ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/108

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਬਿੱਲੂ ਪੁੱਤਰ ਗੰਗਾ ਸਿੰਘ

ਗੰਗਾ ਸਿੰਘ ਦੇ ਚਾਰ ਕੁੜੀਆਂ ਹੋਈਆਂ ਤੇ ਪੰਜਵਾਂ ਬਿੱਲੂ।

ਕੁੜੀਆਂ ਜਿਉਂ-ਜਿਉਂ ਜੁਆਨ ਹੁੰਦੀਆਂ ਗਈਆਂ, ਗੰਗਾ ਸਿੰਘ ਉਹਨਾਂ ਨੂੰ ਇੱਕ-ਇੱਕ ਕਰਕੇ ਵਿਆਹੁੰਦਾ ਰਿਹਾ। ਸਭ ਆਪਣੇ-ਆਪਣੇ ਘਰ ਸੁੱਖ-ਸਾਂਦ ਨਾਲ ਵੱਸਦੀਆਂ ਸਨ।

ਗੰਗਾ ਸਿੰਘ ਕੋਲ ਚਾਲੀ ਘੁਮਾਂ ਜ਼ਮੀਨ ਸੀ। ਉਸ ਦੀ ਜ਼ਿੰਦਗੀ ਵਿੱਚ ਇੱਕੋ-ਇੱਕ ਸੱਧਰ ਸੀ, ਜਿਹੜੀ ਸਾਰੀ ਉਮਰ ਪੂਰੀ ਨਾ ਹੋ ਸਕੀ। ਆਖ਼ਰ ਉਹ ਸੱਠ ਸਾਲਾਂ ਦੀ ਉਮਰ ਭੋਗ ਕੇ ਮਰ ਗਿਆ। ਹੁਣ ਘਰ ਵਿੱਚ ਬਿੱਲੂ ਸੀ ਤੇ ਉਸ ਦੀ ਬਿਰਧ ਮਾਂ। ਗੰਗਾ ਸਿੰਘ ਜਦ ਮਰਿਆ, ਬਿੱਲੂ ਦੀ ਉਮਰ ਉਸ ਵੇਲੇ ਵੀਹ ਸਾਲਾਂ ਦੀ ਸੀ, ਪੂਰੀ ਜੁਆਨ ਉਮਰ।

ਸਰਕਾਰੇ ਦਰਬਾਰੇ ਸਾਰੀ ਜ਼ਮੀਨ ਤੇ ਹੋਰ ਜਾਇਦਾਦ ਬਿੱਲੂ ਦੇ ਨਾਉਂ ਚੜ੍ਹ ਗਈ।

ਬਿੱਲੂ ਜ਼ਮੀਨ ਨੂੰ ਆਪਣੇ ਪਿਓ ਵਾਂਗ ਹੀ ਹਿੱਸੇ ਠੇਕੇ ਉੱਤੇ ਦਿੰਦਾ ਰਿਹਾ। ਦੋ ਕੁ ਸਾਲ ਜਦ ਲੰਘੇ ਤਾਂ ਉਸ ਨੇ ਏਧਰੋਂ ਓਧਰੋਂ ਪੈਸੇ ਕਰਕੇ ਇੱਕ ਟਰੱਕ ਲੈ ਲਿਆ। ਇੱਕ ਡਰਾਈਵਰ ਤੇ ਇੱਕ ਨੌਕਰ ਰੱਖ ਕੇ ਭਾੜਾ ਲਵਾਉਣਾ ਸ਼ੁਰੂ ਕਰ ਦਿੱਤਾ।

ਇੱਕ ਤਾਂ ਚੜ੍ਹਾਈ ਅਵਸਥਾ ਸੀ, ਪਰ ਬਿੱਲੂ ਸੋਹਣਾ ਵੀ ਬੜਾ ਸੀ। ਗੋਰਾ ਰੰਗ, ਗੋਲ ਮੂੰਹ ਤੇ ਚਮਕਦਾਰ ਅੱਖਾਂ। ਬਹੁਤਾ ਕਰਕੇ ਤੇੜ ਉਹ ਕਛਹਿਰਾ ਪਾ ਕੇ ਰੱਖਦਾ। ਕਦੇ-ਕਦੇ ਪਜਾਮਾ ਵੀ ਪਾ ਲੈਂਦਾ। ਟੌਰਾ ਛੱਡਵੀਂ ਚਿੱਟੀ ਪੱਗ ਬੰਨ੍ਹਦਾ। ਆਪਣੇ ਸੱਜੇ ਮੋਢੇ ਉੱਤੇ ਹਮੇਸ਼ਾ ਇੱਕ ਦੁਪੱਟਾ ਰੱਖਦਾ ਜਿਹੜਾ ਉਸਦੀ ਹਿੱਕ ਨੂੰ ਸੱਜੇ ਪਾਸੇ ਨੂੰ ਢਕੀ ਰੱਖਦਾ ਸੀ। ਆਪਣੇ ਕੁੜਤੇ ਦੀ ਜੇਬ ਵਿੱਚ ਹਮੇਸ਼ਾ ਬਟੂਆ ਪਾ ਕੇ ਰੱਖਦਾ ਜਾਂ ਕੋਈ ਡਾਇਰੀ ਆਦਿ। ਜੇਬ ਵੀ ਉਸ ਦੀ ਵੱਡੀ ਸਾਰੀ ਹੁੰਦੀ। ਪਤਾ ਨਹੀਂ ਕੀ ਗੱਲ, ਉਸ ਦੀ ਹਿੱਕ ਦੇ ਉਭਾਰ ਇਸ ਤਰ੍ਹਾਂ ਹੁੰਦੇ, ਜਿਵੇਂ ਕਿਸੇ ਭਰ ਜਵਾਨ ਕੁੜੀ ਦੇ ਹੋਣ। ਉਸ ਦੀ ਡੀਲ ਡੌਲ ਬਿਲਕੁਲ ਹੀ ਕੁੜੀਆਂ ਵਰਗੀ ਸੀ। ਨਾ ਮੁੱਛ, ਨਾ ਦਾੜ੍ਹੀ ਤੇ ਨਾ ਉਸ ਦੀਆਂ ਲੱਤਾਂ ਉੱਤੇ ਵਾਲ਼ ਸਨ। ਗੋਡੇ ਗਿੱਟੇ ਜਮਈਂ ਤੀਵੀਆਂ ਵਰਗੇ।

ਉਹ ਸੀ ਵੀ ਕੁੜੀਆਂ ਵਰਗਾ। ਸੱਥ ਵਿੱਚ ਜਦ ਕਦੇ ਉਹ ਬੈਠਾ ਹੁੰਦਾ ਤੇ ਜੇ ਮੁੰਡੇ-ਖੁੰਡੇ ਲੁੱਚੀਆਂ ਗੱਲਾਂ ਛੇੜ ਲੈਂਦੇ ਤਾਂ ਉਹ ਉੱਠ ਕੇ ਤੁਰ ਜਾਂਦਾ। ਆਮ ਕਰਕੇ ਉਹ ਵੱਡੀ ਉਮਰ ਦੇ ਬੰਦਿਆਂ ਵਿੱਚ ਬਹਿ ਕੇ ਤੇ ਗੱਲ ਕਰ ਕੇ ਰਾਜ਼ੀ ਹੁੰਦਾ। ਅਗਵਾੜ ਦੀਆਂ ਤੀਵੀਆਂ ਉਸ ਨੂੰ ਬੁਲਾਉਂਦੀਆਂ ਤਾਂ ਉਹ ਹੱਸ ਕੇ ਉਹਨਾਂ ਨਾਲ ਗੱਲ ਕਰਦਾ। ਨੌਜਵਾਨ ਮੁੰਡਿਆਂ ਨਾਲ ਹਮੇਸ਼ਾ ਉਹ ਨੀਵੀਂ ਪਾ ਕੇ ਗੱਲ ਕਰਦਾ।

108

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ