ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/101

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅਫ਼ਸੋਸ ਤਾਂ ਮੈਨੂੰ ਓਦੋਂ ਵੀ ਕੋਈ ਨਹੀਂ ਹੁੰਦਾ, ਜਦੋਂ ਕਦੇ ਤੂੰ ਏਥੇ ਪਟਿਆਲੇ ਆਉਂਦੀ ਹੈਂ ਤੇ ਦੋ ਦੋ, ਚਾਰ ਚਾਰ ਰਾਤਾਂ ਵੀ ਕੱਟ ਜਾਂਦੀ ਹੈਂ, ਪਰ ਇੱਕ ਦਿਨ ਵੀ ਕਦੇ ਮੈਨੂੰ ਘਰ ਮਿਲਣ ਨਹੀਂ ਆਈ। ਆਵੇਂ ਵੀ ਕਿਉਂ, ਹੁਣ ਤੂੰ ਮੈਥੋਂ ਕੀ ਲੈਣਾ ਹੈ? ਮੈਂ ਤੇਰਾ ਕੀ ਲੱਗਦਾ ਹਾਂ ਆਖ਼ਰ?

ਤੇਰੇ ਨਾਲ ਭਾਵੁਕ ਸਾਂਝ ਰਹੀ ਹੈ, ਇਸ ਕਰਕੇ ਮੈਨੂੰ ਮੇਰੇ ਧੁਰ ਅੰਦਰ ਕਿਧਰੇ ਇੱਕ ਤਸੱਲੀ ਜਿਹੀ ਜ਼ਰੂਰ ਹੈ ਕਿ ਤੂੰ ਠੀਕ ਫ਼ੈਸਲਾ ਕੀਤਾ। ਇਹ ਫ਼ੈਸਲਾ ਕਰਨ ਵੇਲੇ ਜ਼ਰੂਰ ਤੇਰੇ ਮਨ ਵਿੱਚ ਆਰਥਿਕਤਾ ਦਾ ਸਵਾਲ ਪੈਦਾ ਹੋਇਆ ਹੋਵੇਗਾ। ਮਾਡਰਨ ਜਿਹੀ ਤਾਂ ਤੂੰ ਮੁੱਢੋਂ ਹੀ ਸੀ। ਗੱਲਾਂ ਵੀ ਅਜਿਹੀਆਂ ਹੀ ਕਰਦੀ ਹੁੰਦੀ। ਹੁਣ ਮੇਜਰ ਪਤੀ ਦੀ ਘਰ ਵਾਲੀ ਹੈਂ। ਮੌਸਮ ਨੇ ਤਾਂ ਗੁਜ਼ਰ ਹੀ ਜਾਣਾ ਹੁੰਦਾ ਹੈ। ਜ਼ਿੰਦਗੀ ਹੋਰ ਚੀਜ਼ ਐ। ਮੌਸਮ ਦੀਆਂ ਜ਼ਰਬਾਂ ਜਮ੍ਹਾਂ ਦਾ ਹਾਸਲ।

ਬਸ ਇਕ ਆਖ਼ਰੀ ਗੱਲ ... ਮੱਧ-ਵਰਗੀ ਪਰਿਵਾਰ ਵਿੱਚ ਤੰਗੀਆਂ-ਤੁਰਸ਼ੀਆਂ ਕੌਣ ਨਹੀਂ ਭੋਗਦਾ। ਪਤੀ-ਪਤਨੀ ਜਦੋਂ ਕਿਸੇ ਗੱਲ ਨੂੰ ਲੈ ਕੇ ਖਹਿਬੜ ਪਈਏ ਤਾਂ ਮੈਨੂੰ ਤੂੰ ਯਾਦ ਆਉਂਦੀ ਹੈਂ। ਅਸੀਂ ਤੈਸ਼ ਵਿੱਚ ਆ ਕੇ ਪਤੀ-ਪਤਨੀ ਕਿਸੇ ਨੂੰ ਕਿੰਨਾ ਕੁਝ ਆਖ ਜਾਈਏ, ਪਰ ਅਖ਼ੀਰ ਸ਼ਾਂਤੀ ਵਾਪਰ ਜਾਣ ਉੱਤੇ ਮੇਰੀ ਪਤਨੀ ਇੰਝ ਵਰਤਾਓ ਕਰਨ ਲੱਗਦੀ ਹੈ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਫਿਰ ਵੀ ਇੱਕ ਚੋਭ ਜਿਹੀ ਦੋਵਾਂ ਦੇ ਮਨ ਸਮਾਈ ਰਹਿੰਦੀ ਹੈ ਕਿ ਅਸੀਂ ਘਰ ਦੀਆਂ ਥੁੜਾਂ-ਲੋੜਾਂ ਕਰਕੇ ਹੀ ਕਲੇਸ਼ ਪਾ ਬੈਠਦੇ ਹਾਂ। ਤੂੰ ਯਾਦ ਆਉਂਦੀ ਹੈਂ ਤਾਂ ਤਸੱਲੀ ਹੁੰਦੀ ਹੈ ਕਿ ਤੂੰ ਠੀਕ ਫ਼ੈਸਲਾ ਕੀਤਾ। ਇਸ ਘਰ ਦੀ ਤਾਂ ਇਹੀ ਹਾਲਤ ਰਹਿਣੀ ਸੀ। ਮੇਰੀ ਪਤਨੀ ਦੀ ਥਾਂ ਤੂੰ ਹੁੰਦੀ ਤਾਂ ਕਿੰਨੀ ਔਖੀ ਰਹਿੰਦੀ। ਤੂੰ ਚੰਗਾ ਕੀਤਾ, ਤੈਨੂੰ ਥੁੜਾਂ-ਲੋੜਾਂ ਦਾ ਸਾਹਮਣਾ ਨਹੀਂ ਕਰਨਾ ਪਿਆ।◆

ਫ਼ੈਸਲਾ

101