ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/131

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਜ਼ਿੰਦਗੀ

ਕੱਲ੍ਹ ਰਾਤ ਉਸਨੇ ਆਪਣੀ ਪਤਨੀ ਨੂੰ ਫਿਰ ਕੁੱਟਿਆ ਸੀ। ਘਰ ਵਿੱਚ ਬੱਚਿਆਂ ਨੇ ਉਹ ਚੀਂਘ-ਚੰਘਿਆੜਾ ਪਾਇਆ ਕਿ ਰਹੇ ਰੱਬ ਦਾ ਨਾਉਂ। ਜਿਵੇਂ ਕੋਈ ਮਰ ਗਿਆ ਹੋਵੇ। ਕਮਾਲ ਦੀ ਗੱਲ, ਕੋਈ ਵੀ ਗਵਾਂਢੀ ਉਹਨਾਂ ਦੇ ਘਰ ਨਹੀਂ ਆਇਆ ਸੀ। ਅਜਿਹਾ ਵੀ ਕੀ, ਗਵਾਂਢ-ਮੱਥਾ ਹੋਰ ਕੀ ਹੁੰਦਾ ਹੈ, ਕੋਈ ਆ ਜਾਂਦਾ ਤਾਂ ਦੂਜੇ ਬੰਦੇ ਦੀ ਹਾਜ਼ਰੀ ਵਿੱਚ ਲੜਾਈ ਝਗੜੇ ਨੂੰ ਕੁਝ ਤਾਂ ਠੱਲ ਪੈ ਸਕਦੀ ਸੀ। ਪਰ ਨਹੀਂ, ਗਵਾਂਢੀਆਂ ਨੂੰ ਤਾਂ ਜਿਵੇਂ ਪਤਾ ਤੱਕ ਵੀ ਨਾ ਲੱਗਿਆ ਹੋਵੇ। ਜਦੋਂ ਕਦੇ ਸਾਹਮਣੇ ਵਾਲੇ ਘਰ ਵਿੱਚ ਵੱਸਦੇ ਲੋਕ ਕਿਸੇ ਗੱਲ ਉੱਤੇ ਉੱਚਾ-ਉੱਚਾ ਬੋਲਦੇ ਤਾਂ ਉਹਨਾਂ ਦੀ ਆਵਾਜ਼ ਸਾਫ਼ ਸੁਣਾਈ ਦਿੰਦੀ ਹੁੰਦੀ ਤਾਂ ਫਿਰ ਇਹ ਕਿਵੇਂ ਹੋ ਸਕਦਾ ਕਿ ਉਸ ਦੀ ਆਵਾਜ਼ ਉਹਨਾਂ ਦੇ ਘਰ ਤੱਕ ਨਾ ਜਾਂਦੀ ਹੋਵੇ। ਪਤਨੀ ਨਾਲ ਲੜਦਾ-ਝਗੜਦਾ ਉਹ ਤਾਂ ਬਹੁਤ ਉੱਚਾ ਬੋਲਦਾ। ਬੱਚਿਆਂ ਦਾ ਝੀਂਘ-ਚੰਘਿਆੜਾ ਕਿਵੇਂ ਨਾ ਗਵਾਂਢੀਆਂ ਦੇ ਘਰ ਜਾਂਦਾ ਹੋਵੇ।

ਪਰ ਕੀ ਕਰਨ ਗੁਆਂਢੀ ਵੀ? ਪਹਿਲਾਂ-ਪਹਿਲਾਂ ਬਥੇਰਾ ਸਮਝਾਉਣ ਆਇਆ ਕਰਦੇ ਸਨ। ਔਰਤਾਂ ਉਹਦੀ ਪਤਨੀ ਕੋਲ ਆ ਕੇ ਜਾਂਦੀਆਂ। ਬਜ਼ੁਰਗ ਲੋਕ ਉਹਨੂੰ ਆਪ ਨੂੰ ਗੱਲੀਂ-ਗੱਲੀਂ ਸਮਝਾਉਂਦੇ- "ਭਾਈ, ਨਿੱਤ ਦਾ ਕਲੇਸ਼ ਮਾੜਾ ਹੁੰਦਾ ਹੈ। ਸੂਝ-ਬੂਝ ਨਾਲ ਚੱਲੋ, ਝੱਜੂ ਪਾਉਣ ਦਾ ਕੀ ਮਤਲਬ?" ਬੁੜ੍ਹੀਆਂ ਉਹਦੀ ਪਤਨੀ ਕੋਲ ਆਉਂਦੀਆਂ ਤਾਂ ਉਹ ਕੁਝ ਨਾ ਦੱਸ ਸਕਦੀ। ਬਸ ਅੱਖਾਂ ਭਰ ਲੈਂਦੀ। ਐਨਾ ਹੀ ਕਹਿੰਦੀ- "ਕੀ ਦੱਸਾਂ ਭੈਣ ਜੀ, ਦੱਸਣ ਵਾਲੀ ਕੋਈ ਗੱਲ ਹੋਵੇ ਤਾਂ ਦੱਸਾਂ ਵੀ। ਨਿੱਕੀ ਜਿਹੀ ਗੱਲ ਨੂੰ ਲੈ ਕੇ ਹੀ ਝਗੜਾ ਹੋ ਜਾਂਦਾ ਹੈ। ਇੱਕ ਤਾਂ ਸੁਭਾਓ ਦੋਹਾਂ ਦਾ ਇਕੋ ਜਿਹਾ ਹੀ ਹੈ, ਅੱਗ ਲੱਗਣਾ। ਉਹ ਵੀ ਤਿੱਖਾ ਬੋਲਦੇ ਨੇ, ਮੈਂ ਵੀ ਤਿੱਖਾ ਬੋਲਦੀ ਹਾਂ। ਬਥੇਰਾ ਮਨ ਨੂੰ ਸਮਝਾਈਦਾ ਹੈ, ਪਰ ਪਤਾ ਨਹੀਂ ਕੀ ਆ ਵੜਿਆ ਸਾਡੇ ਘਰ ਵਿੱਚ। ਨਿੱਤ ਝਗੜਾ, ਨਿੱਤ ਕਲੇਸ਼।"

ਕੀ ਕਰਦੇ ਗੁਆਂਢੀ, ਉਹਨਾਂ ਦਾ ਤਾਂ ਨਿੱਤ ਦਾ ਹੀ ਝਗੜਾ ਕਲੇਸ਼ ਸੀ।

ਉਹ ਜੇ ਇੱਕ ਸਕੂਲ ਮਾਸਟਰ ਹੈ। ਤਨਖ਼ਾਹ ਥੋੜ੍ਹੀ ਹੈ। ਘਰ ਦੇ ਖਰਚ ਬੇਅੰਤ। ਉਹਨੂੰ ਕੋਈ ਉਤਲੀ ਆਮਦਨ ਵੀ ਨਹੀਂ। ਬੱਚੇ ਚਾਰ। ਤਿੰਨ ਕੁੜੀਆਂ, ਇੱਕ ਮੁੰਡਾ। ਪਤਨੀ ਦਸ ਜਮਾਤਾਂ ਪਾਸ ਹੈ। ਸੈਂਕੜੇ ਵਾਰ ਕਹਿ ਚੁੱਕੀ ਹੈ, “ਮੈਨੂੰ ਕੋਈ ਨਿੱਕੀ ਮੋਟੀ ਨੌਕਰੀ ਦਿਵਾ ਦਿਓ ਜੀ, ਕਿਧਰੇ। ਘਰ ਦਾ ਖਰਚ ਤਾਂ ਸੁਖਾਲਾ ਚੱਲੇ।" ਪਰ ਉਹ ਜੋ ਹੈ, ਐਨਾ ਹਿਸਾਬੀ-ਕਿਤਾਬੀ ਨਹੀਂ। ਪਤਨੀ ਨੂੰ ਕਹਿੰਦਾ ਹੈ- "ਤੇਰੀ ਨੌਕਰੀ ਨਾਲ ਕੋਈ

ਜ਼ਿੰਦਗੀ

131