ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/110

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਇੱਕ ਤੀਵੀਂ ਨੰਗ-ਧੜੰਗੀ ਪਤਾ ਨਹੀਂ ਕਿੱਥੋਂ ਦੀ ਆਈ। ਮਹੀਨਾ ਵੀ ਸਿਆਲ ਦਾ ਸੀ। ਆਉਣ ਸਾਰ ਬਿੱਲੂ ਦੇ ਡਰਾਈਵਰ ਨਾਲ ਉਸ ਦੀ ਰਜ਼ਾਈ ਵਿੱਚ ਵੜੀ। ਡਰਾਈਵਰ ਹੈਰਾਨ ਪਰੇਸ਼ਾਨ। ਬਿੱਲੂ ਦੇ ਗਵਾਂਢ ਵਿੱਚ ਇੱਕ ਤੀਵੀਂ ਉੱਤੇ ਡਰਾਈਵਰ ਅੱਖ ਰੱਖਦਾ ਹੁੰਦਾ ਸੀ। ਇੱਕ ਦੋ ਵਾਰੀ ਉਸ ਨਾਲ ਗੱਲ ਵੀ ਹੋਈ ਸੀ, ਪਰ ਉਹ ਕਦੇ ਇਕੱਲੀ ਨਹੀਂ ਸੀ ਟੱਕਰੀ। ਡਰਾਈਵਰ ਨੇ ਸਮਝਿਆ ਕਿ ਲਵੇਰੀ ਆਪੇ ਹੀ ਖੁਰਲੀ ਉੱਤੇ ਆ ਖੜ੍ਹੀ ਹੈ ਤੇ ਪਸਮ ਪਈ ਹੈ। ਬਿੱਲੂ ਜਿਵੇਂ ਉਹਦੇ ਕੋਲ ਮੰਜੀ ਉੱਤੇ ਘੂਕ ਸੁੱਤਾ ਪਿਆ ਸੀ।

ਅਗਲੀ ਸਵੇਰ ਡਰਾਈਵਰ ਨੇ ਸਾਰੀ ਗੱਲ ਬਿਲੂ ਨੂੰ ਦੱਸੀ। ਡਰਾਈਵਰ ਨਾਲ ਇਹ ਸਿਲਸਿਲਾ ਹੋਰ ਵੀ ਕਈ ਰਾਤਾਂ ਹੁੰਦਾ ਰਿਹਾ। ਤੀਵੀਂ ਉਹ ਆਵੇ, ਨਾ ਬੋਲੇ ਨਾ ਚੱਲੇ, ਆ ਕੇ ਇਸ ਤਰ੍ਹਾਂ ਹੀ ਚਲੀ ਜਾਇਆ ਕਰੇ। ਅਖ਼ੀਰ ਇੱਕ ਰਾਤ ਭੇਤ ਖੁੱਲ੍ਹ ਗਿਆ। ਪੰਦਰਾਂ ਵੀਹ ਦਿਨਾਂ ਬਾਅਦ ਹੀ ਬਿੱਲੂ ਤੇ ਬਿੱਲੂ ਦਾ ਡਰਾਈਵਰ ਦਿੱਲੀ ਚਲੇ ਗਏ। ਟਰੱਕ ਵੀ ਨਾਲ ਲੈ ਗਏ। ਉੱਥੇ ਜਾ ਕੇ ਉਹਨਾਂ ਨੇ ਕੰਮ ਸ਼ੁਰੂ ਕਰ ਦਿੱਤਾ। ਇੱਕ ਛੋਟਾ ਜਿਹਾ ਪਿਆ-ਪਵਾਇਆ ਮਕਾਨ ਲੈ ਕੇ ਪੱਕੀ ਰਿਹਾਇਸ਼ ਕਰ ਲਈ। ਉੱਥੋਂ ਹੀ ਚਿੱਠੀ ਪੱਤਰ ਰਾਹੀਂ ਬਿੱਲੂ ਜ਼ਮੀਨ ਦਾ ਭੰਨ ਘੜ ਹਿੱਸੇ ਠੇਕੇ ਉੱਤੇ ਕਰ ਦਿੰਦਾ। ਉਸ ਦੀ ਬੁੱਢੀ ਮਾਂ ਨੂੰ ਵੀ ਇੱਕ ਦਿਨ ਡਰਾਈਵਰ ਆ ਕੇ ਦਿੱਲੀ ਲੈ ਗਿਆ।

ਗੰਗਾ ਸਿੰਘ ਦੇ ਚਾਰ ਕੁੜੀਆਂ ਤੋਂ ਬਾਅਦ ਬਿੱਲੂ ਵੀ ਇੱਕ ਕੁੜੀ ਸੀ। ਜਨਮ ਤੋਂ ਹੀ ਉਸ ਨੂੰ ਮੁੰਡਿਆਂ ਵਾਂਗ ਪਾਲ਼ਿਆ ਗਿਆ ਤੇ ਮੁੰਡਿਆਂ ਵਾਂਗ ਹੀ ਉਸ ਨੇ ਸਾਰੀ ਉਮਰ ਕੱਪੜੇ ਪਾਏ। ਅਗਵਾੜ ਦੇ ਕਈ ਬੁੜ੍ਹੇ-ਬੁੜ੍ਹੀਆਂ ਇਸ ਭੇਤ ਨੂੰ ਜਾਣਦੇ ਸਨ, ਪਰ ਕਦੇ ਕੋਈ ਮੂੰਹੋਂ ਨਹੀਂ ਸੀ ਕੁਸਕਿਆ।◆

110

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ