ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/119

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

"ਅੱਛਾ, ਤੋਤੀ ਸਿੰਘ ਜੀ, ਤੁਸੀਂ ਇਹ ਜੁੱਤੀਆਂ ਸਿਉਣ ਦਾ ਕੰਮ ਕਿਉਂ ਕਰਦੇ ਓਂ?"

"ਹੋਰ ਕੀ ਕਰੀਏ, ਸਰਦਾਰ ਸਾਅਬ?"

"ਮੇਰਾ ਮਤਲਬ, ਤੁਸੀਂ ਪੰਜ-ਚਾਰ ਘਰ ਈ ਇਹ ਕੰਮ ਕਰਦੇ ਓਂ। ਬਾਕੀ ਤਾਂ ਹੋਰ ਕੰਮਾਂ ’ਚ ਪੈ ਗਏ ਨੇ, ਤੁਸੀਂ ਹੋਰ ਕੰਮ ਕਿਉਂ ਨ੍ਹੀਂ ਕਰ ਲੈਂਦੇ।"

"ਇਹੀ ਦੱਸਦਾਂ ਜੀ ਮੈਂ, ਪੰਜਾਹ ਸਾਲ ਦੀ ਉਮਰ ਹੋ 'ਗੀ। ਹੁਣ ਹੋਰ ਕਿਹੜਾ ਕੰਮ ਕਰਾਂਗੇ। ਬਸ ਇਹੀ ਔਂਦੈ, ਕਰੀ ਜਾਨੇ ਆਂ। ਜੂਨ-ਗੁਜ਼ਾਰਾ ਹੋਈ ਜਾਂਦੈ।"

"ਜੁੱਤੀ ਕਿੰਨੇ ਦੀ ਤਿਆਰ ਕਰ ਦਿੰਨੇ ਓਂ?"

"ਚਾਲੀ ਵੀ ਲੈ ਲੈਨੇ ਆਂ, ਪੈਂਤੀ ਵੀ ਪਣਚਾਲੀ-ਪੰਜਾਹ ਦੀ ਵੀ ਤਿਆਰ ਕਰ ਦਿੰਨੇ ਆਂ।"

"ਮੰਗਾਈ ਨੂੰ ਅੱਗ ਲੱਗੀ ਪਈ ਐ, ਮਾਰ੍ਹਾਜ। ਚਮੜਾ ਸ਼ਹਿਰੋਂ ਮੁੱਲ ਲਿਉਣਾ ਪੈਂਦਾ। ਪਹਿਲਾਂ ਤਾਂ ਘਰੇ ਈ ਤਿਆਰ ਕਰ ਲੈਂਦੇ ਸੀ। ਸਸਤਾ ਪੈਂਦਾ ਸੀ। ਹੁਣ ਠੇਕਾ ਹੋਣ ਲੱਗ ਪਿਆ, ਮੁਰਦਾਰ ਦਾ।" ਬੁੱਢਾ ਝੋਰਾ ਕਰ ਰਿਹਾ ਸੀ।

"ਊਂ ਤਾਂ ਸੁਣ ਕੇ ਤੁਸੀਂ ਹੱਸੋਗੇ, ਐਤਕੀਂ ਠੇਕਾ ਵੀ ਇੱਕ ਬਾਣੀਏ ਨੇ ਲਿਐ।" ਨੌਜਵਾਨ ਉੱਚੀ ਆਵਾਜ਼ ਵਿੱਚ ਬੋਲਿਆ।

ਮਰੇ ਪਸ਼ੂਆਂ ਨੂੰ ਫਿਰ ਚੱਕਦਾ ਕੌਣ ਐ? ਮੈਂ ਪੁੱਛਿਆ।

"ਚੱਕਦੇ ਤਾਂ ਸਾਡੀ ਬਿਆਦਰੀ ਦੇ ਲੋਕ ਨੇ। ਮਹਾਜਨ ਇੱਕ ਪਸ਼ੂ ਦੇ ਵੀਹ ਰੁਪਈਏ ਦਿੰਦੈ। ਹੱਡਾ ਰੋੜੀ ਵਿੱਚ ਲਿਜਾਣ ਤੇ ਪਸ਼ੂ ਦੀ ਖੱਲ ਲਾਹੁਣ ਦੇ। ਉੱਥੇ ਈ ਕੋਠਾ ਪਾਇਆ ਵਿਐ। ਉੱਥੋਂ ਈਂ ਲੈ ਜਾਂਦੇ ਨੇ ਖੱਲਾਂ, ਵਪਾਰੀ। ਹੱਡਾਂ ਦਾ ਢੇਰ ਖੜ੍ਹਾ ਕਰ ਰੱਖਿਐ, ਕਣਕ ਦੇ ਲਾਂਗੇ ਆਗੂੰ। ਉਹਨੂੰ ਵੀ ਟਰੱਕ ਭਰ ਕੇ ਵੇਚਦੈ।" ਬੁੱਢੇ ਨੇ ਦੱਸਿਆ।

ਵਿਹੜੇ ਵਿੱਚ ਇੱਕ ਕੋਲੇ ਲੌਣੇ ਪੱਲਾ ਕਰਕੇ ਬੈਠੀ ਔਰਤ ਨੇ ਤੋਤੀ ਨੂੰ ਕਿਹਾ "ਭਾਈਆਂ ਨੂੰ ਚਾਹ ਪਾਣੀ ਤਾਂ ਪਿਆਓ।"

ਉਹ ਕਦੋਂ ਦੀ ਉੱਥੇ ਚੁੱਪ ਕੀਤੀ ਬੈਠੀ ਹੋਈ ਸੀ। ਨਾ ਹਿੱਲਦੀ-ਜੁਲਦੀ ਸੀ, ਨਾ ਬੋਲਦੀ। ਉਹਨੇ ਤਾਂ ਖੰਘਿਆ ਵੀ ਨਹੀਂ ਸੀ। ਬਸ ਬੁੱਤ ਦਾ ਬੁੱਤ ਬਣੀ ਬੈਠੀ ਰਹੀ ਸੀ। ਉਹਨੇ ਸਾਡੀਆਂ ਪੁਰਾਣੀਆਂ ਗੱਲਾਂ ਸੁਣੀਆਂ ਹੋਣਗੀਆਂ।

"ਪੁੱਛ ਲੈਨੇ ਆਂ। ਕੀ ਪਤਾ ਇਹ ਆਪਣੀ ਚਾਹ ਪੀਣਗੇ ਵੀ ਕਿ ਨਹੀਂ।" ਕਹਿ ਕੇ ਤੋਤੀ ਨੇ ਸੰਦੂਕੜੀ ਖੋਲ੍ਹੀ। ਵਿਚਲੇ ਸਾਮਾਨ ਨੂੰ ਏਧਰ-ਓਧਰ ਖੜਕਾਉਣ ਲੱਗਿਆ ਤੇ ਫਿਰ ਇੱਕ ਰੁਪਏ ਦਾ ਸਿੱਕਾ ਕੱਢ ਕੇ ਨੌਜਵਾਨ ਦੇ ਹੱਥ ਫੜਾਇਆ। ਜਾਹ ਸ਼ੇਰਾ, ਅਹਿ ਰੌਣਗੀ ਦੀ ਹੱਟ ਤੋਂ ਦੁੱਧ ਫੜ ਕੇ ਲਿਆ।"

ਗਿਆਨੀ ਜੀ ਇਸ ਤਰ੍ਹਾਂ ਕਾਹਲ ਵਿੱਚ ਪੈ ਗਏ, ਜਿਵੇਂ ਮਖਿਆਲ ਦੀਆਂ ਮੱਖੀਆਂ ਨੇ ਘੇਰ ਲਏ ਹੋਣ। "ਨਹੀਂ ਤੋਤੀ ਸਿਆਂ, ਚਾਹ ਨੂੰ ਰਹਿਣ ਦੇ। ਹੁਣੇ ਪੀ ਕੇ ਆਏ ਆਂ।"

ਉਸ ਦਿਨ ਮੈਂ ਸਦੇਹਾਂ ਹੀ ਆ ਗਿਆ ਸਾਂ। ਗਿਆਨੀ ਮੈਨੂੰ ਬੈਂਕ ਕੋਲ ਹੀ ਟੱਕਰ ਪਿਆ ਸੀ ਤੇ ਫਿਰ ਅਸੀਂ ਸਿੱਧਾ ਏਧਰ ਹੀ ਵਿਹੜੇ ਵੱਲ ਆ ਗਏ ਸੀ। ਗਿਆਨੀ ਨੇ

ਕਦੋਂ ਫਿਰਨਗੇ ਦਿਨ

119