ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/121

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਅਸੀਂ ਤੋਤੀ ਦੇ ਅੱਡੇ ਤੋਂ ਉੱਠੇ। ਚਮਿਆਰਾਂ-ਵਿਹੜੇ ਵਿੱਚੋਂ ਬਾਹਰ ਆ ਕੇ ਮੈਂ ਆਖਿਆ ਗਿਆਨੀ ਜੀ ਬੱਸ-ਅੱਡਿਆਂ, ਬਾਜ਼ਾਰਾਂ, ਕਚਹਿਰੀਆਂ ਤੇ ਹੋਰ ਅਨੇਕਾਂ ਥਾਵਾਂ 'ਤੇ ਆਪਾਂ ਚਾਹਾਂ ਪੀਨੇ ਆਂ, ਤੁਸੀਂ ਸੌ ਵਾਰੀ ਮੇਰੇ ਨਾਲ ਦੁਕਾਨ ਦੀ ਚਾਹ ਪੀਤੀ ਐ, ਉੱਥੇ ਕੀ ਸਾਰੇ ਈ ਪੰਡਤਾਂ ਦੀਆਂ ਦੁਕਾਨਾਂ ਨੇ। ਅੱਜ ਰਾਮਦਾਸੀਆਂ ਦੀ ਚਾਹ ਪੀ ਲੈਂਦਾ, ਦੱਸ ਕੀ ਤੇਰੇ ਕੋਹੜ ਚੱਲ ਜਾਂਦਾ।"

"ਓਏ ਨਹੀਂ ਯਾਰ, ਇਹ ਲੋਕ ਗੰਦੇ ਬਹੁਤ ਰਹਿੰਦੇ ਐ। ਮੁਸ਼ਕ ਤਾਂ ਦੇਖ ਕਿਵੇਂ ਮਾਰੀ ਜਾਂਦਾ ਸੀ, ਤੋਤੀ ਦੇ ਘਰ ’ਚੋਂ। ਮੈਂ ਤਾਂ ਆਇਓਂ ਹੈਰਾਨ ਹਾਂ, ਇਹ ਲੋਕ ਰਹਿੰਦੇ ਕਿਵੇਂ ਨੇ ਇਹਨਾਂ ਘਰਾਂ ਵਿੱਚ। ਗਿਆਨੀ ਜੀ ਨੇ ਗੱਲਾਂ ਕਰਦਿਆਂ ਵੀ ਹੁਣ ਨੱਕ ਉੱਤੇ ਰੁਮਾਲ ਲਿਆ ਹੋਇਆ ਸੀ।"

"ਇਹ ਇਨ੍ਹਾਂ ਲੋਕਾਂ ਦਾ ਕਸੂਰ ਨਹੀਂ, ਗਿਆਨੀ ਜੀ ਮਹਾਰਾਜ। ਇਹਨਾਂ ਲੋਕਾਂ ਨੂੰ ਨਫ਼ਰਤ ਨਾ ਕਰੇ ਪਿਆਰਿਓ, ਨਾ ਹੀ ਇਹਨਾਂ ਦੀ ਗੰਦਗੀ ਨੂੰ। ਉਸ ਜਮਾਤ ਨੂੰ ਨਫ਼ਰਤ ਕਰੋ, ਜਿਨ੍ਹਾਂ ਦੀ ਲੁੱਟ ਖਸੁੱਟ ਕਾਰਨ ਇਹ ਗੰਦਗੀ ਪੈਦਾ ਹੋਈ ਐ। ਜਿਨ੍ਹਾਂ ਦੇ ਜ਼ੁਲਮਾਂ ਕਾਰਨ ਇਹ ਲੋਕ ਗੰਦਗੀ ਭੋਗ ਰਹੇ ਨੇ।" ਮੈਂ ਗਿਆਨੀ ਜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ।

ਪਰ ਸੱਜਣ ਪੁਰਸ਼ ਬੋਲੇ- "ਮੈਂ ਤਾਂ ਇੱਕ ਗੱਲ ਜਾਂਣਦਾ।"

"ਕੀ?"

ਗਿਆਨੀ ਜੀ ਨੇ ਰੁਮਾਲ ਵਾਲਾ ਸੱਜਾ ਹੱਥ ਅਸਮਾਨ ਵੱਲ ਉੱਚਾ ਕਰਕੇ ਕਿਹਾ-"ਰੱਬੀ ਰਜ਼ਾ।"

"ਇਹ ਤੁਹਾਡਾ ਰੱਬ ਵੀ ਹੁਣ ਉਸ ਲੋਟੂ ਜਮਾਤ ਨਾਲ ਐ। ਇਹ ਕਿੱਥੇ ਲਿਖਿਐ, ਅਮੀਰਾਂ ਦੇ ਘਰ ਅਮੀਰ ਜੰਮਣਗੇ ਅਤੇ ਗ਼ਰੀਬਾਂ ਦੇ ਘਰ ਗ਼ਰੀਬ?"

ਗਿਆਨੀ ਜੀ ਦੀ ਹੁਣ ਇੱਕ ਉਂਗਲ ਅਸਮਾਨ ਵੱਲ ਉੱਠੀ ਹੋਈ ਸੀ।

"ਤੁਹਾਡੀ ਇਹ ਉਂਗਲ ਹੀ ਦਿਨਾਂ ਨੂੰ ਫਿਰਨ ਨਹੀਂ ਦਿੰਦੀ, ਗਿਆਨੀ ਜੀ।" ਕਹਿ ਕੇ ਮੈਂ ਸਾਈਕਲ ਦੀ ਕਾਠੀ ਉੱਤੇ ਸਵਾਰ ਹੋਇਆ ਤੇ ਆਪਣੀ ਸੜਕ ਪੈ ਗਿਆ।◆

ਕਦੋਂ ਫਿਰਨਗੇ ਦਿਨ
121