ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/104

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉਹਨੇ ਹੋਰ ਵਿਆਹ ਨਹੀਂ ਕਰਾਇਆ ਸੀ। ਉਹਦੀ ਭੈਣ ਰੋਟੀ-ਟੁੱਕ ਦਾ ਕੰਮ ਕਰਦੀ ਤੇ ਦੋਵੇਂ ਜੁਆਕਾਂ ਨੂੰ ਸੰਭਾਲਦੀ। ਮੱਝ ਰੱਖੀ ਹੋਈ ਸੀ। ਜੁਆਕ ਦਿਨੋਂ-ਦਿਨ ਉਡਾਰ ਹੁੰਦੇ ਜਾ ਰਹੇ ਸਨ ਤੇ ਹੁਣ ਜਦੋਂ ਸ਼੍ਹਾਬੋ ਪਿੰਡ ਵਿੱਚ ਹੀ ਆ ਵਸੀ, ਪਾਲਾ ਸਿੰਘ ਨੇ ਆਪਣੇ ਦੋਵੇਂ ਜੁਆਕ ਵਿਆਹ ਲਏ। ਛੋਟੀ ਉਮਰ ਵਿੱਚ ਹੀ ਸਨ-ਮੁੰਡਾ ਨਿਰਵੈਰ ਸਿੰਘ ਸਤਾਰਾਂ-ਅਠਾਰਾਂ ਤੇ ਕੁੜੀ ਸਤਿਨਾਮ ਕੌਰ ਪੰਦਰਾਂ-ਸੋਲ੍ਹਾਂ ਸਾਲ ਦੀ। ਕੁੜੀ ਦਾ ਤਾਂ ਉਹਨੇ ਭਾਰ ਹੀ ਲਾਹਿਆ। ਮੁੰਡਾ ਵਿਆਹ ਕੇ ਨੂੰਹ ਘਰ ਆ ਗਈ। ਵਿਧਵਾ ਭੈਣ ਉਮਰ ਵਿੱਚ ਉਹਦੇ ਨਾਲੋਂ ਵੱਡੀ ਸੀ, ਕਦੋਂ ਤੱਕ ਬੈਠੀ ਰਹਿੰਦੀ। ਕੁਕੜੀ ਦੇ ਚੂਚਿਆਂ ਵਾਗੂੰ ਪਾਲਾ ਸਿੰਘ ਨੇ ਮੁੰਡੇ-ਕੁੜੀ ਨੂੰ ਆਪਣੇ ਖੰਭਾਂ ਹੇਠ ਰੱਖਿਆ। ਉਹ ਉਹਨਾਂ ਨੂੰ ਸਾਹਿਬ ਕੌਰ ਦੇ ਪਰਛਾਵੇਂ ਤੋਂ ਵੀ ਦੂਰ ਰੱਖਦਾ।

ਠਾਣਾ ਸਿੰਘ ਸ਼੍ਹਾਬੋ ਤੋਂ ਪੰਦਰਾਂ ਵਰ੍ਹੇ ਵੱਡਾ ਸੀ। ਜਦੋਂ ਉਹਦੇ ਗੋਡੇ ਖੜ੍ਹ ਗਏ ਤੇ ਉਹ ਸੋਟੀ ਲੈ ਕੇ ਤੁਰਨ ਲੱਗਿਆ ਤਾਂ ਇੱਕ ਦਿਨ ਸ਼੍ਹਾਬੋ ਉਹਨੂੰ ਕਹਿੰਦੀ-"ਠਾਣਿਆ, ਸਾਸਾਂ-ਗਰਾਸਾਂ ਦਾ ਕੋਈ ਪਤਾ ਨ੍ਹੀਂ ਹੁੰਦਾ, ਤੇਰੇ ਪਿੱਛੋਂ ਮੇਰਾ ਕੀ ਬਣੂੰ?"

"ਇਹ ਕੀ ਪਤੈ, ਤੂੰ ਪਹਿਲਾਂ ਮਰ ਜੇਂ। ਜੇ ਮੈਂ ਮਰ ਗਿਆ ਤਾਂ ਮੇਰੇ ਭਤੀਜੇ ਤੈਨੂੰ ਟੁੱਕ ਦੇਣਗੇ।"

"ਭਤੀਜਿਆਂ ਦੀ ਮੈਂ ਕੀ ਲੱਗਦੀ ਆਂ? ਪੰਜਾਹ ਮਾਰਨਗੇ ਜੁੱਤੀਆਂ ਮੈਨੂੰ ਘਰੋਂ ਕੱਢ ਦੇਣਗੇ।"

"ਨਹੀਂ, ਐਂ ਨ੍ਹੀਂ ਕਰਦੇ ਏਹੇ।"

"ਐਂ ਈ ਕਰਨਗੇ, ਮੈਨੂੰ ਪਹਿਲਾਂ ਦੀਂਹਦੈ।"

"ਹੋਰ ਫੇਰ ਤੂੰ ਚਾਹੁੰਦੀ ਕੀਹ ਐਂ?"

"ਮੇਰੇ ਨਾਉਂ ਚਾਰ ਵਿਘੇ ਜ਼ਮੀਨ ਕਰਾ ਦੇ। ਜ਼ਮੀਨ ਦੇਊ ਮੈਨੂੰ ਰੋਟੀ। ਜਿਹੜਾ ਉਹਨੂੰ ਵਾਹੁ-ਬੀਜੂ, ਉਹੀ ਮੈਨੂੰ ਰੋਟੀ ਟੁੱਕ ਦੇਊ।"

"ਨਹੀਂ, ਰੋਟੀ ਤੈਨੂੰ ਮੇਰੇ ਭਤੀਜੇ ਦੇਣਗੇ। ਚੰਗੇ ਨੇ ਦੋਵੇਂ ਮੁੰਡੇ, ਮਾੜੇ ਨ੍ਹੀਂ।"

"ਤਾਂ ਫਿਰ, ਤੇਰੀ ਨੀਤ ਮਾੜੀ ਐ। ਮੈਨੂੰ ਪੱਟਣਾ ਸੀ, ਪੱਟ ਤਾ। ਜਹਾਨੋਂ ਖੋ ਤਾ ਮੈਨੂੰ। ਤੇਰੀ ਖ਼ਾਤਰ ਮੈਂ ਆਵਦਾ ਘਰ ਬਾਰ ਛੱਡਿਆ, ਢਿੱਡੋਂ ਕੱਢੇ ਜੁਆਕ ਤਿਆਗ 'ਤੇ ਛੋਟੇ-ਛੋਟੇ ਬਲੂਰ। ਹੁਣ ਤੂੰ ਮੈਨੂੰ ਦੋ ਡਲੇ ਮਿੱਟੀ ਦੇ ਵੀ ਦੇ ਕੇ ਰਾਜ਼ੀ ਨ੍ਹੀਂ। ਤੇਰਾ ਭਲਾ ਕਿਹੜੇ ਜੁੱਗ ਹੋਊ ਪਾਪੀਆ?" ਸ਼੍ਹਾਬੋ ਦੀ ਦੇਹ ਕੰਬਣ ਲੱਗੀ।

"ਓਏ ਠੀਕ ਐ, ਐਵੇਂ ਟੱਪੀ ਜਾਨੀ ਐਂ। ਜਾਹ, ਨਹੀਂ ਦਿੰਦਾ ਮੈਂ ਤੈਨੂੰ ਜ਼ਮੀਨ। ਜ਼ਮੀਨ ਭਾਲਦੀ ਐਂ। ਜ਼ਮੀਨ ਸਾਡੀ ਕੁਲ ਦੀ ਐ, ਕੁਲ ਵਿੱਚ ਰਹੂਗੀ। ਤੈਨੂੰ ਕਿਵੇਂ ਦੇ ਦੂੰ ਮੈਂ ਖ਼ਾਨਦਾਨ ਦੀ ਚੀਜ਼? ਜ਼ਮੀਨ ਮੇਰੇ ਭਤੀਜਿਆਂ ਦੀ। ਤੂੰ ਜਾਹ ਜਿੱਥੇ ਜਾਣੈ। ਕਰਦੀ ਕੀਹ ਐ, ਕੋੜ੍ਹ ਕਿਰਲੀ।"

"ਹੁਣ ਮੈਂ ਕਿੱਧਰ ਜਾਵਾਂ ਵੇ, ਪੱਟੀ ਠੱਡੀ?"

"ਫਿਰ ਬੈਠੀ ਰਹਿ, ਜਿੱਥੇ ਬੈਠੀ ਐਂ। ਜ਼ਮੀਨ ਨ੍ਹੀਂ ਮਿਲਦੀ ਤੈਨੂੰ। ਰੋਟੀ ਕੱਪੜਾ ਮਿਲੀ ਜਾਊ, ਹੋਰ ਕੀ ਲੈਣੈਂ ਤੈਂ? ਮੇਰੇ ਭਤੀਜੇ ਸਭ ਕਰਨਗੇ ਤੇਰਾ। ਐਵੇਂ ਨਾਂ ਮਗ਼ਜ਼ ਮਾਰ, ਵਾਧੂ ਦਾ।"

ਸ਼੍ਹਾਬੋ ਫਿਰ ਨਹੀਂ ਬੋਲੀ। ਅੱਖਾਂ ਦਾ ਪਾਣੀ ਮੁਕਾਇਆ ਤੇ ਚੁੱਪ ਹੋ ਗਈ। ਉਹ ਠਾਣਾ ਸਿੰਘ ਦੇ ਮੂੰਹ ਵੱਲ ਓਪਰੀ-ਓਪਰੀ ਨਿਗਾਹ ਨਾਲ ਝਾਕ ਰਹੀ ਸੀ।

104

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ