ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/117

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਨਿੱਕੀਆਂ ਬਾਜ਼ ਵਰਗੀਆਂ ਤੇਜ਼-ਚਮਕਦਾਰ ਅੱਖਾਂ। ਹੱਥ ਵਿੱਚ ਇੱਕ ਡੱਕਾ। ਦੋਵੇਂ ਹੱਥਾਂ ਵਿੱਚ ਡੱਕਾ ਬਿੰਦੇ-ਬਿੰਦੇ ਘਮਾਉਂਦਾ। ਕਦੇ-ਕਦੇ ਇੱਕ ਹੱਥ ਵਿੱਚ ਡੱਕਾ ਫੜ ਕੇ ਦੂਜੇ ਹੱਥ ਨਾਲ ਸਿਰ ਕੰਨ ਜਾਂ ਗਰਦਨ ਉੱਤੇ ਖੁਰਕ ਕਰਦਾ।

"ਮਹਿਕਮਾ ਤਾਂ ਇਨ੍ਹਾਂ ਦਾ ਕੋਈ ਨ੍ਹੀਂ ਇਹ ਤਾਂ ਲੇਖਕ ਨੇ। ਬਸ ਆਪਣੇ ਵਾਸਤੇ ਈ ਲਿਖਦੇ ਨੇ। ਗਿਆਨੀ ਜੀ ਨੇ ਸਪਸ਼ਟ ਕੀਤਾ।"

ਦੂਜਾ ਬੰਦਾ ਮਿੰਨ੍ਹਾ ਮਿੰਨ੍ਹਾ ਹੱਸਿਆ। ਕਹਿੰਦਾ-ਹੱਛਾ-ਹੱਛਾ, ਮੈਂ ਤਾਂ ਸਮਝਿਆ ਸੀ ਭਾਈ, ਕਿਤੇ ਕੋਈ ਸਰਕਾਰੀ ਬੰਦਾ ਆਇਐ। ਘਰਾਂ ਦੀ ਹਾਲਤ ਦੇਖਣ ਆਇਐ। ਕੀਹ ਐ ਭਾਈ, ਸਰਕਾਰ ਨੇ ਕੋਈ ਮੱਦਤ ਕਰਨੀ ਹੋਵੇ। ਉਹਨੇ ਆਪਣੀ ਟੁੱਟੀ ਕਮਾਨੀ ਵਾਲੀ ਐਨਕ ਥਾਂ ਸਿਰ ਕੀਤੀ। ਦਾਹੜੀ ਮੁੱਛਾਂ ਥੋੜ੍ਹੀਆਂ-ਥੋੜ੍ਹੀਆਂ, ਪਰ ਚਿੱਟੀਆਂ ਗੋਹੜੇ ਵਰਗੀਆਂ। ਨੀਲੀ ਪੱਗ ਬੰਨ੍ਹੀ ਹੋਈ ਸੀ। ਮਿਚੀਆਂ ਹੋਈਆਂ ਅੱਖਾਂ। ਜਿਵੇਂ ਦਿਸਦਾ ਹੀ ਨਾ ਹੋਵੇ। ਹੱਛਾ-ਹੱਛਾ, ਤਾਂ ਕਰੋ ਭਾਈ ਗੱਲ? ਉਸਨੇ ਫਿਰ ਹੱਸ ਕੇ ਆਖਿਆ।

ਮਦਦ ਸਰਕਾਰ ਕਰੀ ਤਾਂ ਜਾਂਦੀ ਐ। ਪੀਲੇ ਕਾਰਡ ਬਣ 'ਗੇ ਨੇ ਸਭ ਦੇ। ਗਿਆਨੀ ਜੀ ਨੇ ਦੱਸਿਆ।

"ਪੀਲੇ ਕਾਰਡਾਂ ਦੀ ਸੁਣ ਲੋ, ਮੈਂ ਦੱਸ ਦਿਨਾਂ ਇਹ ਵੀਂ।" ਨੌਜਵਾਨ ਬੋਲਿਆ।

"ਤੂੰ ਦੱਸ ਲੈ, ਜਿਹੜਾ ਦੱਸਣੈ।" ਗਿਆਨੀ ਜੀ ਉਹਦੇ ਵੱਲ ਘੂਰ ਕੇ ਬੋਲੇ।

"ਇਹ ਪੀਲੇ ਕਾਰਡ ਵੀ ਇੱਕ ਢਕੌਂਸਲਾ ਐ। ਜਿਹੜੇ ਮ੍ਹਾਤੜ ਰਹਿ 'ਗੇ। ਨਾ ਪਤਾ ਲੱਗਿਆ, ਦਿਹਾੜੀ ’ਤੇ ਗਿਆਂ ਨੂੰ ਪਤਾ ਵੀ ਕੀ ਲੱਗੇ। ਅਖੇ ਜੀ, ਹੁਣ ਤਾਂ ਡੇਟ ਨਿੱਕਲ 'ਗੀ। ਪਹਿਲਾਂ ਕਿਉਂ ਨਾ ਦਿੱਤਾ ‘ਫ਼ਾਲਮ’। ਬਸ ਮ੍ਹਾਤੜ ਤਾਂ ਇਉਂ ਈ ਰਹਿ 'ਗੇ। ਇੱਕ ਗੱਲ..."

"ਦੂਜੀ ਵੀ ਸੁਣਾ ਦੇ ਹੁਣ।" ਗਿਆਨੀ ਜੀ ਹੀ ਬੋਲੇ।

"ਜੀਹਨਾਂ ਦੇ ਅੱਗ ਲਾਈ ਨ੍ਹੀਂ ਲੱਗਦੀ, ਉਹ ਵੀ ਕਾਰਡ ਬਣਵਾਈ ਫਿਰਦੇ ਨੇ, ਖਾਦ, ਖੰਡ, ਸੀਮਿੰਟ ਹੋਰ ਜਿੰਨੀ ਵੀ ਚੀਜ਼ ਐ, ਲੈਣੀ ਹੁੰਦੀ ਐ ਤਾਂ 'ਵਿਹੜੇ' 'ਚੋਂ 'ਕੱਠੇ ਕਰਕੇ ਲੈ ਜਾਂਦੇ ਨੇ ਕਾਰਡ। ਅਸੀਂ ਭਲਾ ਖਾਦ, ਖੰਡ, ਸੀਮਿੰਟ ਕੀ ਕਰਨਾ ਹੁੰਦੈ। ਹੋਰ ਸੁਣ ਲੋ।"

"ਉਹ ਵੀ ਸੁਣਾ ਦੇ। ਗਿਆਨੀ ਜੀ ਕੰਨ ਵਿੱਚ ਉਂਗਲ ਫੇਰਨ ਲੱਗ ਪਏ ਸਨ।"

ਨੌਜਵਾਨ ਦੀਆਂ ਗੱਲਾਂ ਸੁਣ ਕੇ ਬੁੱਢਾ ਤੇ ਤੋਤੀ ਬੁੱਲ੍ਹਾਂ ਵਿੱਚ ਪੋਲਾ-ਪੋਲਾ ਮੁਸਕਰਾਉਂਦੇ। ਤੋਤੀ ਉਹਦੇ ਮੂੰਹ ਵੱਲ ਦੇਖਣ ਲੱਗਦਾ ਤੇ ਬੁੱਢਾ ਅੱਖਾਂ ਪੁੱਟਣ ਦੀ ਨਿਸਫ਼ਲ ਕੋਸ਼ਿਸ਼ ਕਰਦਾ। ਮੈਂ ਆਪਣੀ ਕਾਪੀ ਉੱਤੇ ਲਿਖਦਾ ਜਾ ਰਿਹਾ ਸਾਂ।

"ਸਾਨੂੰ ਇਨ੍ਹਾਂ ਪੀਲੇ ਕਾਰਡਾਂ ਦਾ ਕੋਈ ਰੇਜ ਨ੍ਹੀਂ। ਕਾਰਡਾਂ ਦਾ ਫ਼ੈਦਾ ਵੀ ਖਾਂਦੇ-ਪੀਂਦੇ ਲੋਕ ਈ ਲੈਂਦੇ ਨੇ। ਭਲਾ ਅਸੀਂ ਕਰਜਾ ਕੀ ਕਰਨੈ? ਮੋੜਾਂਗੇ ਕਿੱਥੋਂ? ਰੁਪਈਏ ਨੂੰ ਰੁਪਈਆ ਖਿੱਚਦੈ ਮਾਰ੍ਹਾਜ।" ਕਹਿ ਕੇ ਨੌਜਵਾਨ ਨੇ ਪੱਗ ਨੂੰ ਠੀਕ ਜਿਹਾ ਕੀਤਾ।

ਗਿਆਨੀ ਜੀ ਹੁਣ ਚੁੱਪ ਸਨ। ਕਹਿਣ ਲੱਗੇ- "ਹੋਰ ਕੋਈ ਗੱਲ ਪੁੱਛੋ, ਭਾਈ ਸਾਅਬ?"

"ਤੋਤੀ ਸਿੰਘ ਜੀ, ਤੁਸੀਂ ਦੱਸੋ।" ਮੈਂ ਉਹਦੇ ਵੱਲ ਆਪਣੇ ਪੈੱਨ ਦਾ ਇਸ਼ਾਰਾ ਕੀਤਾ।

ਕਦੋਂ ਫਿਰਨਗੇ ਦਿਨ
117