ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/115

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਜਿਵੇਂ ਨਿੱਕੇ-ਨਿੱਕੇ ਘੁੰਗਰੂ ਛਣਕਦੇ ਹੋਣ। ਮੋਟੀ-ਮੋਟੀ ਅੱਖ। ਅੱਖਾਂ ਝਮਕਦੇ ਤਾਂ ਜਿਵੇਂ ਲੋਗੜੀ ਦੇ ਫੁੱਲਾਂ ਦੀ ਬਾਰਸ਼ ਹੁੰਦੀ ਹੋਵੇ। ਮੇਰੇ ਨਾਲ ਉਹਨਾਂ ਦਾ ਬਹੁਤ ਪ੍ਰੇਮ ਸੀ। ਖ਼ਾਲੀ ਪੀਰੀਅਡ ਵਿੱਚ ਅਸੀਂ ਇਕੱਠੇ ਹੁੰਦੇ ਤਾਂ ਗਿਆਨ-ਗੋਸ਼ਟ ਹੁੰਦੀ। ਗੱਲਾਂ ਕਰਦੇ ਵੀ ਉਹ ਕੁੜਤੇ ਤੇ ਪਜਾਮੇ ਦੇ ਵਲ਼ਾਂ ਨੂੰ ਠੀਕ ਕਰਦੇ ਰਹਿੰਦੇ। ਦਾਹੜੀ ਉੱਤੇ ਹੱਥ ਫੇਰਨਾ ਨਾ ਭੁੱਲਦੇ ਤੇ ਨਾ ਹੀ ਜੁੱਤੀ ਉੱਤੇ ਰੁਮਾਲ ਮਾਰਨ ਤੋਂ ਖੁੰਝਦੇ। ਹੁਣ ਕੁਝ ਸਾਲਾਂ ਤੋਂ ਰਿਟਾਇਰ ਹੋ ਚੁੱਕੇ ਸਨ। ਆਰਾਮ ਦੀ ਜ਼ਿੰਦਗੀ ਬਤੀਤ ਕਰ ਰਹੇ ਸਨ। ਆਰਾਮ ਦੀ ਜ਼ਿੰਦਗੀ ਤਾਂ ਉਹਨਾਂ ਨੇ ਸਾਰੀ ਉਮਰ ਹੀ ਬਤੀਤ ਕੀਤੀ ਸੀ। ਨਾ ਮੁੰਡਾ, ਨਾ ਕੁੜੀ। ਬਸ ਮੀਆਂ ਬੀਵੀ। ਕਦੇ-ਕਦੇ ਹੁਣ ਸ਼ਹਿਰ ਵਿੱਚ ਮਿਲਦੇ ਸਨ। ਦੁਆ-ਸਲਾਮ ਤੋਂ ਇਲਾਵਾ ਉਹ ਖੜ੍ਹ ਕੇ ਆਪਣੀ ਆਦਤ ਅਨੁਸਾਰ ਏਧਰ-ਉਧਰ ਦੀਆਂ ਗੱਲਾਂ ਵੀ ਕਰ ਜਾਂਦੇ ਸਨ। ਕਿੰਨੇ ਹੀ ਵਾਰ ਆਖਿਆ ਸੀ, "ਆਓ ਕਦੇ। ਸਾਡਾ ਪਿੰਡ ਵੀ ਇੱਕ ਵਾਰ ਪਵਿੱਤਰ ਕਰ ਆਓ। ਚੌਵੀ ਘੰਟੇ ਪੋਥੀਆਂ ਵਿੱਚ ਹੀ ਨਾ ਵੜੇ ਰਹਿਆ ਕਰੋ।"

ਇੱਕ ਦਿਨ ਮੈਂ ਤੇ ਗਿਆਨੀ ਜੀ ਪਿੰਡ ਦੇ ਚਮਿਆਰਾਂ ਵਿਹੜੇ ਜਾ ਵੜੇ। ਗਿਆਨੀ ਜੀ ਤਾਂ ਪਹਿਲਾਂ ਹੀ ਨੱਕ ਮਾਰ ਰਹੇ ਸਨ- "ਭਾਈ ਸਾਅਬ, ਕਿੱਥੇ ਚੰਮਾਂ ਦੇ ਮੁਸ਼ਕ ਵਿੱਚ ਲੈ ਕੇ ਜਾਉਗੇ। ਏਥੇ ਧਰਮਸ਼ਾਲਾ ਵਿੱਚ ਈ ਕਿਸੇ ਰਮਦਾਸੀਏ ਨੂੰ ਬੁਲਾ ਲੈਨੇ ਆਂ। ਸਾਰੀਆਂ ਗੱਲਾਂ ਪੁੱਛ ਲਵਾਂਗੇ। ਸਭ ਦੱਸ ਦਊ। ਪੁੱਛੀ ਜਾਇਓ, ਜੋ ਪੁੱਛਣੈਂ।"

ਮੈਂ ਜ਼ੋਰ ਦਿੱਤਾ- "ਨਹੀਂ ਗਿਆਨੀ ਜੀ, ਓਥੇ ਉਹਨਾਂ ਦੇ ਘਰ ਵਿੱਚ ਜਾਣਾ ਈ ਠੀਕ ਰਹੇਗਾ। ਮੈਂ ਉਹਨਾਂ ਦੇ ਘਰ ਦੇਖਣਾ ਚਾਹੁੰਦਾ ਹਾਂ। ਉਹਨਾਂ ਦੇ ਗੁਸਲਖਾਨੇ, ਉਹਨਾਂ ਦੇ ਮੰਜੇ-ਕੱਪੜੇ, ਭਾਂਡੇ, ਕਮਰਿਆਂ ਦੀਆਂ ਛੱਤਾਂ, ਸੁਣਿਐ-ਚਮਿਆਰਾਂ ਦੇ ਘਰਾਂ 'ਚ ਹੁਣ ਤਾਂ ਮੱਝਾਂ-ਗਾਵਾਂ ਕਿੱਲੇ ਬੰਨ੍ਹੀਆਂ ਹੁੰਦੀਆਂ ਨੇ। ਅੱਖੀਂ ਦੇਖ ਕੇ ਆਵਾਂਗੇ।"

ਗਿਆਨੀ ਜੀ ਗੁੱਝਾ-ਗੁੱਝਾ ਮੁਸਕਰਾਏ। ਉਹਨਾਂ ਦੀਆਂ ਅੱਖਾਂ ਵਿੱਚ ਥੋੜ੍ਹੀ-ਥੋੜ੍ਹੀ ਖਿਝ ਵੀ ਸੀ, ਪਰ ਮੇਰੇ ਜ਼ੋਰ ਦੇਣ 'ਤੇ ਉਹਨਾਂ ਦੀ ਕੋਈ ਪੇਸ਼ ਨਾ ਗਈ। ਨਾਂਹ-ਨਾਂਹ ਕਰਦੇ ਵੀ ਉਹ ਮੇਰੇ ਨਾਲ ਤੁਰਦੇ ਗਏ। ਇਹਨਾਂ ਦਿਨਾਂ ਵਿੱਚ ਉਹਨਾਂ ਦਾ ਸੱਜਾ ਗੋਡਾ ਦਰਦ ਕਰਨ ਲੱਗ ਪਿਆ ਸੀ। ਸੋ ਹੱਥ ਵਿੱਚ ਬੈਂਤ ਦੀ ਖੂੰਡੀ ਦਾ ਵਾਧਾ ਹੋ ਗਿਆ ਸੀ। ਪਿੰਡ ਦੇ ਮੋੜ ਮੁੜਦਿਆਂ ਉਹ ਆਪਣੀ ਖੂੰਡੀ ਦਾ ਇਸ਼ਾਰਾ ਕਰਦੇ ਤੇ ਅਸੀਂ ਓਧਰ ਨੂੰ ਹੀ ਮੋੜ ਕੱਟ ਕੇ ਤੁਰਦੇ ਜਾ ਰਹੇ ਸਾਂ।

ਚਮਿਆਰਾਂ ਵਿਹੜੇ ਦੀਆਂ ਨਿੱਕੀਆਂ-ਨਿੱਕੀਆਂ ਗਲੀਆਂ। ਦੋ-ਚਾਰ ਘਰਾਂ ਬਾਅਦ ਹੀ ਮੋੜ ਆ ਜਾਂਦਾ। ਗਲੀਆਂ ਦੇ ਫਰਸ਼ ਪੱਕੇ ਸਨ। ਖੜਵੀਂ ਇੱਟ ਨਾਲ ਭਰੇ ਹੋਏ। ਮਕਾਨ ਵੀ ਪੱਕੇ ਸਨ, ਪਰ ਉਹਨਾਂ ਦੀ ਬਣਤਰ ਪਹਿਲਾਂ ਵਾਲੀ ਹੀ। ਨਿੱਕੀਆਂ-ਨਿੱਕੀਆਂ ਕੋਠੜੀਆਂ ਜਿਹੀਆਂ। ਨਿੱਕੀਆਂ-ਨਿੱਕੀਆਂ ਬਾਰੀਆਂ ਤੇ ਛੋਟੇ ਦਰਵਾਜ਼ੇ। ਕਿਸੇ-ਕਿਸੇ ਵਿਹੜੇ ਵਿੱਚ ਕੋਈ ਮੱਝ ਖੜ੍ਹੀ ਵੀ ਦਿਸੀ। ਨਿਆਣੇ ਬਹੁਤ। ਚੀਂਘ-ਚੰਘਿਆੜਾ ਪਿਆ ਹੋਇਆ। ਜਿਵੇਂ ਕਿਸੇ ਪ੍ਰਾਇਮਰੀ ਸਕੂਲ ਵਿੱਚ ਆ ਵੜੇ ਹੋਈਏ ਤੇ ਅੱਧੀ ਛੁੱਟੀ ਦਾ ਵਕਤ ਹੋਵੇ।

ਨਿੱਕੀ ਜਿਹੀ ਦਰਵਾਜੜੀ ਵਿੱਚ ਇੱਕ ਕੱਚੇ ਚੌਂਤਰੇ ਉੱਤੇ ਕੋਈ ਜਣਾ ਜੁੱਤੀ ਸਿਉਂ ਰਿਹਾ ਸੀ। ਉਮਰ ਪੰਜਾਹ ਦੇ ਨੇੜੇ-ਤੇੜੇ ਹੋਵੇਗੀ। ਤੇੜ ਚਾਰਖ਼ਾਨੇ ਦੀ ਚਾਦਰ,

ਕਦੋਂ ਫਿਰਨਗੇ ਦਿਨ

115