ਪੰਨਾ:ਰਾਜ ਕੁਮਾਰੀ.pdf/77

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਪ੍ਰੋਹਤ


ਰਾਜੇ ਨੇ ਭਗੀਰਥ ਨੂੰ ਕਿਹਾ, "ਮਿਤ੍ਰ! ਰਾਜ ਕੁਮਾਰੀ ਅਜੇ ਤਾਈਂ ਨਹੀਂ ਹਾਰੀ ਤੇ ਮੇਰੇ ਦਸ ਦਿਨ ਅਜਾਈਂ ਗਏ! ਚੰਗਾ ਹੁੰਦਾ ਜੇ ਤੂੰ ਆਪਣੀ ਕਹਾਣੀ ਏਨੀ ਸੰਖੇਪ ਨਾ ਕਰਦਾ, ਕਿਉਂ ਜੋ ਇਹ ਸ਼ੁਰੂ ਹੁੰਦਿਆਂ ਹੀ ਮੁਕ ਗਈ ਅਤੇ ਇਸ ਤਰ੍ਹਾਂ ਮੇਰੀ ਉਸ ਦੇ ਦਰਸ਼ਨਾਂ ਦੀ ਪਿਆਸ ਵੀ ਨਾ ਬੁਝੀ- ਉਸ ਪਿਆਸੇ ਮਨੁਸ਼ ਵਾਂਗ, ਜਿਸ ਨੂੰ ਥੋੜਾ ਜਿੰਨਾ ਪਾਣੀ ਮਿਲਿਆ ਹੋਵੇ ਤੇ ਉਸ ਦੀ ਪਿਆਸ ਨਾ ਮਿਟੀ ਹੋਵੇ। ਮੈਨੂੰ ਉਸ ਨੂੰ ਚੰਗੀ ਤਰ੍ਹਾਂ ਵੇਖਣ ਦਾ ਵੀ ਸਮਾਂ ਨਹੀਂ ਮਿਲਿਆ। ਮੇਰੇ ਮਿਤ੍ਰ! ਆਪਣੀਆਂ ਕਹਾਣੀਆਂ ਹੋਰ ਲੰਮੀਆਂ ਕਰਨ ਦੀ ਕੋਸ਼ਿਸ਼ ਕਰਿਆ ਕਰ, ਨਹੀਂ ਤਾਂ ਮੈਂ ਬਿਲਕੁਲ ਤਬਾਹ ਹੋ ਜਾਵਾਂਗਾ। ਹੁਣ ਮੈਨੂੰ ਇਸ ਮਾਮੂਲੀ ਜਹੀ ਤਸਵੀਰ ਦੇ ਸਹਾਰੇ, ਜਿਹੜੀ ਕਿ ਉਸ ਦੇ ਅਸਲੀ ਰੂਪ ਦੇ ਮੁਕਾਬਲੇ ਤੇ ਕੁਝ ਵੀ ਨਹੀਂ, ਵਿਯੋਗ ਦੀ ਇਕ ਹੋਰ ਰਾਤ ਕਟਣੀ ਪਵੇਗੀ।"

ਰਾਜੇ ਨੇ ਸਾਰੀ ਰਾਤ ਤਸਵੀਰ ਨੂੰ ਤਕਦਿਆਂ ਕਟ ਦਿਤੀ। ਦਿਨ ਦੀਆਂ ਘੜੀਆਂ ਭਗੀਰਥ ਨਾਲ ਬਾਗ਼ ਵਿਚ ਟਹਿਲਦਿਆਂ ਕਟੀਆਂ ਅਤੇ ਸ਼ਾਮ ਨੂੰ ਦੋਵੇਂ ਫਿਰ ਦਰਬਾਰ ਵਿਚ ਪੁਜੇ। ਰਾਜ ਕੁਮਾਰੀ ਪੂਰੀ ਸ਼ਾਨ ਨਾਲ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਪਿਆਰ-ਭਰੇ ਨੈਨਾਂ ਨਾਲ ਰਾਜੇ ਵਲ ਤਕਿਆ। ਰਾਜਾ ਉਸ ਦੀ ਸੁੰਦਰਤਾ ਵਿਚ ਲੀਨ ਹੋ ਇਕ ਸੰਦਲੀ ਤੇ ਬਹਿ ਗਿਆ ਤੇ ਉਸ ਵਲ ਵੇਖਣ ਲਗਾ। ਭਗੀਰਥ ਨੇ ਅਗੇ ਵਧ ਕੇ ਆਖਿਆ-

੭੪