ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/105

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਉਹ ਦਿਨ ਸੋ ਉਹ ਦਿਨ, ਉਹ ਠਾਣਾ ਸਿੰਘ ਦੀ ਹਵੇਲੀ ਵਿੱਚ ਕੈਦੀਆਂ ਵਾਂਗ ਰਹਿਣ ਲੱਗੀ। ਉਹ ਉੱਖੜੀ-ਉੱਖੜੀ ਰਹਿੰਦੀ। ਸ਼ਰਾਬ ਨੂੰ ਕਦੇ ਮੂੰਹ ਨਾ ਲਾਉਂਦੀ। ਦਾਲ-ਸਬਜ਼ੀ ਅਣਸਰਦੇ ਨੂੰ ਚੁੱਲ੍ਹੇ ਧਰਦੀ। ਅਚਾਰ ਨਾਲ ਜਾਂ ਗੰਢਿਆਂ ਦੀ ਚਟਣੀ ਰਗੜ ਕੇ ਟੁੱਕ ਦੀਆਂ ਦੋ ਬੁਰਕੀਆਂ ਸੰਘੋਂ ਥੱਲੇ ਉਤਾਰ ਲੈਂਦੀ। ਉਹ ਉਸ ਨੂੰ ਕਿਸੇ ਗੱਲ ਤੋਂ ਟੋਕਦਾ ਵਰਜਦਾ ਤਾਂ ਉਹ ਰੁੱਖਾ ਬੋਲਦੀ। ਸ਼੍ਹਾਬੋ ਦੇ ਅੰਦਰਲੇ ਸੰਤਾਪ ਦਾ ਠਾਣਾ ਸਿੰਘ ਉੱਤੇ ਕੋਈ ਅਸਰ ਨਹੀਂ ਦਿਸਦਾ ਸੀ। ਇੱਕ ਵਾਰ ਉਹ ਸਖ਼ਤ ਬੀਮਾਰ ਹੋ ਗਿਆ। ਸ਼੍ਹਾਬੋ ਨੇ ਉਹਦੀ ਕੋਈ ਖ਼ਾਸ ਟਹਿਲ ਸੇਵਾ ਨਹੀਂ ਕੀਤੀ। ਪਹਿਲਾਂ ਕਦੇ ਅਜਿਹਾ ਹੁੰਦਾ ਸੀ ਤਾਂ ਉਹ ਸਾਰੀ-ਸਾਰੀ ਰਾਤ ਬਹਿ ਕੇ ਹੀ ਕੱਟ ਲੈਂਦੀ।

ਸੱਤਰ ਸਾਲ ਦੀ ਉਮਰ ਵਿੱਚ ਠਾਣਾ ਸਿੰਘ ਸੰਸਾਰ ਛੱਡ ਗਿਆ। ਉਹਦੇ ਭਤੀਜੇ ਸ਼੍ਹਾਬੋ ਨੂੰ ਦੋ ਵੇਲੇ ਅੰਨ-ਪਾਣੀ ਇਸ ਤਰ੍ਹਾਂ ਦੇਂਦੇ, ਜਿਵੇਂ ਟੁੱਟੀ ਪਿੱਠ ਵਾਲਾ ਉਹ ਕੋਈ ਕੁੱਤਾ-ਬਿੱਲੀ ਹੋਵੇ। ਸਵੇਰ ਦੀ ਚਾਹ ਤਾਂ ਨਿੱਤ ਦਿੰਦੇ, ਪਿਛਲੇ ਪਹਿਰ ਦੀ ਚਾਹ ਕਦੇ ਕਦੇ ਭੁੱਲ ਹੀ ਜਾਂਦੇ। ਉਹਨੂੰ ਕਦੇ ਖੰਘ ਹੈ ਜਾਂ ਤਾਪ ਚੜ੍ਹ ਗਿਆ, ਭਤੀਜਿਆਂ ਦੇ ਟੱਬਰ ਨੂੰ ਉਹਦੀ ਕੋਈ ਪਰਵਾਹ ਨਹੀਂ ਸੀ। ਇੱਕ ਵਾਰ ਉਹਦੀ ਪੁੜਪੁੜੀ ਉੱਠ ਖੜ੍ਹੀ ਤੇ ਉੱਪਰ ਛਲਾਂ ਲੱਗ ਗਈਆਂ। ਘਰ ਦੇ ਜੁਆਕ ਪਾਣੀ ਦਾ ਗਿਲਾਸ ਉਹਦੇ ਮੰਜੇ ਸਿਰਹਾਣੇ ਧਰਦੇ ਤੇ ਤੁਰ ਜਾਂਦੇ। ਤਿੰਨ ਦਿਨ ਅੰਨ ਦਾ ਭੋਰਾ ਉਹਦੇ ਅੰਦਰ ਨਹੀਂ ਗਿਆ। ਉਹਨੂੰ ਕੌਣ ਦਵਾਈਆਂ ਲਿਆ ਕੇ ਦਿੰਦਾ? ਕੌਣ ਸੀ ਉਹਦਾ? ਮੰਜੇ ਵਿੱਚ ਪਈ ਹਾਏ-ਹਾਏ ਕਰੀ ਜਾਂਦੀ ਜਾਂ ਸੌਂ ਜਾਂਦੀ।

ਉਹ ਮਹੀਨਾ ਮਹੀਨਾ ਸਿਰ ਨਾ ਨ੍ਹਾਉਂਦੀ। ਉਹਦੇ ਵਾਲ਼ਾਂ ਵਿੱਚ ਬੇਸ਼ਮਾਰ ਜੂੰਆਂ ਸਨ। ਹੱਥਾਂ ਦੇ ਨਹੁੰਆਂ ਨਾਲ ਖੁਰਪੇ ਵਾਂਗ ਸਿਰ ਨੂੰ ਵੱਢੀ ਜਾਂਦੀ। ਲਹੂ ਚਲਾ ਲੈਂਦੀ ਉਹਦੇ ਹੱਥਾਂ ਵਿੱਚੋਂ ਵੀ ਗੰਦਾ ਮੁਸ਼ਕ ਮਾਰਦਾ। ਜੁਆਕ ਉਹਦੇ ਨੇੜੇ ਨਾ ਜਾਂਦੇ। ਅੰਬੋ-ਅੰਬੋ ਕਹਿ ਕੇ ਦੂਰੋਂ ਹੀ ਉਹਨੂੰ ਟਿੱਚਰਾਂ ਕਰਦੇ। ਉਹਦੇ ਕੱਪੜੇ ਚੰਮ ਬਣ ਜਾਂਦੇ। ਤਰਸ ਖਾ ਕੇ ਛੋਟੀ ਬਹੂ ਕਦੇ-ਕਦੇ ਉਹਦੇ ਕੱਪੜੇ ਧੋ ਦਿੰਦੀ ਤੇ ਉਹਨੂੰ ਸਿਰ ਵੀ ਨਹਾ ਦਿੰਦੀ। ਪਰ ਬਾਅਦ ਵਿੱਚ ਬਹੂ ਨੂੰ ਆਪ ਵੀ ਨ੍ਹਾਉਣਾ ਪੈਂਦਾ ਤੇ ਆਪਣੇ ਕੱਪੜੇ ਵੀ ਬਦਲਣੇ ਪੈਂਦੇ।

ਵੱਡੀ ਬਹੂ ਖਿਝਦੀ-"ਕਿਥੋਂ ਬੇਧ ਲੱਗੀ ਐ। ਪਤਾ ਨ੍ਹੀਂ ਕਦੇ ਸਿਆਪਾ ਮੁੱਕੂ ਇਹਦਾ, ਕਦੋਂ ਮਰੂਗੀ। ਐਹੀ ਜ੍ਹੀ ਦੇ ਕੀੜੇ ਚੱਲਦੇ ਨੇ, ਸੁੰਡ।"

ਛੋਟੀ ਆਖਦੀ-"ਕੀੜਿਆਂ ਦੀ ਕੀ ਕਸਰ ਰਹਿ 'ਗੀ ਹੋਰ। ਆਹ ਸਿਰ ਦੀਆਂ ਜੂੰਆਂ ਕੀੜੇ ਈ ਨੇ।"

"ਕੁੜੇ, ਲਿਆਂ ਕੈਂਚੀ। ਇਹਦਾ ਤਾਂ ਵੱਢਾਂ ਜੂੜ।" ਸ੍ਹਾਬੋ ਅੱਖਾਂ ਮੀਚੀ ਊਂਧੀ ਜਿਹੀ ਬਣੀ ਬੈਠੀ ਸੀ। ਵੱਡੀ ਬਹੂ ਨੇ ਉਹਦਾ ਸਿਰ ਮੁੰਨ ਦਿੱਤਾ। ਧਰਤੀ 'ਤੇ ਡਿੱਗੇ ਪਏ ਵਾਲ਼ਾਂ ਵਿੱਚ ਜੂੰਆਂ ਦਾ ਵੱਗ ਸੁਰਲ-ਸੁਰਲ ਕਰਦਾ ਫਿਰਦਾ ਸੀ।

ਨਿਰਵੈਰ ਸਿੰਘ ਤੇ ਸਤਿਨਾਮ ਕੌਰ ਧੀਆਂ-ਪੁੱਤਾਂ ਵਾਲੇ ਹੋ ਚੁੱਕੇ ਸਨ। ਇੱਕ ਦਿਨ ਸਤਿਨਾਮ ਸਹੁਰਿਆਂ ਤੋਂ ਆਈ ਹੋਈ ਸੀ। ਨਿਰਵੈਰ ਕਹਿੰਦਾ-"ਕਿਉਂ ਸੱਤੋ, ਬੁੜ੍ਹੀ ਨੂੰ ਆਵਦੇ ਘਰ ਨਾ ਲੈ ਆਵਾਂ ਮੈਂ? ਆਖ਼ਰ ਜਨਮ ਦਿੱਤਾ ਸੀ ਇਹਨੇ ਆਪਾਂ ਨੂੰ। ਜਾਂਦੀ ਵਾਰ ਦੀ ਸੇਵਾ ਕਰ ਲੈਨੇ ਆਂ। ਮਾਂ ਐ ਆਪਣੀ ਫਿਰ ਵੀ।"

ਸਤਿਨਾਮ ਬੋਲੀ-"ਜਦੋਂ ਵੀਰਾ, ਆਪਾਂ ਨੂੰ ਨਿੱਕਿਆਂ-ਨਿੱਕਿਆਂ ਨੂੰ ਛੱਡ ਕੇ ਤੁਰ 'ਗੀ ਸੀ, ਓਦੋਂ ਇਹਨੇ ਨਾ ਸੋਚਿਆ ਕੁਛ। ਹੁਣ ਇਹ ਕੀ ਲੱਗਦੀ ਐ, ਮਰੇ ਪਰ੍ਹੇ।"◆

ਸ਼੍ਹਾਬੋ

105