ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/107

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਲੱਖਮੀ ਬਰਨਾਲੇ ਰਹਿੰਦਾ ਹੈ। ਬਰਨਾਲੇ ਕੱਪੜੇ ਧੋਣ ਵਾਲੀ ਸਾਬਣ ਦੀ ਇੱਕ ਬਹੁਤ ਮਸ਼ਹੂਰ ਦੁਕਾਨ ਹੈ। ਉਸ ਦੁਕਾਨ ਤੋਂ ਉਹ ਸਾਬਣ ਸਸਤੇ ਭਾਅ ਲੈਂਦਾ ਹੈ ਤੇ ਸਾਇਕਲ ਉੱਤੇ ਜਾ ਕੇ ਪਿੰਡ ਪਿੰਡ, ਕੁਝ ਨਫ਼ਾ ਕੱਢ ਕੇ ਉਸ ਨੂੰ ਵੇਚਦਾ ਹੈ।

ਮਧਰਾ ਕੱਦ, ਗੋਰਾ ਰੰਗ, ਮੋਟੀ ਚਮਕਦੀ ਅੱਖ ਤੇ ਖੱਬੇ ਹੱਥ ਵਿੱਚ ਚਾਂਦੀ ਦੀਆਂ ਬਣੀਆਂ ਦੋ ਕੰਗਣੀਆਂ। ਉਹ ਗੱਲਾਂ ਕਰਦਾ ਤਾਂ ਢਾਕਾਂ ਉੱਤੇ ਹੱਥ ਰੱਖ ਤੀਵੀਆਂ ਵਾਂਗ ਏਧਰ ਓਧਰ ਝਾਕ ਕੇ ਅੱਖਾਂ ਝਮਕ ਕੇ ਤੇ ਹੱਥਾਂ ਦੇ ਨ੍ਰਿਤ ਨਾਲ ਸੁਝਾਉਣੀਆਂ ਦੇ ਦੇ ਮੁੜ ਢਾਕਾਂ ਉੱਤੇ ਹੱਥ ਰੱਖ ਲੈਂਦਾ ਹੈ। ਖੜ੍ਹਾ-ਖੜ੍ਹਾ ਗੱਲਾਂ ਕਰਦਾ-ਕਰਦਾ ਕਦੇ-ਕਦੇ ਆਪਣੇ ਪਜਾਮੇ ਦੀ ਇੱਕ ਮੂਹਰੀ ਖੁੱਚ ਤੀਕ ਚੁੱਕ ਕੇ ਲੈ ਜਾਂਦਾ ਹੈ, ਜਿਵੇਂ ਆਪਣੀ ਗੋਲ ਪਿੰਜਣੀ ਦਾ ਦਿਖਾਵਾ ਕਰਨਾ ਹੋਵੇ।

ਉਸ ਦਿਨ ਮੇਲੇ ਵਿੱਚ ਉਹ ਉਸ ਖ਼ੁਸਰੇ ਉੱਤੇ ਐਸਾ ਮੋਹਿਤ ਹੋਇਆ ਕਿ ਉਸ ਰਾਤ ਉਹ ਉਹਦੇ ਕੋਲ ਡੇਰੇ ਵਿੱਚ ਹੀ ਰਹਿ ਪਿਆ। ਓਥੇ ਹੀ ਰੋਟੀ ਖਾਧੀ ਤੇ ਉਥੇ ਹੀ ਰਾਤ ਕੱਟੀ।

ਫਿਰ ਇੱਕ ਦਿਨ ਪਤਾ ਲੱਗਿਆ ਕਿ ਉਹ ਕਾਲਜ ਦੀ ਕੁੜੀ ਵਰਗਾ ਖ਼ੁਸਰਾ ਪਤਾ ਨਹੀਂ ਕਿੱਧਰ ਚਲਿਆ ਗਿਆ। ਲੱਖਮੀ ਵੀ ਹੁਣ ਇੱਕ ਮਹੀਨਾ ਹੋ ਗਿਆ ਸੀ, ਨਹੀਂ ਸੀ ਆਇਆ। ਲੋਕ ਕਹਿੰਦੇ ਸਨ ਕਿ ਖ਼ੁਸਰੇ ਨੂੰ ਲੱਖਮੀ ਕਿਧਰੇ ਲੈ ਗਿਆ, ਪਰ ਇੱਕ ਮਹੀਨੇ ਪਿੱਛੋਂ ਲੱਖਮੀ ਕਿੱਧਰੋਂ ਆ ਹੀ ਗਿਆ। ਓਵੇਂ ਜਿਵੇਂ ਸਾਇਕਲ ਉੱਤੇ ਕੱਪੜੇ ਧੋਣ ਵਾਲਾ ਸਾਬਣ ਵੇਚਣ। ਲੋਕ ਹੈਰਾਨ ਸਨ ਕਿ ਖ਼ੁਸਰਾ ਸਾਲ਼ਾ ਕਿੱਧਰ ਛਿਪਣ ਹੋ ਗਿਆ। ਖ਼ੁਸਰੇ ਦੀ ਗੱਲ ਸੀ, ਕਿਹੜਾ ਕਿਸੇ ਤੀਵੀਂ ਦੀ ਗੱਲ ਸੀ। ਕੋਈ ਬਹੁਤਾ ਗੌਗਾ ਨਾ ਉੱੱਡਿਆ।

ਫਿਰ ਇੱਕ ਦਿਨ ਉਸੇ ਪਿੰਡ ਦੇ ਬੰਦੇ ਨੇ ਦੱਸਿਆ ਕਿ ਲੁਧਿਆਣੇ ਤੋਂ ਬੱਸ ਵਿੱਚ ਆਉਂਦਿਆਂ ਸਧਾਰ ਦੇ ਪੁਲਾਂ ਉੱਤੇ ਚਾਹ ਦੀ ਦੁਕਾਨ ਕਰਦਾ ਇੱਕ ਛੀਂਂਟਕਾ ਜਿਹਾ ਨੌਜਵਾਨ ਉਸ ਨੇ ਦੇਖਿਆ ਸੀ- 'ਮੁਸ਼ਕੀ ਰੰਗ, ਇਕਹਿਰੇ ਅੰਗ ਦਾ ਸਰੀਰ, ਮੂੰਹ ਗੋਲ਼ ਤੇ ਅੱਖਾਂ ਬਿਲਕੁਲ ਓਸ ਕਾਲਜ ਦੀ ਕੁੜੀ ਵਰਗੇ ਖ਼ੁਸਰੇ ਵਰਗੀਆਂ।'

ਇੱਕ ਦਿਨ ਪਟਿਆਲੇ ਤੋਂ ਇੱਕ ਹੋਰ ਬੰਦਾ ਓਸੇ ਪਿੰਡ ਆਇਆ ਤੇ ਕਹਿੰਦਾ "ਆਹ ਸਾਬਣ ਵੇਚਦਾ ਫਿਰਦੈ ਆਦਮੀ, ਜਮਈਂ ਇਹਾ ਜਾ ਇੱਕ ਖ਼ੁਸਰਾ ਕਈ ਸਾਲ ਹੋ 'ਗੇ ਪਟਿਆਲੇ ਹੁੰਦਾ ਸੀ। ਇਹ ਜਾ ਈ ਮਧਰਾ ਕੱਦ, ਇਹੀ ਰੰਗ, ਇਹੀ ਮੂੰਹ ਤੇ ਇਹੀ ਅੱਖਾਂ!"◆

ਖ਼ੁਸਰੇ ਦਾ ਆਸ਼ਕ

107