ਦਿਤਾ ਹੈ, ਹੁਣ ਤੂੰ ਮੇਰੇ ਬਦਲੇ ਲਈ ਤਿਆਰ ਹੋ ਜਾ।'

ਰਾਜੇ ਨੇ ਬੇਵਸ ਹੋ ਕੇ ਆਖਿਆ, "ਮਹਾਤਮਾ ਜੀ! ਕੀ ਮੇਰੀ ਪੁਤਰੀ ਦੇ ਇਸ ਰੋਗ ਦਾ ਕੋਈ ਇਲਾਜ ਨਹੀਂ?' ਸਾਧੂ ਬੋਲਿਆ, 'ਕੀ ਉਹ ਇਸੇ ਤਰ੍ਹਾਂ ਮੇਰੀ ਤਪੱਸਿਆ ਦਾ ਨਾਸ਼ ਕਰਦੀ ਰਹੇਗੀ? ਸੱਚ ਮੁਚ ਤੇਰੀ ਪੁਤਰੀ ਦੇ ਰੋਗ ਦਾ ਕੋਈ ਇਲਾਜ ਨਹੀਂ।'

"ਰਾਜੇ ਨੇ ਕਿਹਾ, 'ਕੀ ਉਹ ਰਾਜ਼ੀ ਨਹੀਂ ਹੋ ਸਕਦੀ? ਕੀ ਤੁਹਾਨੂੰ ਕੋਈ ਜਾਦੂ ਟੂਣਾ ਚੇਤੇ ਨਹੀਂ ਜਿਸ ਨਾਲ ਇਸ ਦਾ ਰੋਗ ਜਾਂਦਾ ਰਹੇ?'

"ਇਹ ਸੁਣ ਕੇ ਉਹ ਬਦਮਾਸ਼ ਸਾਧੂ ਦਿਲ ਵਿਚ ਬਹੁਤ ਖ਼ੁਸ਼ ਹੋਇਆ ਅਤੇ ਕਹਿਣ ਲੱਗਾ, 'ਚੰਗਾ ਮੈਂ ਤੇਰੇ ਤੇ ਦਯਾ ਕਰਦਾ ਹਾਂ, ਮੈਂ ਤੇਰੀ ਪੁਤਰੀ ਨੂੰ ਵੇਖਾਂਗਾ ਅਤੇ ਉਸ ਤੇ ਆਪਣਾ ਮੰਤਰ ਪੜ੍ਹਾਂਗਾ। ਜੇ ਮੈਂ ਇਸ ਦਾ ਭੂਤ ਕੱਢਣ ਵਿਚ ਸਫ਼ਲ ਹੋ ਗਿਆ ਤਾਂ ਵਾਹ ਵਾਹ ਨਹੀਂ ਤਾਂ ਸਰਾਪ ਦਿਤੇ ਬਿਨਾਂ ਹੋਰ ਕੋਈ ਰਾਹ ਨਹੀਂ ਹੋਵੇਗਾ।'

"ਰਾਜਾ ਉਸ ਨੂੰ ਰਾਜ ਕੁਮਾਰੀ ਦੇ ਕਮਰੇ ਵਿਚ ਲੈ ਗਿਆ ਅਤੇ ਕਹਿਣ ਲਗਾ, 'ਪੁਤਰੀ ਤੇਰੇ ਹਾਸੇ ਨੇ ਮਹਾਤਮਾ ਜੀ ਦੀ ਤਪਸਿਆ ਨਾਸ ਕੀਤੀ ਹੈ। ਹੁਣ ਇਹ ਬੜੀ ਕ੍ਰਿਪਾ ਦਵਾਰਾ ਉਸ ਭੂਤ ਨੂੰ ਕਢਣ

੫੫