ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/109

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਿੱਸੇ ਉੱਤੇ ਦਿੱਤੀ ਜ਼ਮੀਨ ਦਾ ਦਾਣਾ ਫੱਕਾ ਚੰਗਾ ਆਉਂਦਾ ਸੀ। ਟਰੱਕ ਦੀ ਕਮਾਈ ਵਧੀਆ ਸੀ। ਉਸ ਦਾ ਡਰਾਇਵਰ ਵੀ ਈਮਾਨਦਾਰ ਬੜਾ ਸੀ।

ਬਿੱਲੂ ਹੁਣ ਤੀਹ ਸਾਲਾਂ ਨੂੰ ਟੱਪ ਚੱਲਿਆ ਸੀ। ਦਾੜ੍ਹੀ ਮੁੱਛ ਉਸ ਦੇ ਅਜੇ ਵੀ ਨਹੀਂ ਸੀ ਆਈ। ਰੱਬ ਜਾਣੇ ਉਸ ਨੂੰ ਇਹ ਕੀ ਹੋ ਗਿਆ ਸੀ। ਨੌਜਵਾਨ ਮੁੰਡੇ ਤੇ ਕੁੜੀਆਂ ਵੀ ਉਸ ਨੂੰ ਕਦੇ-ਕਦੇ ‘ਬੂੜ੍ਹੀ-ਮੂੰਹਾ’ ਕਹਿ ਦਿੰਦੇ ਤੇ ਉਹ ਹੱਸ ਛੱਡਦਾ।

ਉਸ ਦੀ ਬਿਰਧ ਮਾਤਾ ਉਸ ਨਾਲ ਚੋਰੀਓਂ ਗੱਲ ਕਰਦੀ- 'ਬਿੱਲੂ ਤੇਰਾ ਵਿਆਹ ਕਰ ਦੀਏ।’ ਬਿੱਲੂ ਚੁੱਪ ਰਹਿੰਦਾ।

ਬਿੱਲੂ ਇਕੱਲੇ ਜੀਅ ਨੂੰ ਉਮਰ ਕੱਢਣੀ ਬੜੀ ਔਖੀ ਐ? ਬਿਲੂ ਦੀ ਮਾਂ ਨੇੜੇ ਹੋ ਕੇ ਉਸ ਨੂੰ ਪੁੱਛਦੀ, ਪਰ ਬਿੱਲੂ ਸਿਰ ਮਾਰ ਦਿੰਦਾ। ਏਸੇ ਤਰ੍ਹਾਂ ਚੁੱਪ-ਚਪੀਤੇ ਹੀ ਹੋਰ ਸਾਲ ਲੰਘ ਗਏ। ਹੁਣ ਉਹ ਪੈਂਤੀ ਸਾਲਾਂ ਨੂੰ ਢੁੱਕ ਚੱਲਿਆ ਸੀ।

ਨੌਜਵਾਨ ਵਿਆਹੇ ਮੁੰਡਿਆਂ ਨੂੰ ਜਦ ਉਹ ਪੂਰੀ ਨਿਗਾਅ ਭਰ ਕੇ ਦੇਖਦਾ ਤਾਂ ਉਸ ਦੇ ਮਨ ਵਿੱਚੋਂ ਲੂਹਰੀਆਂ ਉੱਠਦੀਆਂ। ਨੌਜਵਾਨ ਵਹੁਟੀਆਂ ਨੂੰ ਜਦ ਉਹ ਦੇਖਦਾ, ਉਹਨਾਂ ਦੇ ਗਹਿਣੇ ਤੇ ਉਹਨਾਂ ਦੇ ਨਵੀਂ-ਨਵੀਂ ਭਾਂਤ ਦੇ ਕੱਪੜੇ ਪਾਏ ਦੇਖਦਾ ਤਾਂ ਉਸ ਦਾ ਹਉਂਕਾ ਨਿੱਕਲ ਜਾਂਦਾ। ਅਗਵਾੜ ਵਿੱਚ ਜਦ ਕਿਸੇ ਮੁੰਡੇ ਜਾਂ ਕਿਸੇ ਕੁੜੀ ਦਾ ਵਿਆਹ ਹੁੰਦਾ ਤਾਂ ਉਹ ਰੱਜ ਕੇ ਉਸ ਨੂੰ ਦੇਖ ਨਹੀਂ ਸੀ ਸਕਦਾ।

ਰਾਤ ਨੂੰ ਸੁੱਤੇ ਪਏ ਨੂੰ ਉਸ ਨੂੰ ਸੁਪਨੇ ਆਉਂਦੇ, ਜਿਵੇਂ ਉਸ ਦਾ ਵਿਆਹ ਹੋ ਗਿਆ ਹੈ। ਜਿਵੇਂ ਉਹ ਤੀਵੀਂ ਮਨੁੱਖ ਬੱਸ ਵਿੱਚ ਇੱਕੋ ਸੀਟ ਉੱਤੇ ਬੈਠੇ ਕਿਤੇ ਜਾ ਰਹੇ ਸਨ। ਕਦੇ-ਕਦੇ ਉਸ ਨੂੰ ਸੁਪਨਾ ਆਉਂਦਾ, ਜਿਵੇਂ ਉਹ ਪਾਗ਼ਲ ਹੋ ਗਿਆ ਤੇ ਥਮਲੇ ਨਾਲ ਉਸ ਨੂੰ ਸੰਗਲ ਲਾਇਆ ਹੋਇਆ ਹੈ। ਇੱਕ ਡਾਕਟਰ ਉਸ ਨੂੰ ਦੇਖਣ ਆਇਆ ਤੇ ਉਸ ਦੀ ਮਾਂ ਨੂੰ ਦੱਸਦਾ ਹੈ- "ਇਸ ਦਾ ਵਿਆਹ ਕਰ ਦਿਓ ਨਹੀਂ ਤਾਂ ਇਹ ਏਵੇਂ ਜਿਵੇਂ ਰਹੁ ਜਾਂ ਕਦੇ ਕੋਈ ਖੂਹ ਟੋਭਾ ਗੰਦਾ ਕਰੂ।"

ਉਸ ਦਾ ਡਰਾਈਵਰ ਵੀ ਉਹਦੇ ਵਰਗਾ ਹੀ ਭਰਵੀਂ ਉਮਰ ਦਾ ਜਵਾਨ ਮਨੁੱਖ ਸੀ। ਉਮਰ ਤੀਹ ਸਾਲ ਦੀ ਹੋਵੇਗੀ। ਬਿੱਲੂ ਵਾਂਗ ਸੋਹਣਾ ਉਹ ਵੀ ਬੜਾ ਸੀ। ਕਦੇ-ਕਦੇ ਉਹ ਬਹਿ ਕੇ ਰੁਕ ਦੀਆਂ ਗੱਲਾਂ ਕਰਦੇ। ਵਿਆਹ ਡਰਾਈਵਰ ਦਾ ਵੀ ਨਹੀਂ ਸੀ ਹੋਇਆ ਅਜੇ। ਡਰਾਈਵਰ ਹੱਸਦਾ ਕਦੇ-ਕਦੇ ਕਹਿ ਦਿੰਦਾ- "ਬਿੱਲੂ, ਗੱਲ੍ਹਾਂ ਤੇਰੀਆਂ ਅਜੇ ਵੀ ਕਚਰੇ ਅਰਗੀਆਂ ਪਈਆਂ ਨੇ। ਮਰ ਜਾ 'ਗਾਂ, ਪੱਟ ਲਿਆ ਕੋਈ ਪਵੀਸੀ ਅਰਗੀ।" ਤੇ ਬਿੱਲੂ ਮੁਸਕਰਾ ਕੇ ਚੁੱਪ ਹੋ ਜਾਂਦਾ।

ਬਿੱਲੂ ਦੀਆਂ ਮਾਨਸਿਕ ਪ੍ਰਵਿਰਤੀਆਂ ਹੁਣ ਬਿਲਕੁਲ ਹੀ ਹਿੱਲ ਚੁੱਕੀਆਂ ਸਨ। ਉਸ ਦੀ ਉਮਰ ਅਜਾਈਂ ਜਾ ਰਹੀ ਸੀ। ਕਦੇ-ਕਦੇ ਉਸ ਦੇ ਡੋਬ ਜਿਹਾ ਪੈ ਜਾਂਦਾ, ਪਰ ਉਹ ਚੁੱਪ-ਚੁੱਪ ਰਹਿੰਦਾ। ਕਿਸੇ ਕੋਲ ਉਭਾਸਰਦਾ ਨਾ। ਕੀ ਪਤਾ ਸੀ ਕਿਸੇ ਨੂੰ, ਉਸ ਨੂੰ ਕੀ ਰੋਗ ਹੈ?

ਉਸ ਦਾ ਡਰਾਈਵਰ ਹੁਣ ਉਸ ਦੇ ਕੋਲ ਹੀ ਚੁਬਾਰੇ ਵਿੱਚ ਰਾਤ ਨੂੰ ਸੌਂਦਾ ਸੀ। ਇੱਕ ਰਾਤ ਉਹ ਅੱਧੀ ਰਾਤ ਤੀਕ ਤੀਵੀਆਂ ਦੀਆਂ ਗੱਲਾਂ ਕਰਦੇ ਰਹੇ। ਅਖ਼ੀਰ ਉਹ ਅੰਦਰੋਂ ਕੁੰਡਾ ਲਾ ਕੇ ਸੌਂ ਗਏ ਸਨ। ਦਿਨ ਚੜ੍ਹਨ ਵਿੱਚ ਅਜੇ ਕਾਫ਼ੀ ਸਮਾਂ ਰਹਿੰਦਾ ਸੀ।

ਬਿੱਲੂ ਪੁੱਤਰ ਗੰਗਾ ਸਿੰਘ

109