ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/100

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਫ਼ਤਰ ਵਿੱਚ ਚਾਹੇ ਇੱਕ ਕਲਰਕ ਦੀ ਨੌਕਰੀ ਸੀ, ਪਰ ਉਹਨਾਂ ਨੂੰ ਉਤਲੀ ਆਮਦਨ ਬੇਥਾਹ ਸੀ। ਅਫ਼ਵਾਹ ਯਕੀਨ ਵਿੱਚ ਬਦਲ ਗਈ। ਮੈਨੂੰ ਅਫ਼ਸੋਸ ਹੋਇਆ। ਜਿਵੇਂ ਮੇਰਾ ਕਾਲਜਾ ਕਿਸੇ ਨੇ ਛੁਰੀ ਫੜ ਕੇ ਖੱਖੜੀ-ਖੱਖੜੀ ਕਰ ਦਿੱਤਾ ਹੋਵੇ।

ਹੁਣ ਮੈਨੂੰ ਤੇਰੀ ਕੋਈ ਉਡੀਕ ਨਹੀਂ ਸੀ। ਪਰ ਦਿਲ ਦੇ ਕਿਸੇ ਖੂੰਜੇ ਇੱਕ ਕੰਡਾ ਜ਼ਰੂਰ ਚੁਭ ਗਿਆ ਸੀ। ਤੈਨੂੰ ਕਦੇ ਪੁੱਛਾਂ ਤਾਂ ਸਹੀ ਕਿ ਰਾਜਪੁਰਾ ਕਾਲੋਨੀ ਦੇ ਉਸ ਚੁਬਾਰੇ ਵਿੱਚ ਨਿੱਤ ਦੁਹਰਾਈਂਦਾ ਤੇਰਾ ਉਹ ਇਕਰਾਰ ਕਿੱਧਰ ਗਿਆ। ਮੈਨੂੰ ਪਤਾ ਸੀ, ਤੇਰੇ ਕੋਲ ਇਸ ਸਵਾਲ ਦਾ ਕੋਈ ਜਵਾਬ ਨਹੀਂ ਹੋਵੇਗਾ। ਤੂੰ ਸਿਰਫ਼ ਮੁਸਕਰਾਏਂਗੀ ਹੀ।

ਮੇਰਾ ਹੁਣ ਬੀ.ਐੱਡ. ਦੀ ਪੜ੍ਹਾਈ ਵਿੱਚ ਦਿਲ ਲੱਗਦਾ। ਜ਼ਿੰਦਗੀ ਦੇ ਸਫ਼ਰ ਵਿੱਚ ਕੋਈ ਨਾਲ ਨਹੀਂ ਤੁਰ ਸਕਿਆ ਤਾਂ ਨਾ ਸਹੀ, ਸਫ਼ਰ ਜਾਰੀ ਰਹਿਣਾ ਚਾਹੀਦਾ ਹੈ। ਕਿਸੇ ਮੋੜ ਉੱਤੇ ਕੋਈ ਹੋਰ ਸਾਥੀ ਮਿਲ ਜਾਏਗਾ।

ਬੀ.ਐੱਡ. ਮੈਂ ਕਰ ਲਈ। ਦੋ-ਤਿੰਨ ਸਾਲ ਧੱਕੇ ਖਾ ਕੇ ਸਰਵਿਸ ਵੀ ਮਿਲ ਗਈ ਤੇ ਫਿਰ ਮੇਰਾ ਵਿਆਹ ਵੀ ਹੋ ਗਿਆ। ਪਹਿਲਾਂ ਦੋ ਕੁੜੀਆਂ ਹੋਈਆਂ, ਫਿਰ ਇੱਕ ਮੁੰਡਾ। ਮੇਰੀ ਜ਼ਨਾਨੀ ਦਸ ਜਮਾਤਾਂ ਪਾਸ ਸੀ। ਮਾਂ ਨਹੀਂ ਸੀ, ਘਰ ਵਿੱਚ ਕਿਸੇ ਔਰਤ ਦੀ ਲੋੜ ਸੀ, ਪੂਰੀ ਹੋ ਗਈ। ਵਾਹਵਾ ਗੁਜ਼ਾਰਾ ਚੱਲਦਾ। ਘੱਟੋ-ਘੱਟ ਆਪਣੇ ਬਾਪ ਬਰਾਬਰ ਤਾਂ ਹੋ ਹੀ ਗਿਆ ਸਾਂ। ਉਹ ਚੌਕ ਵਿੱਚ ਰੇੜ੍ਹੀ ਲਾ ਕੇ ਆਲੂ-ਗੰਡੇ ਵੇਚਦਾ ਹੁੰਦਾ। ਪਿੰਡ ਦੀ ਜ਼ਮੀਨ ਪਾਣੀ ਨੇ ਮਾਰ ਦਿੱਤੀ। ਸੋ ਉਹ ਇਸ ਸ਼ਹਿਰ ਵਿੱਚ ਆ ਕੇ ਇਹ ਧੰਦਾ ਕਰਨ ਲੱਗਿਆ ਸੀ। ਫਿਰ ਬਾਪ ਜਦੋਂ ਬੁੱਢਾ ਹੋ ਗਿਆ, ਉਹਤੋਂ ਇਹ ਕੰਮ ਹੁੰਦਾ ਨਹੀਂ ਸੀ। ਉਹ ਖ਼ੁਸ਼ ਸੀ ਕਿ ਮੈਂ ਘਰ ਦੀ ਕਬੀਲਦਾਰੀ ਨੂੰ ਓਵੇਂ ਜਿਵੇਂ ਸੰਭਾਲ ਲਿਆ ਹੈ। ਛੋਟੇ ਭਰਾ ਨੂੰ ਵੀ ਕੰਮ ਵਿੱਚ ਪਾ ਦਿੱਤਾ ਹੈ। ਮੈਂ ਉਸ ਨੂੰ ਵੀ ਵਿਆਹ ਲਿਆ ਹੈ। ਇੱਕ ਤਰ੍ਹਾਂ ਨਾਲ ਬਰਾਬਰ ਦਾ ਹੀ ਕਰ ਲਿਆ ਹੈ। ਸਾਡੇ ਘਰ ਵਿੱਚ ਰੇੜ੍ਹੀ ਦਾ ਕੰਮ ਚਾਹੇ ਹੁਣ ਕੋਈ ਨਹੀਂ ਕਰਦਾ, ਪਰ ਸਾਡੇ ਘਰ ਨੂੰ ਕਹਿੰਦੇ ਅਜੇ ਤੱਕ ਵੀ ਨੇ-ਨਰੈਣ ਸਿੰਘ ਰੇੜ੍ਹੀ ਵਾਲੇ ਦਾ ਘਰ।

ਹੁਣ ਤਾਂ ਬਸ ਇੱਕੋ ਤਮੰਨਾ ਹੈ। ਤਿੰਨੇ ਮੁੰਡੇ-ਕੁੜੀਆਂ ਨੂੰ ਚੰਗਾ ਪੜ੍ਹਾ-ਲਿਖਾ ਲਵਾਂ ਤੇ ਫਿਰ ਚੰਗੇ ਕੰਮਾਂ ਉੱਤੇ ਲਵਾ ਕੇ ਉਹਨਾਂ ਨੂੰ ਚੰਗੇ ਘਰੀਂ ਵਿਆਹ ਦੇਵਾਂ। ਛੋਟੇ ਭਰਾ ਦੀ ਕਬੀਲਦਾਰੀ ਵੀ ਖਿੰਡਣ ਲੱਗੀ ਹੈ। ਘਰ ਛੋਟਾ ਹੈ, ਪਰ ਏਸੇ ਘਰ ਵਿੱਚ ਦੋਵੇਂ ਟੱਬਰਾਂ ਦਾ ਗੁਜ਼ਾਰਾ ਜਿਵੇਂ-ਕਿਵੇਂ ਹੋ ਰਿਹਾ ਹੈ। ਦਿਲ ਕਰਦਾ ਹੈ, ਸੱਤਰ ਅੱਸੀ ਹਜ਼ਾਰ ਰੁਪਿਆ ਕੋਲ ਹੋਵੇ ਤਾਂ ਸ਼ਹਿਰੋਂ ਬਾਹਰ ਕਿਸੇ ਨਵੀਂ ਕਾਲੋਨੀ ਵਿੱਚ ਕੋਈ ਛੋਟਾ ਮੋਟਾ ਪਲਾਟ ਲੈ ਕੇ ਵਧੀਆ ਮਕਾਨ ਪਾਵਾਂ। ਇੱਕ ਜੀਅ ਕਰਦਾ ਹੈ ਮਹਿਕਮੇ ਤੋਂ ਕਰਜ਼ਾ ਵੀ ਕਢਵਾ ਲਵਾਂ। ਪਰ ਖ਼ੈਰ ...ਦੇਖੋ।

ਕਦੇ-ਕਦੇ ਤੇਰੀ ਮਾਂ ਮਿਲਦੀ ਹੈ ਤਾਂ ਮੋਹ ਜਿਹਾ ਦਿਖਾਉਂਦੀ ਹੈ। ਸ਼ਾਇਦ ਇਸ ਕਰਕੇ ਕਿ ਮੈਂ ਤੇਰੇ ਨਾਲ ਪੜ੍ਹਦਾ ਰਿਹਾ ਹਾਂ। ਮੈਨੂੰ ਆਪਣੀ ਧੀ ਦੀ ਖ਼ੁਸ਼ੀ ਦੱਸ ਕੇ ਉਹ ਕਿੰਨੀ ਖ਼ੁਸ਼ ਹੁੰਦੀ ਹੈ। ਦੱਸਿਆ ਹੈ, ਤੁਸੀਂ ਚੰਡੀਗੜ੍ਹ ਹੀ ਇਕ ਬਣੀ-ਬਣਾਈ ਕੋਠੀ ਡੇਢ ਲੱਖ ਰੁਪਏ ਵਿੱਚ ਮੁੱਲ ਲੈ ਲਈ ਹੈ। ਤੇਰੇ ਦੋਵੇਂ ਮੁੰਡੇ ਸ਼ਿਮਲੇ ਪੜ੍ਹਦੇ ਹਨ। ਤੇਰੇ ਬਾਰੇ ਮੈਂ ਸੁਣਦਾ ਹਾਂ ਤਾਂ ਚੁੱਪ ਹੋ ਜਾਂਦਾ ਹਾਂ। ਨਾ ਮੈਨੂੰ ਕੋਈ ਖ਼ੁਸ਼ੀ ਹੁੰਦੀ ਹੈ, ਨਾ ਅਫ਼ਸੋਸ।

100

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ