ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/13

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਕੱਟੇ ਖੰਭਾਂ ਵਾਲਾ ਉਕਾਬ

ਸੁਖਪਾਲ ਨੇ ਦੇਖਿਆ, ਹੁਣ ਜਦ ਪਰਮਿੰਦਰ ਬਾਹਰੋਂ ਆਉਂਦੀ ਤਾਂ ਉਹ ਉਸ ਦੀ ਪਤਨੀ ਕੋਲ ਬਿੰਦ-ਝੱਟ ਖੜ੍ਹ ਕੇ ਤੇ ਕੋਈ ਗੱਲ ਕਰਕੇ ਫਿਰ ਹੀ ਚੁਬਾਰੇ ਦੀਆਂ ਪੌੜੀਆ ਚੜ੍ਹਦੀ। ਉਸ ਦੀ ਪਤਨੀ ਕੋਲ ਖੜ੍ਹੀ ਗੱਲ ਕਰਦੀ ਉਹ ਬਿੰਦੇ-ਬਿੰਦੇ ਬੈਠਕ ਵੱਲ ਵੀ ਝਾਕਦੀ। ਬੈਠਕ ਵਿੱਚ ਮੰਜੇ ਉੱਤੇ ਜਾਂ ਆਰਾਮ-ਕੁਰਸੀ ਉੱਤੇ ਬੈਠਾ ਉਹ ਉਸ ਦੀ ਗੱਲ ਨੂੰ ਗਹੁ ਨਾਲ ਸੁਣਦਾ ਤੇ ਉਸ ਦੇ ਖਿੱਦੋ ਵਾਂਗ ਮੜ੍ਹੇ ਸਰੀਰ ਨੂੰ ਸੰਵਾਰ ਸੰਵਾਰ ਦੇਖਦਾ। ਉਸ ਦੀ ਆਵਾਜ਼ ਉਸ ਨੂੰ ਮਿੱਠੀ-ਮਿੱਠੀ ਲੱਗਦੀ। ਕਿਸੇ ਫ਼ਿਕਰੇ ਦੀ ਸਮਝ ਉਸ ਨੂੰ ਨਾ ਵੀ ਆਉਂਦੀ ਤਾਂ ਵੀ ਉਸ ਦਾ ਬੋਲ ਉਸ ਦੇ ਧੁਰ ਅੰਦਰ ਉੱਤਰਦਾ ਜਾਂਦਾ। ਪਹਿਲੇ ਦਿਨ ਜਦ ਉਹ ਉਸ ਦੀ ਪਤਨੀ ਕੋਲ ਖੜ੍ਹੀ ਸੀ ਤੇ ਬੈਠਕ ਵਿੱਚ ਉਸ ਵੱਲ ਝਾਕੀ ਸੀ ਤਾਂ ਉਸ ਨੂੰ ਬੜੀ ਹੈਰਾਨੀ ਹੋਈ ਸੀ-ਆਨੰਦ ਭਰੀ ਹੈਰਾਨੀ। ਹੁਣ ਤਾਂ ਉਹ ਪਿੰਡ ਵਿੱਚ ਚੱਕਰ ਲਾ ਕੇ ਦਿਨ-ਢਲੇ ਜਦ ਘਰ ਆਉਂਦੀ, ਉਸ ਦੀ ਪਤਨੀ ਕੋਲ ਇੱਕ ਬਿੰਦ ਖੜ੍ਹਨਾ ਤੇ ਨਿੱਕੀ ਜਹੀ ਗੱਲ ਕਰਨਾ ਉਸ ਦਾ ਨਿਤ-ਨੇਮ ਬਣ ਗਿਆ ਸੀ। ਗੱਲ ਕਰਦੀ ਜਦ ਉਹ ਉਸ ਵੱਲ ਝਾਕਦੀ ਤਾਂ ਉਸ ਨੂੰ ਇਉਂ ਲੱਗਦਾ, ਜਿਵੇਂ ਉਹ ਉਸ ਨਾਲ ਹੀ ਗੱਲ ਕਰਦੀ ਹੋਵੇ। ਉਸ ਦੀਆਂ ਅੱਖਾਂ ਵਿੱਚ ਮਿੰਨ੍ਹੀ-ਮਿੰਨ੍ਹੀ ਸ਼ਰਾਰਤ ਤੇ ਬੁੱਲ੍ਹਾਂ ਉੱਤੇ ਬੇਮਲੂਮੀ ਮੁਸਕਾਣ ਉਸ ਦੇ ਦਿਲ ਨੂੰ ਟੁੰਬਦੀਆਂ। ਕਿੰਨੇ ਹੀ ਦਿਨ ਉਹ ਸੋਚਦਾ ਰਿਹਾ, ਉਹ ਕੀ ਕਰੇ।

ਪਹਿਲਾਂ-ਪਹਿਲਾਂ ਜਦ ਉਸ ਨੇ ਉਨ੍ਹਾਂ ਦਾ ਚੁਬਾਰਾ ਲਿਆ ਸੀ, ਓਦੋਂ ਤਾਂ ਉਹ ਭੋਲ਼ੀ ਜਿਹੀ ਕੁੜੀ ਲੱਗਦੀ ਸੀ। ਚੁੱਪ ਕੀਤੀ ਜਹੀ। ਜਿਵੇਂ ਮੂੰਹ ਵਿੱਚ ਬੋਲ ਹੀ ਨਾ ਹੋਵੇ। ਬਿਗ਼ਾਨੇ ਪਿੰਡ ਵਿੱਚ ਰਹਿਣਾ ਜਿਵੇਂ ਇਸ ਵਰਗੀ ਕੁੜੀ ਲਈ ਤਾਂ ਦੁੱਭਰ ਹੋਵੇ।

ਜੇਠ-ਹਾੜ੍ਹ ਦੇ ਦਿਨ ਸਨ। ਇਸ ਸਾਲ ਗਰਮੀ ਬਹੁਤ ਪੈ ਰਹੀ ਸੀ। ਲੂ ਚੱਲਦੀ, ਜਿਵੇਂ ਅੱਗ ਦੀ ਭੱਠੀ ਵਿੱਚੋਂ ਹੋ ਕੇ ਆਉਂਦੀ ਹੋਵੇ। ਰੇਡੀਓ ਅਨੁਸਾਰ ਲੂ ਲੱਗ ਕੇ ਹੋਈਆਂ ਮੌਤਾਂ ਦੀ ਗਿਣਤੀ ਵਧ ਰਹੀ ਸੀ। ਭਗਤੂ ਕਾ ਟੋਭਾ, ਲੋਕ ਗੱਲਾਂ ਕਰਦੇ, ਪੈਂਤੀ ਸਾਲਾਂ ਪਿੱਛੋਂ ਇਸ ਵਾਰ ਸਾਰੇ ਦਾ ਸਾਰਾ ਸੁੱਕਿਆ ਸੀ। ਤਿੱਪ ਵੀ ਪਾਣੀ ਨਹੀਂ ਰਿਹਾ। ਖੂਹਾਂ-ਪੰਪਾਂ ਦਾ ਪਾਣੀ ਛੇ-ਛੇ, ਸੱਤ-ਸੱਤ ਫੁੱਟ ਥੱਲੇ ਉੱਤਰ ਗਿਆ ਸੀ।

ਅੱਜ ਸ਼ਾਮ ਉਹ ਪਿੰਡ ਵਿੱਚੋਂ ਆਈ ਤੇ ਢਾਕ ਉੱਤੇ ਇੱਕ ਹੱਥ ਰੱਖ ਕੇ ਉਸ ਦੀ ਪਤਨੀ ਕੋਲ ਖੜ੍ਹ ਗਈ। ਦੂਜੇ ਹੱਥ ਨਾਲ ਉਹ ਆਪਣਾ ਰੁਮਾਲ ਮੱਥੇ ਉੱਤੇ ਫੇਰ ਰਹੀ ਸੀ। ਧੌਣ ਦੁਆਲੇ ਰੁਮਾਲ ਰਗੜਿਆ ਤੇ ਕਹਿਣ ਲੱਗੀ-ਗਰਮੀ ਨੇ ਤਾਂ ਲੋਹੜਾ ਲਿਆ 'ਤਾ।

ਕੱਟੇ ਖੰਭਾਂ ਵਾਲਾ ਉਕਾਬ
13