ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/126

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਤੇ ਅੜ ਜਾਂਦਾ ਹੈ। ਹੱਥੋ-ਪਾਈ ਕਰਨ ਲਈ ਵੀ ਤਿਆਰ ਰਹਿੰਦਾ ਹੈ। ਅਸਲ ਵਿੱਚ ਤਾਂ ਜ਼ਮਾਨੇ ਵਿੱਚ ਅਜਿਹੇ ਲੋਕਾਂ ਦੀ ਹੀ ਕਦਰ ਹੈ। ਅੜਬ ਬੰਦੇ ਤੋਂ ਹਰ ਕੋਈ ਭੈਅ ਖਾਂਦਾ ਹੈ। ਅਨਿਲ ਸੋਚ ਰਿਹਾ ਸੀ, ਇੱਕ ਏਧਰ ਮੈਂ ਹਾਂ, ਜਿਸ ਤੋਂ ਚਾਂਦੀ ਰਾਮ ਹੀ ਠੀਕ ਨਹੀਂ ਹੁੰਦਾ।

ਅਨਿਲ ਨੂੰ ਯਾਦ ਆਇਆ, ਜਦੋਂ ਉਹ ਕਾਲਜ ਵਿੱਚ ਪੜ੍ਹਦੇ ਸਨ, ਉਹਨਾਂ ਦਿਨਾਂ ਵਿੱਚ ਵੀ ਬਲਕਰਨ ਕਿੰਨੇ ਹੀ ਮੁੰਡਿਆਂ ਨਾਲ ਲੜਿਆ ਸੀ। ਨਿੱਕੀ ਜਿਹੀ ਗੱਲ ਹੁੰਦੀ ਤੇ ਉਹ ਦੂਰ੍ਹੋ-ਦੂਰ੍ਹੀ ਹੋ ਜਾਂਦਾ। ਹੋਰ ਤਾਂ ਹੋਰ, ਉਹ ਦੂਜੇ ਮੁੰਡਿਆਂ ਦੀ ਖ਼ਾਤਰ ਵੀ ਆਪਣੀ ਹਿੱਕ ਡਾਹ ਦਿੰਦਾ ਸੀ। ਇੱਕ ਵਾਰ ਬਲਕਰਨ ਉਹਦੇ ਨਾਲ ਵੀ ਖਹਿਬੜ ਪਿਆ ਸੀ। ਹੁਣ ਉਹਨੂੰ ਇਹ ਯਾਦ ਨਹੀਂ ਕਿ ਉਹ ਗੱਲ ਕੀ ਸੀ। ਬਲਕਰਨ ਉਹਦੇ ਨਾਲ ਇੱਕ ਹਫ਼ਤਾ ਨਹੀਂ ਬੋਲਿਆ ਸੀ। ਘੁੱਟਿਆ-ਵੱਟਿਆ ਜਿਹਾ ਰਿਹਾ ਸੀ ਤੇ ਫਿਰ ਉਸਨੇ ਖ਼ੁਦ ਹੀ ਅਨਿਲ ਨੂੰ ਬੁਲਾ ਲਿਆ ਸੀ। ਬੀ.ਏ. ਫਾਈਨਲ ਦੇ ਇਮਤਿਹਾਨਾਂ ਵਿੱਚ ਵੀ ਉਹ ਲੜੇ ਹੋਏ ਸਨ। ਉਹਨਾਂ ਦਿਨਾਂ ਵਿੱਚ ਉਹ ਕਾਲਜ-ਹੋਸਟਲ ਛੱਡ ਕੇ ਰਾਘੇ ਮਾਜਰੇ ਦੇ ਨਾਹਰ ਭਵਨ ਵਿੱਚ ਆ ਚੁੱਕੇ ਸਨ ਤੇ ਇੱਕੋ ਕਮਰੇ ਵਿੱਚ ਰਹਿੰਦੇ ਸਨ, ਪਰ ਬੋਲਦੇ ਨਹੀਂ ਸਨ। ਕਮਰੇ ਦੇ ਜਿੰਦਰੇ ਦੀਆਂ ਦੋ ਚਾਬੀਆਂ ਸਨ। ਰੋਟੀ ਹੋਟਲ ’ਤੇ ਜਾ ਕੇ ਖਾਂਦੇ। ਜਦੋਂ ਕਿਸੇ ਦਾ ਦਿਲ ਕਰਦਾ, ਇਕੱਲਾ ਰੋਟੀ ਖਾ ਆਉਂਦਾ। ਚਾਹ ਸਟੋਵ ਉੱਤੇ ਕਮਰੇ ਵਿੱਚ ਬਣਾਉਂਦੇ। ਅਨਿਲ ਚਾਹ ਬਣਾਉਂਦਾ ਤਾਂ ਗਿਲਾਸ ਚੁੱਪ ਕੀਤਾ ਹੀ ਬਲਕਰਨ ਮੂਹਰੇ ਰੱਖ ਦਿੰਦਾ। ਬਲਕਰਨ ਵੀ ਇੰਝ ਹੀ ਕਰਦਾ। ਚੁੱਪ-ਚਪੀਤੇ ਹੀ ਪੜ੍ਹਦੇ ਜਾ ਰਹੇ ਸਨ। ਚੁੱਪ-ਚਪੀਤੇ ਹੀ ਪੇਪਰ ਦਿੱਤੇ ਜਾ ਰਹੇ ਸਨ। ਕਦੇ ਕਿਸੇ ਨੇ ਇੱਕ ਦੂਜੇ ਨੂੰ ਨਹੀਂ ਪੁੱਛਿਆ-ਦੱਸਿਆ ਸੀ ਕਿ ਤੇਰਾ ਪੇਪਰ ਕਿਹੋ ਜਿਹਾ ਹੋ ਗਿਆ ਹੈ ਜਾਂ ਮੇਰਾ ਪੇਪਰ ਕਿਹੋ ਜਿਹਾ ਹੋ ਗਿਆ। ਕਮਰਾ ਛੱਡਣ ਵਾਲੇ ਦਿਨ ਉਹ ਗੱਲਾਂ ਕਰਨ ਲੱਗੇ ਸਨ। ਨਹਾ ਧੋ ਕੇ ਤੇ ਪੂਰੀ ਸ਼ੁਕੀਨੀ ਲਾ ਕੇ ਬਾਜ਼ਾਰ ਗਏ ਸਨ। ਇਕੱਠਿਆਂ ਨੇ ਫੋਟੋ ਖਿਚਵਾਈ ਸੀ। ਤਿੰਨ ਵਜੇ ਵਾਲਾ ਫ਼ਿਲਮ ਸ਼ੋਅ ਦੇਖਿਆ ਸੀ।

ਯੂਥ ਹੋਸਟਲ ਵਿੱਚ ਦੂਜੇ ਦਿਨ ਉਹ ਸਦੇਹਾਂ ਹੀ ਉੱਠੇ ਸਨ। ਲੈਟਰਿਨ-ਬੁਰਸ਼ ਤੋਂ ਬਾਅਦ ਨਹਾਤੇ ਸਨ ਤੇ ਫਟਾ ਫਟ ਤਿਆਰ ਹੋ ਕੇ ਲਾਲ ਚੌਕ ਨੂੰ ਚੱਲ ਪਏ ਸਨ। ਬੱਸ ਫ਼ੜੀ ਸੀ। ਪਹਿਲਾਂ ਸਿੱਧੇ ਸ਼ਾਲੀਮਾਰ ਬਾਗ਼ ਪਹੁੰਚੇ। ਓਥੋਂ ਵਾਪਸੀ ਉੱਤੇ ਨਿਸ਼ਾਤ ਬਾਗ, ਚਸ਼ਮਾ ਸ਼ਾਹੀ ਤੇ ਫਿਰ ਨਹਿਰੂ ਪਾਰਕ ਦੇਖ ਕੇ ਡਲ-ਲੇਕ ਉੱਤੇ ਆ ਗਏ। ਸਤੰਬਰ ਦਾ ਮਹੀਨਾ ਸੀ। ਦੁਪਹਿਰ ਢਲ ਰਹੀ ਸੀ। ਉਹ ਜਾ ਕੇ ਖੜ੍ਹੇ ਹੀ ਸਨ, ਕਿੰਨੇ ਸਾਰੇ ਲੋਕਾਂ ਨੇ ਉਹਨਾਂ ਨੂੰ ਘੇਰ ਲਿਆ। ਇਹ ਸਭ ਸ਼ਿਕਾਰਿਆਂ ਵਾਲੇ ਸਨ। ਹਰ ਕੋਈ ਆਪਣੇ ਸ਼ਿਕਾਰੇ ਲਈ ਕਹਿ ਰਿਹਾ ਸੀ। ਆਪਣੇ ਸ਼ਿਕਾਰੇ ਵੱਲ ਉਂਗਲ ਕਰਕੇ ਉਹਦੀ ਤਾਰੀਫ਼ ਕਰ ਰਿਹਾ ਸੀ। ਉਹ ਚੁੱਪ ਖੜ੍ਹੇ ਸਨ। ਕੁਝ ਵੀ ਨਹੀਂ ਦੱਸ ਰਹੇ ਸਨ। ਆਖ਼ਰ ਇੱਕ ਤੋਂ ਬਲਕਰਨ ਨੇ ਪੁੱਛ ਲਿਆ- "ਕਿੰਨੇ ਰੁਪਏ?"

"ਕਹਾਂ ਤੱਕ ਜਾਓਗੇ?" ਸ਼ਿਕਾਰੇ ਵਾਲੇ ਨੇ ਪੁੱਛਿਆ। ਉਹਦੀ ਚਾਲੀ ਕੁ ਸਾਲ ਦੀ ਉਮਰ ਹੋਵੇਗੀ। ਮਧਰਾ ਪਤਲਾ ਸਰੀਰ।

"ਚਾਰ ਚਿਨਾਰੀ ਚੱਲਣੈ।" ਬਲਕਰਨ ਨੇ ਦੱਸਿਆ।

126

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ