ਪੰਨਾ:ਰਾਜ ਕੁਮਾਰੀ.pdf/9

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੋਂ ਕਿ ਕਿਤੇ ਸ਼ਾਰਾ ਦੇਸ਼ ਔਰਤਾਂ ਤੋਂ ਖ਼ਾਲੀ ਹੀ ਨਾ ਹੋ ਜਾਵੇ, ਰਾਜੇ ਦੇ ਨੇੜੇ ਨੇੜੇ ਜਾਸੂਸ ਨੀਯਤ ਕਰ ਦਿਤੇ, ਜਿਹੜੇ ਉਸ ਦੇ ਅੱਗੇ ਅੱਗੇ ਦੌੜਦੇ ਅਤੇ ਤੀਵੀਆਂ ਨੂੰ ਉਸ ਦੇ ਰਾਹ ਤੋਂ ਹਟਾ ਦਿੰਦੇ। ਪਰ ਇਹ ਕੰਮ ਔਖਾ ਸੀ। ਤੀਵੀਆਂ ਦਾ ਕੰਮ ਦਰਿਆ ਦੇ ਵਹਿਣ ਵਾਲੇ ਪਾਸੇ ਤੋਂ ਉਲਟ ਚਲਣਾ ਹੈ। ਰਾਜੇ ਦੀ ਨਫ਼ਰਤ ਦੇ ਕਾਰਨ ਉਹ ਸਗੋਂ ਉਸ ਵਲ ਪਰਵਾਨੇ ਦੀ ਤਰ੍ਹਾਂ ਖਿੱਚੀਆਂ ਜਾਂਦੀਆਂ ਸਨ। ਭੌਰੇ ਨੂੰ ਫੁੱਲ ਕੋਲ ਤੇ ਚਕੋਰ ਨੂੰ ਚੰਨ ਕੋਲ ਜਾਣੋਂ ਭਲਾ ਕੌਣ ਰੋਕੇ!

ਇਕ ਦਿਨ ਰਾਜਧਾਨੀ ਦੇ ਕੇਂਦਰ ਵਿਚ ਇਕ ਚਿਤਰਕਾਰ ਆ ਨਿਕਲਿਆ। ਉਸ ਨੇ ਸ਼ਹਿਰ ਵਿਚ ਪੈਰ ਪਾਂਦਿਆਂ ਹੀ ਇਧਰੋਂ ਉਧਰੋਂ ਪੁਛਣਾ ਸ਼ੁਰੂ ਕਰ ਦਿਤਾ ਕਿ ਇਥੋਂ ਦੀਆਂ ਖ਼ਾਸ ਖ਼ਾਸ ਚੀਜ਼ਾਂ ਕਿਹੜੀਆਂ ਹਨ। ਲੋਕਾਂ ਨੇ ਦਸਿਆ ਕਿ ਸਭ ਤੋਂ ਵੱਡਾ ਅਜੂਬਾ ਤਾਂ ਉਨ੍ਹਾਂ ਦਾ ਮਹਾਰਾਜਾ ਹੈ। ਗੱਦੀ ਦਾ ਮਾਲਕ ਹੈ, ਪਰ ਇਸਤਰੀ ਵਲ ਵੇਖਣਾ ਵੀ ਬਰਦਾਸ਼ਤ ਨਹੀਂ ਕਰ ਸਕਦਾ। ਤੀਵੀਂ ਤੋਂ ਇਸ ਤਰ੍ਹਾਂ ਦੁਰ ਰਹਿੰਦਾ ਹੈ ਜਿਸ ਤਰ੍ਹਾਂ ਤਾਊਸ ਤੋਂ ਨਾਗ, ਤੇ ਹੈ ਆਪ ਸੁੰਦਰਤਾ ਦੇ ਦੇਵਤੇ ਦਾ ਅਵਤਾਰ।

ਚਿਤਰਕਾਰ ਇਹ ਸਭ ਕੁਝ ਸ਼ਾਂਤ ਸੁਭਾਵ ਨਾਲ ਸੁਣਦਾ ਰਿਹਾ। ਅਖ਼ੀਰ ਉਹ ਹਸ ਪਿਆ ਤੇ ਕਹਿਣ ਲਗਾ, "ਜੇ ਤੁਹਾਡੇ ਰਾਜੇ ਦਾ ਦਿਲ ਲੋਹੇ ਦਾ ਹੈ ਤਾਂ ਮੇਰੇ ਕੋਲ ਵੀ ਮਿਕਨਾਤੀਸ ਹੈ।" ਇਹ ਗੱਲ ਵਜ਼ੀਰਾਂ ਦੇ ਕਿਸੇ ਜਾਸੂਸ ਦੇ ਕੰਨੀਂ ਜਾ ਪਈ। ਉਹ ਉਥੋਂ ਭੱਜਾ ਭੱਜਾ ਵਜ਼ੀਰਾਂ ਕੋਲ ਗਿਆ ਤੇ ਉਨ੍ਹਾਂ ਨੂੰ ਇਸ ਗੱਲ ਦੀ ਖ਼ਬਰ ਕੀਤੀ।

ਵਜ਼ੀਰਾਂ ਨੇ ਝਟ ਉਸ ਚਿਤਰਕਾਰ ਨੂੰ ਬੁਲਾ ਭੇਜਿਆ। ਉਸ ਨਾਲ ਸਵਾਲ ਜਵਾਬ ਕੀਤੇ, ਉਸ ਨੂੰ ਸਾਰੇ ਹਾਲਾਤ ਦਸੇ ਤੇ ਨਾਲੇ ਉਸ ਨੂੰ ਨਿਸਚਾ ਦਵਾਇਆ ਕਿ ਜੇ ਉਹ ਉਨ੍ਹਾਂ ਦੀ ਗੁੰਝਲ ਦਾ ਕੋਈ ਚੰਗਾ ਹੱਲ ਲੱਭ ਦੇਵੇ ਤਾਂ ਉਹ ਉਸ ਨੂੰ ਇਨਾਮ ਦੇਣਗੇ।

੧੧