ਪੰਨਾ:ਰਾਜ ਕੁਮਾਰੀ.pdf/68

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪਸ਼ੇਮਾਨ ਤੀਵੀਂ


ਰਾਜੇ ਨੇ ਭਗੀਰਥ ਨੂੰ ਕਿਹਾ, "ਮਿਤ੍ਰ! ਰਾਜ ਕੁਮਾਰੀ ਫਿਰ ਜਿਤ ਗਈ ਤੇ ਮੇਰੇ ਅਠ ਦਿਨ ਬਰਬਾਦ ਹੋ ਗਏ।"

ਸਾਰੀ ਰਾਤ ਤਾਂ ਰਾਜੇ ਨੇ ਤਸਵੀਰ ਵੇਖਦਿਆਂ ਕੱਟੀ, ਦਿਨੇ ਬਾਗ਼ ਵਿਚ ਟਹਿਲਦਾ ਰਿਹਾ ਅਤੇ ਸ਼ਾਮ ਵੇਲੇ ਭਗੀਰਥ ਨੂੰ ਲੈ ਕੇ ਫਿਰ ਦਰਬਾਰ ਵਿਚ ਪੁਜਾ। ਰਾਜ ਕੁਮਾਰੀ ਆਪਣੀ ਕੀਮਤੀ ਪੁਸ਼ਾਕ ਵਿਚ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਖ਼ੁਸ਼ੀ ਨਾਲ ਰਾਜੇ ਵਲ ਤੱਕਿਆ। ਰਾਜਾ ਉਸ ਦੀ ਸੁੰਦਰਤਾ ਵਿਚ ਲੀਨ ਹੋ ਸੰਦਲੀ ਤੇ ਬੈਠ ਗਿਆ ਤੇ ਭਗੀਰਥ ਨੇ ਅਗੇ ਵਧ ਕੇ ਕਿਹਾ-

"ਰਾਜ ਕੁਮਾਰੀ ਜੀ! ਕਿਸੇ ਸ਼ਹਿਰ ਵਿਚ ਇਕ ਧਨੀ ਵਣਜਾਰਾ ਸੀ, ਜਿਸ ਦੀ ਇਸਤਰੀ ਬੜੀ ਸੁੰਦਰ ਸੀ। ਉਸ ਨੂੰ ਉਹ ਆਪਣੀ ਆਤਮਾ ਨਾਲੋਂ ਵੀ ਵਧ ਪਿਆਰ ਕਰਦਾ ਸੀ, ਪਰ ਇਸਤਰੀ ਦਾ ਚਾਲ ਚਲਨ ਬਹੁਤ ਮਾੜਾ ਸੀ। ਉਸ ਦਾ ਇਕ ਹੋਰ ਪੁਰਸ਼ ਨਾਲ ਪ੍ਰੇਮ ਸੀ। ਭਾਵੇਂ ਉਹ ਵਣਜਾਰਾ ਪਿਆਰ ਵਿਚ ਉਸ ਦੇ ਸਾਰੇ ਦੋਸ਼ ਮੁਆਫ਼ ਕਰ ਦਿੰਦਾ ਸੀ, ਪਰ ਉਹ ਇਸਤਰੀ ਆਪਣੇ ਪਤੀ ਨੂੰ ਸਖ਼ਤ ਘਿਰਣਾ ਕਰਦੀ ਸੀ।

"ਇਕ ਦਿਨ ਉਸ ਨੇ ਬਾਰੀ 'ਚੋਂ ਬਾਹਰ ਤੱਕਿਆ ਤਾਂ ਗਲੀ ਵਿਚ ਉਸ ਨੂੰ ਇਕ ਸੁੰਦਰ ਜਵਾਨ ਨਜ਼ਰੀਂ ਪਿਆ। ਉਹ ਬੇਤਾਬ ਹੋ ਗਈ ਤੇ ਪਤੀ ਦਾ ਘਰ ਛਡ ਕੇ ਉਸ ਨੋਜਵਾਨ ਨਾਲ ਨੱਸ ਗਈ।

੬੫