ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/113

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

"ਧੌਂਕਲ ਦੀ ਹੱਟ 'ਤੇ।" ਚੰਨਣ ਨੇ ਨਿਸ਼ੰਗ ਹੋ ਕੇ ਬੋਲ ਕੱਢਿਆ।

"ਜਦੋਂ ਮੈਂ ਇੱਕ ਵਾਰੀ ਕਹਿ ਤਾ ਬਈ ਮੇਰੀ ਉਮਰ ਨ੍ਹੀਂ। ਮੈਂ ਦੱਸ ਕੀ ਇਹਦੇ 'ਚੋਂ ਖੱਟੀ ਖਾਣੀ ਐਂ?" ਗੱਜਣ ਦਾ ਚਿੱਟਾ ਜਵਾਬ ਸੀ।

"ਪਰ ਭਾਈ ਨਾਲੋਂ ਦੱਸ ਉੱਤੋਂ ਦੀ ਕਿਹੜੀ ਚੀਜ਼ ਐ?" ਚੰਨਣ ਨੇ ਨਰਮੀ ਧਾਰ ਲਈ।

"ਮੈਂ ਤਾਂ ਤੈਨੂੰ ਸਿਰੇ ਦੀ ਸੁਣਾ ’ਤੀ, ਬਈ ਤੁਸੀਂ ਦੋਵੇਂ ਜਿਵੇਂ ਮਰਜ਼ੀ ਕਰੋ। ਮੇਰਾ ਇਹਦੇ 'ਚ ਕੋਈ ਲਾਗਾ ਦੇਗਾ ਨ੍ਹੀਂ।" ਗੱਜਣ ਨੇ ਕੋਰੀ ਗੱਲ ਕਰ ਦਿੱਤੀ।

"ਗੱਜਣਾ, ਤੈਨੂੰ ਕੁਸ ਸੋਚਣੀ ਚਾਹੀਦੀ ਐ। ਮਾਂ ਦੇਖ ਆਪਣੀ ਦੇ ਹੁਣ ਹੱਥ ਕੰਬਦੇ ਤੇ ਸਿਰ ਹਿੱਲਦੈ। ਜੇ ਕੈਲੇ ਨੂੰ ਟੱਬਰ ਜੁੜ ਜੇ ਆਪਣਾ ਦੋਹਾਂ ਦਾ ਟੁੱਕ ਪੱਕਦਾ ਹੋ ਜੇ। ਏਵੇਂ ਜਿਵੇਂ ਕਿੰਨਾ ਕੁ ਚਿਰ ਕੱਟੀ ਜਾਵਾਂਗੇ?" ਚੰਨਣ ਜਿਵੇਂ ਉਹਨੂੰ ਮੱਤ ਦੇ ਰਿਹਾ ਸੀ।

"ਇਹ ਗੱਲਾਂ ਮੁੰਡਿਆਂ ਖੁੰਡਿਆਂ ਨੂੰ ਸੋਭਦੀਆਂ ਨੇ। ਮੈਂ ਤਾਂ ਸੱਠਾਂ ਦੇ ਨੇੜੇ ਪਹੁੰਚਿਆ ਹੋਇਆਂ। ਧੌਂਕਲ ਬਾਣੀਏ ਦਾ ਤੇਰ੍ਹਾਂ ਸੌ ਜੇ ਨਾ ਮੁੜਿਆ ਤਾਂ ਮੇਰੇ ਗਲ 'ਚ ਸਾਫਾ ਵਾਧੂ ਦਾ ਪੈਂਦਾ ਫਿਰੂ। ਤੁਸੀਂ ਆਪਣੀ ਬਣੀ ਨਬੇੜੋ। ਮੇਰੀ ਤਾਂ ਹੁਣ ਉਮਰ ਨ੍ਹੀਂ ਰਹੀ।" ਗੱਜਣ ਨੇ ਉਹ ਗੱਲ ਫਿਰ ਦੁਹਰਾ ਦਿੱਤੀ।

"ਮੈਂ ਕਿਹੜਾ ਬਾਈ ਸਾਲ ਦਾਂ। ਮੈਂ ਕਹਿਨਾ ਬਈ ਜੇ ਛੋਟਾ ਭਾਈ ਵਿਆਹਿਆ ਜਾਵੇ, ਵਿੱਚੇ ਆਪਣਾ ਟੁੱਕ ਪੱਕਦਾ ਹੋ ਜੇ। ਬੁੜ੍ਹੀ ਜੇ ਘਰ ਨਾ ਹੋਵੇ, ਹੁਣ ਤਾਂ ਗੁਆਂਢਣ ਵੀ ਕੋਈ ਅੱਗ ਲੈਣ ਨ੍ਹੀਂ ਔਂਦੀ।" ਚੰਨਣ ਨੇ ਤਰਲਾ ਕੀਤਾ।

ਗੱਜਣ ਨੀਵੀਂ ਪਾਈ ਡੱਕੇ ਨਾਲ ਲਕੀਰਾਂ ਕੱਢੀ ਗਿਆ। ਚੰਨਣ ਉਹਦੇ ਕੋਲ ਖੜੋਤਾ ਸੋਟੀ ਦੀ ਹੁੱਜ ਨਾਲ ਧਰਤੀ 'ਤੇ ਬਲਦ-ਮੂਤਣੇ ਬਣਾ ਰਿਹਾ ਸੀ। ਥੋੜ੍ਹਾ ਚਿਰ ਸੁਸਤਾ ਕੇ ਉਹ ਫਿਰ ਬੋਲਿਆ-

"ਕੈਲੇ ਦੀ ਬਹੂ ਜਦ ਬਾਹਰ ਕੰਨੀ ਜਾਇਆ ਕਰੂ ਤੇ ਫੁੱਲ ਸਤਾਰਿਆਂ ਵਾਲਾ ਘੱਗਰੇ ਦਾ ਨਾਲ਼ਾ ਜਦ ਉਹਦਾ ਗਿੱਟਿਆਂ ਤਾਈਂ ਲਮਕਦਾ ਹੋਇਆ ਤਾਂ ਦੇਖ ਕੇ ਗੱਜਣਾ ਤੇਰਾ ਕਾਲਜਾ ਨ੍ਹੀਂ ਮੱਚੂ?"

"ਫਿਰ ਤਾਂ ਸਾਲ਼ਿਓ ਦੋਹਾਂ ਨੇ ਸੋਥਾ ਕਰ ਲੈਣੈ। ਮੈਨੂੰ ਬੁੜ੍ਹੇ ਖੁੰਢ ਨੂੰ ਕੀਹਨੇ ਲਵੇ ਲੱਗਣ ਦੇਣੈ।" ਗੱਜਣ ਜਿਵੇਂ ਪੱਕੀ ਕਰਦਾ ਸੀ।

"ਤੂੰ ਵੱਡਾ ਭਾਈ ਐਂ, ਪੰਜ ਕਰੀਂ, ਚਾਹੇ ਪੰਜਾਹ ਕਰੀਂ।" ਚੰਨਣ ਨੇ ਬਾਹੋਂ ਫੜ ਕੇ ਗੱਜਣ ਨੂੰ ਖੜ੍ਹਾ ਕਰ ਲਿਆ।◆

ਕੈਲੇ ਦੀ ਬਹੂ
113