ਸਮੱਗਰੀ 'ਤੇ ਜਾਓ

ਪੰਨਾ:ਰਾਜ ਕੁਮਾਰੀ.pdf/78

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਰਾਜ ਕੁਮਾਰੀ ਜੀ! ਇਕ ਰਾਜਾ ਸੀ, ਜਿਸ ਦੇ ਘਰ ਇਕ ਪ੍ਰੋਹਤ ਸੀ। ਇਹ ਪ੍ਰੋਹਤ ਇਕ ਹੋਰ ਪੁਰਸ਼ ਦੀ ਇਸਤਰੀ ਨੂੰ ਪਿਆਰ ਕਰਦਾ ਸੀ। ਉਹ ਇਸਤਰੀ ਬੜੀ ਚਲਾਕ ਸੀ ਅਤੇ ਉਸ ਦੇ ਪ੍ਰੇਮ ਦਾ ਜਵਾਬ ਪ੍ਰੇਮ ਨਾਲ ਦਿੰਦੀ ਸੀ, ਪਰ ਆਪਣੇ ਪਤੀ ਦੀ ਰੁਕਾਵਟ ਕਰ ਕੇ ਪ੍ਰੋਹਤ ਨੂੰ ਮਿਲ ਗਿਲ ਨਹੀਂ ਸੀ ਸਕਦੀ। ਜਦ ਪ੍ਰੋਹਤ ਨੇ ਵੇਖਿਆ ਕਿ ਇਸ ਤਰ੍ਹਾਂ ਦੋਵੇਂ ਮਿਲ ਨਹੀਂ ਸਕਦੇ ਤਾਂ ਉਸ ਨੇ ਉਸ ਦੇ ਪਤੀ ਨਾਲ ਮਿਤ੍ਰਤਾ ਗੰਢੀ ਅਤੇ ਉਸ ਤੇ ਬੜੀ ਦਯਾ ਕਰਨ ਲਗ ਪਿਆ।

"ਪ੍ਰੋਹਤ ਯੋਗ ਵਿਚ ਮਾਹਰ ਸੀ, ਇਸ ਲਈ ਉਸ ਨੇ ਉਸ ਦੇ ਪਤੀ ਤੇ ਆਪਣੀ ਦੋਸਤੀ ਦਾ ਚੰਗਾ ਅਸਰ ਪਾਇਆ ਅਤੇ ਇਕ ਦਿਨ ਉਸ ਨੂੰ ਕਹਿਣ ਲਗਾ, 'ਮੈਂ ਆਪਣੀ ਵਿਦਿਆ ਦੇ ਬਲ ਨਾਲ ਦੂਜਿਆਂ ਦੇ ਸਰੀਰ ਵਿਚ ਵੜ ਸਕਦਾ ਹਾਂ ਅਤੇ ਜੇ ਤੂੰ ਚਾਹੇਂ ਤਾਂ ਇਹ ਮੰਤਰ ਤੈਨੂੰ ਵੀ ਦੇ ਸਕਦਾ ਹਾਂ।'

"ਭੋਲਾ ਪਤੀ, ਜਿਸ ਨੂੰ ਉਸ ਦੇ ਭੈੜੇ ਮੰਤਵ ਦਾ ਪਤਾ ਨਹੀਂ ਸੀ, ਖ਼ੁਸ਼ੀ ਨਾਲ ਰਾਜ਼ੀ ਹੋ ਗਿਆ। ਇਕ ਦਿਨ ਉਹ ਪ੍ਰੋਹਤ ਉਸ ਨੂੰ ਮਰਘਟ ਤੇ ਲੈ ਗਿਆ ਤੇ ਮੰਤਰ ਪੜ੍ਹਨ ਲਗਾ। ਦੋਹਾਂ ਦੀਆਂ ਆਤਮਾਵਾਂ ਉਨ੍ਹਾਂ ਦੇ ਸਰੀਰਾਂ ਤੋਂ ਨਿਕਲ ਗਈਆਂ। ਪ੍ਰੋਹਤ ਝਟ ਉਸ ਪਤੀ ਦੇ ਸਰੀਰ ਵਿਚ ਵੜ ਗਿਆ ਅਤੇ ਆਪਣੀ ਚਾਲ ਦੀ ਸਫ਼ਲਤਾ ਤੇ ਖ਼ੁਸ਼ ਹੋ ਕੇ ਇਕ ਮਿੰਟ ਵੀ ਅਜਾਈਂ ਗਵਾਏ ਬਿਨਾਂ ਆਪਣੀ ਪ੍ਰੇਮਕਾ ਦੇ ਘਰ ਵਲ ਭਜਾ।

"ਉਸ ਪਤੀ ਨੇ ਆਪਣੇ ਆਪ ਨੂੰ ਆਪਣੇ ਸਰੀਰ ਤੋਂ ਵਾਂਜਿਆਂ ਵੇਖ ਕੇ ਕਿਹਾ, 'ਹਾਏ ਮੈਂ ਬਰਬਾਦ ਹੋ ਗਿਆ।' ਪ੍ਰੰਤੂ ਕਰ ਉਹ ਕੁਝ ਨਹੀਂ ਸੀ ਸਕਦਾ। ਇਸ ਲਈ ਉਹ ਆਪਣੀ ਮਰਜ਼ੀ ਦੇ ਵਿਰੁਧ ਪ੍ਰੋਹਤ ਦੇ ਸਰੀਰ ਵਿਚ, ਜਿਹੜਾ ਕੋਲ ਹੀ ਪਿਆ ਸੀ, ਵੜ ਗਿਆ ਅਤੇ ਦੁਖੀ ਹੋ ਕੇ ਮਰਘਟ ਤੋਂ

੭੫