ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/103

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਪੰਜ-ਸੱਤ ਸਾਲ ਉਹ ਦੂਰ ਦੇ ਇੱਕ ਪਿੰਡ ਵਿੱਚ ਰਹੇ। ਠਾਣਾ ਸਿੰਘ ਨੇ ਉੱਥੇ ਸ਼ਰਾਬ ਦਾ ਠੇਕਾ ਲੈ ਰੱਖਿਆ ਸੀ। ਹਰ ਸਾਲ ਉਸ ਪਿੰਡ ਦਾ ਠੇਕਾ ਕਿਸੇ ਦੇ ਵੀ ਨਾਉਂ ਟੁੱਟਦਾ, ਉਹ ਵਿੱਚ ਦੁਆਨੀ ਪੱਤੀ ਪਾ ਕੇ ਠੇਕੇ ਉੱਤੇ ਆ ਬੈਠਦਾ। ਕੰਮ ਦਾ ਪੂਰਾ ਕਰਿੰਦਾ ਸੀ ਤੇ ਈਮਾਨਦਾਰ ਵੀ। ਹਿੱਸੇਦਾਰਾਂ ਨੂੰ ਪਾਈ-ਪਾਈ ਦਾ ਹਿਸਾਬ ਦਿੰਦਾ। ਸ੍ਹਾਬੋ ਦੇ ਕੋਈ ਹੋਰ ਜੁਆਕ ਨਹੀਂ ਹੋਇਆ ਸੀ। ਠਾਣਾ ਸਿੰਘ ਕੋਈ ਔਲਾਦ ਚਾਹੁੰਦਾ ਵੀ ਨਹੀਂ ਸੀ। ਉਹਦੇ ਲਈ ਤਾਂ ਮੌਜ-ਮੇਲਾ ਹੀ ਸਭ ਕੁਝ ਸੀ। ਉੱਥੇ ਜਾ ਕੇ ਉਹਨੇ ਸ੍ਹਾਬੋ ਨੂੰ ਵੀ ਦਾਰੂ ਪੀਣ ਲਾ ਲਿਆ। ਆਥਣ ਵੇਲੇ ਉਹ ਰੋਟੀ ਪਕਾ ਰਹੀ ਹੁੰਦੀ, ਠਾਣਾ ਦੋ-ਤਿੰਨ ਪੈੱਗ ਮਾਰ ਕੇ ਜਦੋਂ ਪੂਰੇ ਲੋਰ ਵਿੱਚ ਆ ਜਾਂਦਾ ਤਾਂ ਇੱਕ ਛੋਟਾ ਪੈੱਗ ਬਣਾ ਕੇ ਸ੍ਹਾਬੋ ਨੂੰ ਵੀ ਦੇ ਦਿੰਦਾ। ਆਖਦਾ- "ਲੈ, ਐਨੀ ਕੁ ਦਾ ਤਾਂ ਕੋਈ ਡਰ ਨ੍ਹੀਂ।' ਤੇਰਾ ਪਾਲ਼ਾ ਉਤਰਜੂਗਾ। ਐਵੇਂ ਧੁੜਧੁੜੀਆਂ ਜੀਆਂ ਲਈ ਜਾਨੀ ਐਂ।"

ਫਿਰ ਉਹ ਆਪਣੇ ਪਿੰਡ ਦੇ ਨੇੜੇ ਹੀ ਇਕ ਪਿੰਡ ਆ ਕੇ ਰਹਿਣ ਲੱਗੇ। ਇਸ ਪਿੰਡ ਉਹਨੇ ਇੱਟਾਂ ਦੇ ਭੱਠੇ ਵਿੱਚ ਆਪਣਾ ਹਿੱਸਾ ਪਾ ਲਿਆ ਸੀ। ਇਹ ਪਿੰਡ ਉਹਦੇ ਪਿੰਡ ਤੋਂ ਤਿੰਨ ਕੁ ਮੀਲ ਹੀ ਪੈਂਦਾ ਸੀ। ਉਹ ਤੀਜੇ ਚੌਥੇ ਦਿਨ ਹੀ ਆਪਣੇ ਪਿੰਡ ਗੇੜਾ ਮਾਰ ਜਾਂਦਾ। ਆਪਣੇ ਅਗਵਾੜ ਦੇ ਬੰਦਿਆਂ ਨਾਲ ਗੱਲਾਂ ਕਰਦਾ। ਇੱਕ ਦਿਨ ਸ੍ਹਾਬੋ ਵੀ ਆਈ ਤੇ ਫਿਰ ਉਹ ਪੰਦਰਵੇਂ-ਵੀਹਵੀਂ ਦਿਨ ਹੀ ਆਉਣ ਲੱਗੀ। ਕਦੇ ਰੂੰ ਪਿੰਜਵਾ ਕੇ ਲਿਜਾ ਰਹੀ ਹੈ। ਕਦੇ ਕੋਈ ਸੌਦਾ-ਪੱਤਾ, ਅਖੇ-ਇਹ ਉੱਥੇ ਕਿਸੇ ਦੀ ਹੱਟ 'ਤੇ ਹੈ ਨ੍ਹੀਂ ਸੀ। ਜਦੋਂ ਉਹ ਆਉਂਦੀ, ਅਗਵਾੜ ਦੀਆਂ ਤੀਵੀਆਂ ਉਹਦੇ ਨੇੜੇ ਢੁੱਕ-ਢੁੱਕ ਬੈਠਦੀਆਂ। ਗੱਲੀਂ-ਗੱਲੀਂ ਉਹਦਾ ਸਾਰਾ ਭੇਤ-ਛੇਤ ਲੈਂਦੀਆਂ। ਸ੍ਹਾਬੋ ਵੀ ਪਿੰਡ ਦਾ ਭੇਤ ਲੈਣ ਹੀ ਆਉਂਦੀ ਹੁੰਦੀ। ਤੀਵੀਆਂ ਓਦੂੰ ਚਾਲਾਕ ਸ੍ਹਾਬੋ ਓਦੂੰ ਚਾਲਾਕ।

ਇਸ ਨੇੜੇ ਦੇ ਪਿੰਡ ਉਹ ਦੋ ਸਾਲ ਹੀ ਰਹੇ ਤੇ ਫਿਰ ਆਪਣੇ ਪਿੰਡ ਸ੍ਹਾਬੋ ਨੂੰ ਲਿਆ ਕੇ ਠਾਣਾ ਸਿੰਘ ਆਪਣੀ ਹਵੇਲੀ ਵਿੱਚ ਬੇਧੜਕ ਰਹਿਣ ਲੱਗਿਆ। ਓਦੋਂ ਤੱਕ ਦੇਸ਼ ਆਜ਼ਾਦ ਹੋ ਚੁੱਕਿਆ ਸੀ। ਰਾਜਿਆਂ ਵੇਲੇ ਦੇ ਕਾਨੂੰਨਾਂ ਨੂੰ ਹੁਣ ਕੌਣ ਗੌਲ਼ਦਾ ਸੀ ਤੇ ਨਾਲੇ ਉਹਨਾਂ ਗੱਲਾਂ ਨੂੰ ਨੌਂ-ਦਸ ਸਾਲ ਬੀਤ ਚੁੱਕੇ ਸਨ। ਦਸ ਸਾਲ ਤਾਂ ਬਹੁਤ ਹੁੰਦੇ ਹਨ। ਦਸਾਂ ਸਾਲਾਂ ਵਿੱਚ ਤਾਂ ਬਹੁਤ ਕੁਝ ਬਦਲ ਜਾਂਦਾ ਹੈ।

ਠਾਣਾ ਸਿੰਘ ਜਿੰਨੇ ਵਰ੍ਹੇ ਪਿੰਡੋਂ ਬਾਹਰ ਰਿਹਾ, ਆਪਣੇ ਹਿੱਸੇ ਦੀ ਜ਼ਮੀਨ ਆਪਣੇ ਭਤੀਜਿਆਂ ਨੂੰ ਸੰਭਾਲ ਰੱਖੀ। ਉਹਦੇ ਦੋ ਭਤੀਜੇ ਸਨ। ਉਹਦਾ ਵੱਡਾ ਭਾਈ ਮਰ ਚੁੱਕਿਆ ਸੀ। ਭਤੀਜੇ ਆਪ ਉਹਦੇ ਕੋਲ ਜਾ ਕੇ ਉਹਦੀ ਜ਼ਮੀਨ ਦਾ ਠੇਕਾ ਦੇ ਆਉਂਦੇ ਤੇ ਹੁਣ ਜਦੋਂ ਉਹ ਪਿੰਡ ਆ ਬੈਠਾ ਸੀ, ਉਹਨੇ ਭਤੀਜਿਆਂ ਨੂੰ ਆਖਿਆ ਕਿ ਉਹ ਉਹਨੂੰ ਫ਼ਸਲ ਦਾ ਹਿੱਸਾ ਦਿਆ ਕਰਨ। ਠੇਕੇ ਦੇ ਰੁਪਈਆਂ ਨਾਲ ਉਹਦਾ, ਗੁਜ਼ਾਰਾ ਨਹੀਂ ਹੁੰਦਾ। ਇਸ ਬਹਾਨੇ ਖੇਤ ਜਾ ਕੇ ਉਹ ਆਪਣੀ ਫ਼ਸਲ ਵੀ ਦੇਖ ਆਉਂਦਾ। ਖੇਤੋਂ ਕੋਈ ਸਾਗ ਭਾਜੀ ਲੈ ਆਉਂਦਾ। ਖੇਤ ਗੇੜਾ ਮਾਰਨ ਨਾਲ ਹੱਡ ਮੋਕਲੇ ਰਹਿੰਦੇ। ਦਾਲ-ਸਬਜ਼ੀ ਨੂੰ ਖੂਬ ਤੜਕਾ ਲਾ ਕੇ ਤੇ ਵਿੱਚ ਖ਼ੁਸ਼ਬੂਦਾਰ ਮਸਾਲੇ ਪਾ ਕੇ ਬਣਾਉਣ ਦਾ ਪੂਰਾ ਸ਼ੌਕ ਸੀ, ਸ੍ਹਾਬੋ ਨੂੰ। ਕਦੇ-ਕਦੇ ਮੀਟ ਵੀ ਬਣਦਾ। ਦਾਰੂ ਨਿੱਤ ਸ੍ਹਾਬੋ ਵੀ ਪੀਂਦੀ। ਅੰਦਰ ਖਾਤੇ ਠਾਣਾ ਸਿੰਘ ਚੋਰੀ ਫ਼ੀਮ ਵੇਚਣ ਦਾ ਧੰਦਾ ਕਰਦਾ।

ਪਾਲਾ ਸਿੰਘ ਆਪਣੀ ਵਿਧਵਾ ਤੇ ਬੇਔਲਾਦ ਭੈਣ ਨੂੰ ਆਪਣੇ ਕੋਲ ਲੈ ਆਇਆ ਸੀ। ਉਹ ਧਾਰਮਿਕ ਬਿਰਤੀ ਦਾ ਆਦਮੀ ਸੀ। ਰੱਬ ਦੀ ਰਜ਼ਾ ਵਿਚ ਰਾਜ਼ੀ। ਸਾਹਿਬ ਕੌਰ ਗਈ ਤੋਂ

ਸ੍ਹਾਬੋ

103