ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/122

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਅੜਬ ਆਦਮੀ

ਕਾਲਜ ਵਿੱਚ ਉਹ ਇਕੱਠੇ ਪੜ੍ਹੇ ਸਨ। ਅਨਿਲ ਬੀ.ਏ. ਕਰਕੇ ਹਟ ਗਿਆ ਤੇ ਫਿਰ ਦੋ-ਤਿੰਨ ਸਾਲ ਏਧਰ-ਓਧਰ ਦੇ ਧੱਕੇ ਖਾ ਕੇ ਬਿਜਲੀ ਬੋਰਡ ਵਿੱਚ ਕਲਰਕ ਲੱਗ ਗਿਆ। ਬਲਕਰਨ ਨੇ ਐੱਮ.ਏ. ਕੀਤੀ ਤੇ ਹੁਣ ਪਟਿਆਲੇ ਕਾਲਜ ਵਿੱਚ ਲੈਕਚਰਾਰ ਸੀ।

ਕਾਲਜ ਵਿੱਚ ਉਹ ਚੰਗੇ ਦੋਸਤ ਸਨ। ਕਈ ਸਾਲਾਂ ਤੱਕ ਇੱਕੋ ਕਮਰੇ ਵਿੱਚ ਰਹੇ, ਪਰ ਕਾਲਜੋਂ ਨਿੱਕਲਣ ਬਾਅਦ ਅਜਿਹੇ ਚੱਕਰ ਵਿੱਚ ਪਏ ਕਿ ਛੇਤੀ-ਛੇਤੀ ਮਿਲਿਆ ਹੀ ਨਾ ਜਾਂਦਾ। ਕਈ-ਕਈ ਮਹੀਨੇ ਲੰਘ ਜਾਂਦੇ ਤੇ ਫਿਰ ਸਾਲਾਂ ਦਾ ਫ਼ਰਕ ਪੈਣ ਲੱਗਿਆ, ਪਰ ਉਹਨਾਂ ਦੀ ਦੋਸਤੀ ਬਰਕਰਾਰ ਸੀ। ਜਦੋਂ ਵੀ ਮਿਲਦੇ, ਖੁੱਲ੍ਹ ਕੇ ਗੱਲਾਂ ਕਰਦੇ। ਨਿਖੜਨ ਵੇਲੇ ਦੋਵਾਂ ਦੇ ਮਨਾਂ ਵਿੱਚ ਇੱਕ ਉਦਰੇਵਾਂ ਭਰ ਜਾਂਦਾ।

ਇੱਕ ਵਾਰ ਅਨਿਲ ਪਟਿਆਲੇ ਬਿਜਲੀ ਬੋਰਡ ਦੇ ਮੁੱਖ ਦਫ਼ਤਰ ਵਿੱਚ ਕਿਸੇ ਕੰਮ ਗਿਆ, ਬਾਅਦ ਵਿੱਚ ਉਹ ਬਲਕਰਨ ਨੂੰ ਮਿਲਣ ਉਹਦੇ ਕਾਲਜ ਚਲਿਆ ਗਿਆ। ਉਹ ਉੱਡ ਕੇ ਮਿਲਿਆ, ਬਹੁਤ ਖ਼ੁਸ਼। ਉਸ ਦਿਨ ਉਹ ਆਪਣੇ ਸਟਾਫ਼ ਰੂਮ ਵਿੱਚ ਉੱਚੀ-ਉੱਚੀ ਬੋਲ ਕੇ ਕੋਈ ਗੱਲ ਸੁਣਾਉਂਦਾ ਸਾਥੀ ਲੈਕਚਰਾਰਾਂ ਨੂੰ ਹਸਾ ਰਿਹਾ ਸੀ। ਖ਼ੁਦ ਬੇ-ਹਾਲ ਜਿਹਾ ਹੋ ਕੇ ਹੱਸਦਾ। ਚੀਖ ਮਾਰਵਾਂ ਹਾਸਾ। ਅਜਿਹੇ ਸਮੇਂ ਉਹਦੇ ਚਿਹਰੇ ਦੇ ਨਿੱਕੇ-ਨਿੱਕੇ ਮਾਤਾ ਦੇ ਦਾਗ਼ ਉਹਦੀ ਆਕ੍ਰਿਤੀ ਨੂੰ ਹੋਰ ਵੀ ਸੁੰਦਰ ਉਭਾਰਦੇ ਜਾਂਦੇ। ਸਟਾਫ਼ ਰੂਮ ਦੇ ਬਾਹਰੋਂ ਹੀ ਉਹਦਾ ਤਿੱਖਾ ਠਹਾਕਾ ਸੁਣ ਕੇ ਅਨਿਲ ਸਮਝ ਗਿਆ ਸੀ ਕਿ ਉਹ ਕਾਲਜ ਵਿੱਚ ਹੈਗਾ।

ਬਲਕਰਨ ਨੇ ਉਹਨੂੰ ਦੱਸਿਆ ਕਿ ਉਹ ਅਗਲੇ ਮਹੀਨੇ ਦੀ ਪੰਜ ਤਰੀਕ ਨੂੰ ਸ੍ਰੀਨਗਰ ਜਾ ਰਿਹਾ ਹੈ। ਓਥੇ ਜੰਮੂ-ਕਸ਼ਮੀਰ ਦੇ ਵਿੱਦਿਆ ਮਹਿਕਮੇ ਵੱਲੋਂ ਇੱਕ ਪੁਲੀਟੀਕਲ ਕਾਨਫ਼ਰੰਸ ਹੈ। ਵੱਖ-ਵੱਖ ਸੂਬਿਆਂ ਦੇ ਬਹੁਤ ਸਾਰੇ ਲੈਕਚਰਾਰ-ਪ੍ਰੋਫ਼ੈਸਰ ਇਕੱਠੇ ਹੋਣਗੇ। ਪੰਜਾਬ ਵੱਲੋਂ ਉਹ ਦੋ ਬੰਦੇ ਜਾ ਰਹੇ ਹਨ। ਇੱਕ ਕੋਈ ਹੋਰ ਹੈ। ਏਜੰਡੇ ਵਿੱਚ ਇੱਕ ਭਖ਼ਦਾ ਮਸਲਾ ਹੈ। ਆਪਾਂ ਓਥੇ ਕਿਹੜੇ ਤੀਰ ਚਲੌਣੇ ਨੇ। ਹਫ਼ਤਾ ਸੈਰ ਕਰ ਆਵਾਂਗੇ, ਬਹਾਨੇ ਨਾਲ। ਉਹਨੇ ਅਨਿਲ ਨੂੰ ਜ਼ੋਰ ਦਿੱਤਾ ਕਿ ਉਹ ਵੀ ਉਹਦੇ ਨਾਲ ਚੱਲੇ। ਉਹਨੂੰ ਸਿਰਫ਼ ਕਿਰਾਇਆ-ਭਾੜਾ ਹੀ ਖਰਚ ਕਰਨਾ ਪਵੇਗਾ। ਰਿਹਾਇਸ਼ ਤੇ ਖਾਣ-ਪੀਣ ਦਾ ਪ੍ਰਬੰਧ ਉੱਥੋਂ ਦੀ ਸਰਕਾਰ ਨੇ ਕਰਨਾ ਹੈ। ਬਲਕਰਨ ਨੇ ਦੱਸਿਆ ਕਿ ਉਹ ਆਪਣੇ ਨਾਲ ਇੱਕ ਮੈਂਬਰ ਹੋਰ ਲਿਜਾ ਸਕਦਾ ਹੈ।

122

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ