ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/120

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਆਖਿਆ ਸੀ- "ਚੱਲ, ਪਹਿਲਾਂ ਕੰਮ ਨਬੇੜ ਲਈਏ। ਚਾਹ ਫਿਰ ਆ ਕੇ ਈ ਪੀਵਾਂਗੇ।" ਉਸ ਦਿਨ ਉਹਦਾ ਪ੍ਰੋਗਰਾਮ ਗਿੱਲ-ਪੱਤੀ ਵਿੱਚ ਜਾਣ ਦਾ ਸੀ, ਜਦੋਂ ਕਿ ਮੈਂ ਮੱਲੋਮੱਲੀ ਉਹਨੂੰ ਚਮਿਆਰਾਂ-ਵਿਹੜੇ ਖਿੱਚ ਲਿਆਇਆ ਸਾਂ।

ਵਿਹੜੇ ਵਿੱਚ ਹੀ ਬੁੜ੍ਹੀ ਨੇ ਅੱਕ ਦੇ ਸੁੱਕੇ ਕਾਮੜਿਆਂ ਨਾਲ ਚੁੱਲ੍ਹੇ ਵਿੱਚ ਅੱਗ ਮਚਾਈ ਤੇ ਚਾਹ ਧਰ ਲਈ। ਨੌਜਵਾਨ ਦੁੱਧ ਲੈ ਆਇਆ। ਆਉਣ ਸਾਰ ਕਹਿੰਦਾ-"ਰੁਪਈਏ ਦਾ ਮਸਾਂ ਪਾਈਆ ਦੁੱਧ ਪਾਇਐ ਕੰਜਰ ਦੇ ਕਰਿਆੜ ਨੇ। ਅੱਗ ਲੱਗੀ ਪਈ ਐ ਚੀਜ਼ਾਂ ਨੂੰ ਤਾਂ। ਕੀ ਗੰਜੀ ਨ੍ਹਾਹ ਲੂ, ਕੀ ਨਚੋੜ ਲੂ।" ਦੁੱਧ ਦੀ ਗੜਵੀ ਫੜਾਉਂਦਾ ਕਹਿਣ ਲੱਗਿਆ "ਤਾਈ, ਇਹਨਾਂ ਜੋਗੀ ਕਰ ਦੇ। ਸਾਡਾ ਪਾਣੀ ਨਾ ਪਾ ਬੈਠੀਂ।"

"ਓਏ ਘੁੱਟ-ਘੁੱਟ ਲੈ ਲਿਓ, ਸਾਰੇ ਈ, ਤੱਤਾ ਪਾਣੀ ਐ। ਬਹੁਤਾ ਪੀ ਲੋ, ਥੋੜ੍ਹਾ ਪੀ ਲੋ। ਹੁਣ ਤਾਂ ਚਾਹਾਂ ਈ ਰਹਿ 'ਗੀਆਂ। ਦੁੱਧ-ਲੱਸੀਆਂ ਤਾਂ ਗਏ।" ਤੋਤੀ ਸਿੰਘ ਨੇ ਜਿਵੇਂ ਆਪਣੀ ਸਾਰੀ ਜ਼ਿੰਦਗੀ ਉੱਤੇ ਝਾਤ ਮਾਰ ਲਈ ਹੋਵੇ।

"ਕਿਉਂ ਸਰਦਾਰ ਜੀ। ਵੋਟਾਂ ਤਾਂ ਹਰ ਵਾਰੀ ਪੌਨੇ ਆਂ। ਕਦੇ ਨੀਲੀਆਂ ਪੱਗਾਂ ਆਲੇ, ਕਦੇ ਚਿੱਟੀਆਂ ਪੱਗਾਂ ਆਲੇ। ਬਣਦਾ ਕਰਦਾ ਤਾਂ ਕੁਛ ਦੀਂਹਦਾ ਨ੍ਹੀਂ। ਓਹੀ ਬਾਹਾਂ, ਓਹੀ ਕਹਾੜੀ। ਕਦੋਂ ਫਿਰਨਗੇ ਦਿਨ?" ਬੁੱਢੇ ਨੇ ਪੁੱਛਿਆ।

"ਦਿਨ ਤਾਂ ਮੈਂ ਕਹਿਨਾਂ, ਗਿਆਨੀ ਜੀ, ਫਿਰਨ ਵਾਲਿਆਂ ਦੇ ਤਾਂ ਬਥੇਰਾ ਫਿਰਦੇ ਨੇ। ਇੱਕ ਪਾਸੇ ਤਾਂ ਧੜਾਂ ਜੋੜੀ ਜਾਂਦੇ ਨੇ। ਇੱਕ ਪਾਸੇ ਆਥਣ ਦੀ ਰੋਟੀ ਦਾ ਫ਼ਿਕਰ ਐ।" ਨੌਜਵਾਨ ਨੇ ਫੜਾਕ ਦੇ ਕੇ ਗੱਲ ਆਖੀ।

ਬੁੱਢਾ ਬੋਲਿਆ- "ਸਾਡੀ ਉਮਰ ਤਾਂ ਗਈ ਭਾਈ। ਗਹਾਂ ਦੇਖੋ ਕੀਹ ਐ, ਕੋਈ ਜੰਮ ਪੇ ਤਪ ਤੇਜ ਆਲਾ।"

ਤੋਤੀ ਕਹਿੰਦਾ- "ਇੱਕ ਕੋਈ ਤਪ ਤੇਜ ਆਲਾ ਹੁਣ ਕੀ ਕਰੂ ਭਰਾਵਾ। ਲਾ ਬੱਚੇ-ਬੁੱਢੇ ਤੋਂ, ਤੀਵੀਆਂ ਆਦਮੀ ਸਭ, ਗੱਭਰੂ, ਪੜ੍ਹਿਆ-ਅਨਪੜ੍ਹ, ਕੁਲ ਖਲਕਤ ਉੱਠੂਗੀ, ਤਾਂ ਈਂ ਕੁਛ ਬਣੂੰ। 'ਕੱਲੇ-ਦੁਕੱਲੇ ਨੂੰ ਤਾਂ ਸਰਕਾਰ ਖੰਘਣ ਨ੍ਹੀਂ ਦਿੰਦੀ। ਤੇਰੀ ਆਖਤ, ਇਹ ਨੀਲੀਆਂ-ਚਿੱਟੀਆਂ ਪੱਗਾਂ ਆਲੇ ਤਾਂ ਕੁਰਸੀ ਦੇ ਭਾਈਵਾਲ ਨੇ। ਕੁਰਸੀ ਮਿਲ 'ਗੀ, ਬਸ ਤਰਲੋਕੀ ਦੀ ਮਾਇਆ ਮਿਲ 'ਗੀ। ਫਿਰ ਕਿਸੇ ਨੂੰ ਕੌਣ ਸਿਆਣਦੈ। ਪਹਿਲਾਂ ਤਾਂ ਕੁਰਸੀਆਂ ਨੂੰ ਫੂਕੋ।" ਤੋਤੀ ਬੋਲ ਰਿਹਾ ਸੀ, ਜਿਵੇਂ ਉਹਦੇ ਧੁਰ ਕਾਲਜੇ ਵਿੱਚੋਂ ਕੋਈ ਲਾਵਾ ਫੁੱਟ ਰਿਹਾ ਹੋਵੇ।

"ਹੁਣ ਕੀਤੀ ਐ ਨਾ, ਖਰੀ ਗੱਲ ਤਾਏ ਨੇ। ਪਹਿਲਾਂ ਤਾਂ ਮੁਟਕੜੀ ਮਾਰੀ ਬੈਠਾ ਰਹਿਆ। ਤਾਇਆ ਵੀ ਨਾਗ ਐ। ਬੈਠਾ ਈ ਵਿਉਹ ਘੋਲੀ ਜਾਊ। ਆਇਓਂ ਬੋਲਿਆ ਕਰ, ਕੜਾਕ ਕੜਾਕ।" ਨੌਜਵਾਨ ਖ਼ੁਸ਼ ਸੀ।

ਬੁੜ੍ਹੀ ਚਾਹ ਲੈ ਕੇ ਆਈ। ਸਾਨੂੰ ਦੋ ਕੱਚ ਦੇ ਗਿਲਾਸ। ਉਹਨਾਂ ਤਿੰਨਾਂ ਨੂੰ ਪਿੱਤਲ ਦੀਆਂ ਬਾਟੀਆਂ।

ਗਿਆਨੀ ਜੀ ਨੇ ਗਿਲਾਸ ਨਹੀਂ ਫੜਿਆ। ਬਸ ਇੱਕੋ ਟੰਗ ’ਤੇ ਖੜ੍ਹਾ ਰਿਹਾ। ਅਖੇ, ਮੈਂ ਤਾਂ ਚਾਹ ਕਦੇ ਮੂੰਹ ਉੱਤੇ ਧਰ ਕੇ ਨਹੀਂ ਦੇਖੀ। ਮੈਂ ਉਹਦੀ ਚਾਲ ਨੂੰ ਜਾਣਦਾ ਸਾਂ। ਮੈਂ ਕੁਝ ਨਹੀਂ ਆਖਿਆ। ਨਹੀਂ ਤਾਂ ਮੈਨੂੰ ਕਿਹੜਾ ਪਤਾ ਨਹੀਂ ਸੀ ਕਿ ਗਿਆਨੀ ਲੌਂਗ-ਲੈਚੀ ਪਾ ਕੇ ਚਾਹ ਪੀਣ ਦਾ ਸ਼ੌਕੀਨ ਹੈ। ਬਸ ਕੋਹੜਾ ਐਵੇਂ ਹੀ ਸੂਗ ਮੰਨ ਗਿਆ।

120

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ