ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/102

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਸ੍ਹਾਬੋ

ਇਹ ਜੋ ਮੁੰਨੇ ਸਿਰ ਵਾਲੀ ਬੁਢੀ ਔਰਤ ਧਰਮਸ਼ਾਲਾ ਦੀ ਚੌਕੜੀ ਉੱਤੇ ਬੈਠੀ ਸੁੱਕੇ ਕਾਨੇ ਨੂੰ ਦੋਹਾਂ ਹੱਥਾਂ ਵਿੱਚ ਪੂਣੀ ਵਾਂਗ ਵੱਟ ਰਹੀ ਹੈ, ਸ੍ਹਾਬੋ ਹੈ-ਸਾਹਿਬ ਕੌਰ। ਬੈਠੀ ਦੇਖੋ, ਜਿਵੇਂ ਕੋਈ ਦੇਵੀ ਹੋਵੇ। ਜੁਆਨੀ ਦੀ ਉਮਰ ਵਿੱਚ ਕਿੰਨੀ ਚੜ੍ਹਤ ਸੀ ਸ੍ਹਾਬੋ ਦੀ। ਰੰਗ ਸਾਂਵਲਾ, ਤਿੱਖਾ ਨੱਕ, ਅੱਖਾਂ ਆਂਡੇ ਵਰਗੀਆਂ, ਕੱਦ ਲੰਮਾ ਤੇ ਭਰਵਾਂ। ਜਿੱਥੋਂ ਦੀ ਲੰਘਦੀ, ਕੰਧਾਂ ਕੰਬਦੀਆਂ ਤੇ ਧਰਤੀ ਨਿਉਂ-ਨਿਉਂ ਜਾਂਦੀ। ਕਮਜ਼ੋਰ ਦਿਲ ਬੰਦਾ ਸ੍ਹਾਬੋ ਦੇ ਸੇਕ ਤੋਂ ਡਰਦਾ ਉਹਦੇ ਨੇੜੇ ਨਹੀਂ ਢੁੱਕ ਸਕਦਾ ਸੀ, ਗੱਲ ਕਰਨ ਲੱਗੇ ਦੀ ਜੀਭ ਠਾਕੀ ਜਾਂਦੀ।

ਠਾਣਾ ਸਿੰਘ ਦੇ ਗੇੜ ਵਿੱਚ ਉਹ ਪਤਾ ਨਹੀਂ ਕਿਵੇਂ ਆ ਗਈ ਤੇ ਫਿਰ ਠਾਣਾ ਸਿੰਘ ਦੀ ਹੋ ਕੇ ਹੀ ਰਹਿ ਗਈ। ਆਪਣੇ ਪਤੀ ਪਾਲਾ ਸਿੰਘ ਦਾ ਘਰ-ਬਾਰ ਛੱਡਿਆ ਤੇ ਠਾਣਾ ਸਿੰਘ ਦੀ ਹਵੇਲੀ ਆ ਬੈਠੀ। ਦੋ ਜੁਆਕ ਵੀ ਛੱਡ ਆਈ, ਇੱਕ ਕੁੜੀ, ਇੱਕ ਮੁੰਡਾ। ਨਿੱਕੇ-ਨਿੱਕੇ ਸਨ। ਮੁੰਡਾ ਸੱਤ-ਅੱਠ ਸਾਲ ਦਾ ਤੇ ਕੁੜੀ ਚਾਰ-ਪੰਜ ਵਰ੍ਹਿਆਂ ਦੀ। ਮੁਕੱਦਮਾ ਚੱਲਿਆ, ਜੱਜ ਨੇ ਫ਼ੈਸਲਾ ਦਿੱਤਾ ਕਿ ਸਾਹਿਬ ਕੌਰ ਰਹੇਗੀ ਤਾਂ ਠਾਣਾ ਸਿੰਘ ਦੇ ਘਰ ਹੀ, ਪਰ ਉਹ ਸਾਰੀ ਉਮਰ ਪਿੰਡ ਦੀ ਜੂਹ ਤੋਂ ਬਾਹਰ ਰਹਿਣਗੇ।

ਜਦੋਂ ਠਾਣਾ ਸਿੰਘ ਸ੍ਹਾਬੋ ਨੂੰ ਬਾਹਰ ਅੰਦਰ ਕਿਧਰੇ ਹਨੇਰੇ ਵਿੱਚ ਮਿਲਦਾ ਸੀ ਤਾਂ ਪਿੰਡ ਵਿੱਚ ਚਰਚਾ ਤਾਂ ਹੈਗੀ ਹੀ ਸੀ, ਉਹਦੀ ਆਪਣੀ ਤੀਵੀਂ ਵੀ ਉਹਦੇ ਨਾਲ ਕਲੇਸ਼ ਰੱਖਦੀ। ਉਹਨੂੰ ਉਹ ਮਾਰਦਾ ਕੁੱਟਦਾ। ਉਹਦਾ ਕੋਈ ਨਹੀਂ ਸੀ, ਨਾ ਮਾਂ-ਬਾਪ ਤੇ ਨਾ ਕੋਈ ਭੈਣ-ਭਰਾ। ਨਾਨਕਿਆਂ ਨੇ ਪਾਲ਼ੀ ਸੀ, ਨਾਨਕਿਆਂ ਨੇ ਹੀ ਵਿਆਹ ਕੀਤਾ। ਵਿਆਹ ਵੀ ਕੀ ਕੀਤਾ, ਇੱਕ ਤਰ੍ਹਾਂ ਨਾਲ ਬਸ ਸਿਰ ਗੁੰਦ ਦਿੱਤਾ। ਠਾਣਾ ਸਿੰਘ ਦੇ ਦਿਮਾਗ਼ ਨੂੰ ਸ੍ਹਾਬੋ ਪੋਸਤ ਦੇ ਨਸ਼ੇ ਵਾਂਗ ਚੜ੍ਹੀ ਰਹਿੰਦੀ। ਉਹਨੇ ਆਪਣੀ ਤੀਵੀਂ ਵੇਚ ਦਿੱਤੀ। ਗੋਦੀ ਮੁੰਡਾ ਸੀ, ਉਹ ਵੀ ਨਾਲ ਹੀ ਤੋਰ ਦਿੱਤਾ।

ਸਾਰਾ ਪਿੰਡ ਮੂੰਹ ਵਿੱਚ ਉਂਗਲਾਂ ਪਾਉਂਦਾ। ਲੋਕ ਦੋਵਾਂ ਨੂੰ ਫਿਟ ਲਾਹਣਤਾਂ ਦਿੰਦੇ-'ਊਂ' ਖੇਹ ਖਾਂਦੇ ਰਹਿੰਦੇ, ਘਰ ਨ੍ਹੀਂ ਸੀ ਤਿਆਗ਼ਣੇ ਪੱਟੇ ਵਿਆਂ ਨੇ। ਇਹਨਾਂ ਦਾ ਕਿਤੇ ਭਲਾ ਨ੍ਹੀਂ ਹੋਊਂ।"

ਸ੍ਹਾਬੋ ਨੂੰ ਆਖਦੇ-"ਪਾਲਾ ਸੂੰ ਦੇਵਤਾ ਬੰਦਾ ਸੀ, ਕਬੂਤਰੀਆਂ ਵਰਗੇ ਮੁੰਡਾ ਕੁੜੀ, ਕੁੱਤੀ ਜ਼ਾਤ ਔਹ ਗਈ ਸਾਰਾ ਛੱਡ ਕੇ।"

ਠਾਣਾ ਸਿੰਘ ਦੀ ਅਕਲ 'ਤੇ ਸਭ ਹੈਰਾਨ- ‘ਆਵਦੀ ਤੀਮੀਂ ਵੀ ਜਾਰ ਵੇਚੀ ਐ ਕਿਸੇ ਨੇ ਧਰਤੀ ਦੀ ਕੰਡ 'ਤੇ, ਪਿਓ ਦਾਦੇ ਦੀ ਸਹੇੜ, ਇਹ ਠਾਣਾ ਸਾਲ਼ਾ ਬੰਦਾ ਐ ਜਾਂ ਕਸਾਈ?"

102

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ