ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/114

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਕਦੋਂ ਫਿਰਨਗੇ ਦਿਨ

ਪਿੰਡਾਂ ਦੇ ਅਜੋਕੇ ਜੀਵਨ ਸਬੰਧੀ ਮੈਂ ਇੱਕ ਲੇਖ ਤਿਆਰ ਕਰਨਾ ਸੀ। ਸੋਚਿਆ, ਅਖ਼ਬਾਰੀ ਤੇ ਕਿਤਾਬੀ ਅੰਕੜਿਆਂ ਨੂੰ ਲੈ ਕੇ ਗੱਲ ਨਹੀਂ ਬਣਨੀ। ਤੱਥ ਵੀ ਤਾਂ ਬਦਲਦੇ ਰਹਿੰਦੇ ਹਨ। ਕਿਉਂ ਨਾ ਕੁਝ ਪਿੰਡਾਂ ਵਿੱਚੋਂ ਘੁੰਮ ਫਿਰ ਕੇ ਸਰਵੇਖਣ ਕੀਤਾ ਜਾਵੇ। ਵੱਖ-ਵੱਖ ਘਰਾਂ ਵਿੱਚ ਜਾ ਕੇ ਪਰਿਵਾਰ ਦੇ ਲੋਕਾਂ ਨਾਲ ਗੱਲਾਂ ਕੀਤੀਆਂ ਜਾਣ। ਉਹਨਾਂ ਦੀ ਅੰਦਰਲੀ ਪੀੜ ਨੂੰ ਫੜਿਆ ਜਾਵੇ। ਫਿਰ ਕਿਤੇ ਜਾ ਕੇ ਹੀ ਲੇਖ ਵਿੱਚ ਜਾਨ ਪੈ ਸਕੇਗੀ।

ਆਪਣੇ ਸ਼ਹਿਰ ਦੇ ਨੇੜੇ ਹੀ ਇੱਕ ਪਿੰਡ ਵਿੱਚ ਮੈਂ ਚਲਿਆ ਗਿਆ। ਪ੍ਰੋਗਰਾਮ ਬਣਾ ਲਿਆ ਕਿ ਹਰ ਐਤਵਾਰ ਸਵੇਰੇ-ਸਵੇਰੇ ਜਾਇਆ ਕਰਾਂਗਾ। ਦੋ ਘੰਟੇ ਨਿੱਤ ਲਾ ਲਿਆ ਕਰਾਂਗਾ। ਏਦਾਂ ਹੀ ਪੰਜ ਸੱਤ ਐਤਵਾਰਾਂ ਵਿੱਚ ਸਾਰਾ ਪਿੰਡ ਕੱਢ ਲਵਾਂਗਾ। ਪਿੰਡ ਬਹੁਤੀ ਦੂਰ ਵੀ ਨਹੀਂ ਸੀ। ਪੱਕੀ ਸੜਕ ਸੀ। ਸਾਈਕਲ ਉੱਤੇ ਸਾਰੇ ਹੀ ਪੱਚੀ ਤੀਹ ਮਿੰਟ ਲੱਗਦੇ ਸਨ। ਸਵੇਰੇ ਜਾਓ ਤੇ ਦੁਪਹਿਰ ਹੋਣ ਤੋਂ ਪਹਿਲਾਂ-ਪਹਿਲਾਂ ਘਰ ਆ ਜਾਓ। ਇਹ ਕੰਮ ਠੰਡੇ-ਠੰਡੇ ਹੀ ਚੰਗਾ ਸੀ। ਸਵੇਰੇ-ਸਵੇਰੇ ਲੋਕ ਵੀ ਤਾਂ ਘਰਾਂ ਵਿੱਚ ਹੀ ਮਿਲ ਜਾਂਦੇ ਸਨ, ਨਹੀਂ ਤਾਂ ਫਿਰ ਉਹ ਆਪੋ-ਆਪਣੇ ਕੰਮਾਂ-ਕਾਰਾਂ ਉੱਤੇ ਚਲੇ ਜਾਂਦੇ ਹੋਣਗੇ। ਖੇਤਾਂ ਵਾਲੇ ਤਾਂ ਸੱਤ-ਸਾਢੇ ਸੱਤ ਵੱਜਣ ਨਾਲ ਘਰੋਂ ਉੱਠ ਤੁਰਦੇ ਹਨ। ਪਿਛਾਹ ਘਰਾਂ ਵਿੱਚ ਬੁੜ੍ਹੀਆਂ ਰਹਿ ਜਾਂਦੀਆਂ ਹਨ। ਔਰਤਾਂ ਘਰ ਪਰਿਵਾਰ ਦੀ ਐਨੀ ਕੁ ਸੁਰਤ ਹੁੰਦੀ ਹੈ ਤੇ ਫਿਰ ਗ਼ਰੀਬ ਪਰਿਵਾਰਾਂ ਦੀਆਂ ਔਰਤਾਂ, ਜਿਨ੍ਹਾਂ ਨੂੰ ਜੋ ਮਿਲਿਆ, ਪਕਾ-ਖਾ ਲਿਆ। ਨੀਵੀਂ ਪਾ ਕੇ ਜ਼ਿੰਦਗੀ ਨੂੰ ਧੂੰਹਦੀਆਂ ਜਾ ਰਹੀਆਂ ਹੁੰਦੀਆਂ ਹਨ ਜਾਂ ਇੱਕ ਨੀਰਸ ਜ਼ਿੰਦਗੀ ਉਹਨਾਂ ਨੂੰ ਘਸੀਟੀ ਲਈ ਤੁਰੀ ਜਾਂਦੀ ਹੈ। ਇਹ ਤਾਂ ਮਰਦ ਹੀ ਹੈ, ਜੋ ਆਪਣੇ ਹੱਡਾਂ ਉੱਤੇ ਕਰੂਰ ਦੀਆਂ ਸੱਟਾਂ ਸਹਿੰਦਾ ਹੈ। ਹਾਏ ਤੱਕ ਵੀ ਨਹੀਂ ਕਰਦਾ।

ਉਹ ਪਿੰਡ ਦੇ ਇੱਕ ਗਿਆਨੀ ਜੀ ਮੇਰੇ ਪੁਰਾਣੇ ਮਿੱਤਰ ਸਨ। ਕਿਸੇ ਸਮੇਂ ਇੱਕ ਸਕੂਲ ਵਿੱਚ ਮੇਰੇ ਨਾਲ ਪੜ੍ਹਾਇਆ ਕਰਦੇ ਸਨ। ਬੜੀ ਹੀ ਪਵਿੱਤਰ ਤੇ ਸਵੱਛ ਆਤਮਾ। ਚਿੱਟੇ-ਸਫ਼ੈਦ ਕੱਪੜੇ ਪਾ ਕੇ ਰੱਖਦੇ। ਬੰਗਾਲੀ ਕੁੜਤਾ ਤੇ ਤੰਗ ਮੂਹਰੀ ਦਾ ਪਜਾਮਾ। ਸਿਰ ਉੱਤੇ ਟਸਰੀ ਬੰਨ੍ਹ ਕੇ ਰੱਖਦੇ। ਲਾਲ ਕੁਰਮ ਦੀ ਜੁੱਤੀ। ਚੰਮ ਚੰਮ ਕਰਦੀ। ਕੁੜਤੇ ਨੂੰ ਦੋ ਖੀਸੇ ਲਵਾ ਕੇ ਰੱਖਦੇ। ਇਕ ਖੀਸੇ ਵਿੱਚ ਮੂੰਹ ਪੂੰਝਣ ਵਾਲਾ ਰੁਮਾਲ ਤੇ ਇੱਕ ਖੀਸੇ ਵਿੱਚ ਜੁੱਤੀ ਪੂੰਝਣ ਵਾਲਾ। ਮਿੱਠਾ-ਮਿੱਠਾ ਬੋਲਦੇ, ਨਿੱਕੀ-ਨਿੱਕੀ ਗੱਲ ਕਰਦੇ। ਬੋਲਦੇ ਤਾਂ

114
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ