ਪੰਨਾ:ਰਾਜ ਕੁਮਾਰੀ.pdf/89

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਮ੍ਰਿਗ ਛਾਇਆ


ਰਾਜੇ ਨੇ ਭਗੀਰਥ ਨੂੰ ਕਿਹਾ, 'ਮਿਤ੍ਰ! ਜੇ ਮੈਂ ਪ੍ਰੇਮ ਤੇ ਲੋਭ ਨਾਲ ਅੰਨ੍ਹਾਂ ਨਹੀਂ ਤਾਂ ਮੈਨੂੰ ਪਰਤੱਖ ਦਿਸ ਰਿਹਾ ਹੈ ਕਿ ਰਾਜ ਕੁਮਾਰੀ ਮੇਰੇ ਤੇ ਦਯਾ ਕਰਨ ਦੀ ਚਾਹਵਾਨ ਹੈ, ਪਰ ਮੇਰੇ ਬਾਰਾਂ ਦਿਨ ਅਜਾਈਂ ਚਲੇ ਗਏ ਤੇ ਕੇਵਲ ਨੌਂ ਦਿਨ ਪਿਛੇ ਰਹਿ ਗਏ ਹਨ। ਵੇਖੀਂ ਭਗੀਰਥ! ਕਿਤੇ ਅਜਿਹਾ ਨਾ ਹੋਵੇ ਕਿ ਮੇਰੀ ਪ੍ਰੇਮਕਾ ਮੈਨੂੰ ਨਾ ਮਿਲੇ। ਹੁਣ ਤਾਂ ਇਹ ਤਸਵੀਰ ਵੀ ਮੈਨੂੰ ਤਸੱਲੀ ਨਹੀਂ ਦਿੰਦੀ। ਹੁਣ ਰਾਜ ਕੁਮਾਰੀ ਦਾ ਮੁਖੜਾ ਇਸ ਤਸਵੀਰ ਨਾਲ ਨਹੀਂ ਮਿਲਦਾ ਜਾਪਦਾ ਅਤੇ ਹੁਣ ਇਹ ਘ੍ਰਿਣਾ ਨਾਲ ਮੇਰੀ ਵਲ ਤਕਦੀ ਹੈ। ਪਰ ਰਾਜ ਕੁਮਾਰੀ ਆਪ ਮੇਰੇ ਵਲ ਪ੍ਰੇਮ-ਭਰੀਆਂ ਨਜ਼ਰਾਂ ਨਾਲ ਵੇਖਦੀ ਹੈ। ਪਤਾ ਨਹੀਂ ਇਸ ਤਸਵੀਰ ਨਾਲ ਮੈਂ ਵਿਯੋਗ ਦੀਆਂ ਘੜੀਆਂ ਕਿਸ ਤਰ੍ਹਾਂ ਪੂਰੀਆਂ ਕਰਾਂਗਾ!"

ਉਸ ਨੇ ਥਕਿਆਂ ਟੁਟਿਆਂ ਸਾਰੀ ਰਾਤ ਤਸਵੀਰ ਵੇਖ ਕੇ ਕਟੀ। ਦਿਨ ਭਗੀਰਥ ਨਾਲ ਗਲਾਂ ਬਾਤਾਂ ਵਿਚ ਲੰਘਿਆ ਤੇ ਸ਼ਾਮ ਨੂੰ ਦੋਵੇਂ ਦਰਬਾਰ ਵਿਚ ਪੁਜੇ। ਰਾਜ ਕੁਮਾਰੀ ਖਟੇ ਰੰਗ ਦੀ ਸਾੜ੍ਹੀ ਪਾਈ ਪੂਰੀ ਸ਼ਾਨ ਨਾਲ ਸਿਰ ਤੇ ਤਾਜ ਰਖੀ ਆਪਣੇ ਸਿੰਘਾਸਨ ਤੇ ਬਰਾਜਮਾਨ ਸੀ। ਉਸ ਨੇ ਨਸ਼ੀਲੇ ਨੈਨਾਂ ਨਾਲ ਮੁਸਕਰਾ ਕੇ ਰਾਜੇ ਵਲ ਵੇਖਿਆ। ਰਾਜਾ ਬਿਨ ਪੀਤੇ ਹੀ ਮਸਤੀ ਵਿਚ ਹਿਲੋਰੇ ਲੈਣ ਲਗਾ ਤੇ ਇਸੇ ਹਾਲਤ ਵਿਚ ਇਕ ਸੰਦਲੀ ਤੇ ਬੈਠ ਗਿਆ। ਭਗੀਰਥ ਨੇ ਅਗੇ ਵਧ ਕੇ ਆਖਿਆ-

੮੬