ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/134

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਹੁ ਅਜੇ ਫੁੱਟੀ ਨਹੀਂ ਸੀ। ਉਹ ਉੱਠਿਆ। ਪੈਰਾਂ ਵਿੱਚ ਬਾਥ-ਰੂਮ ਚੱਪਲਾਂ ਪਾਈਆਂ। ਉਹਦਾ ਜੀਅ ਕੀਤਾ, ਉਹ ਬੱਚਿਆਂ ਨੂੰ ਦੇਖੇ। ਦੂਜੇ ਕਮਰੇ ਵਿੱਚ ਸੁੱਤੇ ਹੋਏ ਸਨ ਤੇ ਉਹਦੀ ਪਤਨੀ ਵੀ। ਸੋਚਿਆ, ਬਲਬ ਜਗਾਇਆ ਤਾਂ ਕੋਈ ਜਾਗ ਪਵੇਗਾ। ਕੋਈ ਪੁੱਛ ਨਾ ਲਵੇ, ਇਸ ਵਕਤ?

ਬੱਚਿਆਂ ਵਿਚਾਰਿਆਂ ਦਾ ਕੀ ਕਸੂਰ ਹੈ? ਆਪੇ ਰੁਲ-ਖੁਲ ਕੇ ਪਲ਼ ਜਾਣਗੇ। ਆਪਣੀ ਕਿਸਮਤ ਭੋਗਣਗੇ, ਪਰ ਉਹ ਪਤਨੀ ਨੂੰ ਸਬਕ ਸਿਖਾਉਣਾ ਚਾਹੁੰਦਾ ਸੀ।

ਸਾਈਕਲ ਚੁੱਕਿਆ, ਚੱਕਿਆਂ ਦੀ ਹਵਾ ਨਹੀਂ ਦੇਖੀ, ਦਰਵਾਜ਼ੇ ਅੰਦਰ ਲੱਗਿਆ ਜਿੰਦਰਾ ਚੁੱਪ-ਚਾਪ ਖੋਲ੍ਹਿਆ। ਘਰੋਂ ਬਾਹਰ ਹੋ ਕੇ ਸਾਈਕਲ ਨੂੰ ਅੱਡੀ ਦਿੱਤੀ ਤੇ ਚੱਲ ਪਿਆ। ਸਤੰਬਰ-ਅਕਤੂਬਰ ਦਾ ਮਹੀਨਾ ਸੀ। ਉਹਨਾਂ ਦੀ ਗਲੀ ਦੀਆਂ ਮਿਊਂਸਪਲ-ਟਿਊਬਾਂ ਦੂਧੀਆ ਚਾਨਣ ਬਖੇਰ ਰਹੀਆਂ ਸਨ। ਗਲੀ ਦੇ ਮੋੜ ਤੱਕ ਉਹਨੂੰ ਕੋਈ ਨਹੀਂ ਮਿਲਿਆ। ਅੱਜ ਤਾਂ ਗਵਾਂਢੀਆਂ ਦਾ ਕੁੱਤਾ ਵੀ ਨਹੀਂ ਭੌਂਕਿਆ। ਗਲੀ ਦੇ ਮੋੜ ਤੋਂ ਸਿੱਧੀ ਸਪਾਟ ਸੜਕ ਰੇਲਵੇ-ਫਾਟਕ ਤੱਕ ਜਾਂਦੀ ਸੀ। ਸੜਕ ਦੀਆਂ ਟਿਊਬਾਂ ਵੀ ਚੁੱਪ-ਚਾਪ ਜਗ ਰਹੀਆਂ ਸਨ। ਟਿਊਬ ਕੋਲ ਦੀ ਉਹ ਗੁਜ਼ਰਦਾ, ਉਹਦਾ ਆਪਣਾ ਪਰਛਾਵਾਂ ਹੀ ਉਹਦੇ ਅੱਗੇ-ਅੱਗੇ ਭੱਜਿਆ ਜਾ ਰਿਹਾ ਹੁੰਦਾ। ਸੜਕ ਉੱਤੇ ਤਾਇਨਾਤ ਗੋਰਖੇ ਚੌਕੀਦਾਰ ਨੇ ਆਪਣੀ ਵਿਸਲ ਜੇਬ ਵਿੱਚ ਪਾ ਲਈ ਸੀ। ਹੱਥ ਵਿਚਲੇ ਬਾਂਸ ਦਾ ਡੰਡਾ ਖੰਭੇ ਨਾਲ ਟਿਕਾਅ ਰੱਖਿਆ ਸੀ। ਬੈਟਰੀ ਮੋਢੇ ਨਾਲ ਲਟਕ ਰਹੀ ਸੀ। ਉਹ ਆਪਣੀ ਘੜੀ ਵੱਲ ਵਾਰ-ਵਾਰ ਵੇਖ ਰਿਹਾ ਸੀ। ਉਹਦੀ ਡਿਉਟੀ ਖ਼ਤਮ ਹੋਣ ਵਾਲੀ ਹੋਵੇਗੀ।

ਰੇਲਵੇ-ਫਾਟਕ ਤੋਂ ਅੱਗੇ ਨਹਿਰ ਵੱਲ ਨੂੰ ਜਾਂਦਾ ਪੈਦਲ ਰਸਤਾ ਸੀ, ਪਰ ਸਾਈਕਲ ਤਾਂ ਚੱਲ ਸਕਦਾ ਸੀ। ਇੱਕ ਬਿੰਦ ਉਹਨੇ ਸੋਚਿਆ, ਜੇ ਉਹ ਸੜਕ ਪੈ ਕੇ ਆਉਂਦਾ ਤਾਂ ਕਿੰਨਾ ਸੁਖਾਲਾ ਰਹਿੰਦਾ। ਇਹੀ ਸੀ ਕਿ ਪੰਦਰਾਂ ਮਿੰਟ ਵੱਧ ਲੱਗ ਜਾਂਦੇ। ਰੇਲਵੇ-ਫਾਟਕ ਤੋਂ ਸਿੱਧੀ ਸੜਕ ਨਹਿਰ ਤੱਕ ਜਾਂਦੀ ਹੈ ਤੇ ਫਿਰ ਨਹਿਰ ਦੇ ਨਾਲ-ਨਾਲ ਹੋ ਕੇ ਇਸ ਪੁਲ ਉੱਤੋਂ ਦੀ ਗੁਜ਼ਰਦੀ ਹੈ। ਨਹਿਰ ਵਿੱਚ ਛਾਲ ਮਾਰਨੀ ਸੀ, ਕਿਤੇ ਵੀ ਮਾਰੀ ਜਾਵੇ। ਖ਼ੈਰ ... ਉਹ ਹੱਸਿਆ- “ਹੁਣ ਜਦੋਂ ਮਰ ਹੀ ਜਾਣਾ ਹੈ ਤਾਂ ਸੁਖਾਲਾ, ਬੇਸੁਖਾਲਾ ਸੋਚਣ ਦਾ ਕੀ ਮਤਲਬ?"

ਸਾਈਕਲ ਉਹਨੇ ਪੁਲ ਨਾਲ ਖੜ੍ਹਾ ਕਰ ਦਿੱਤਾ। ਇੱਕ ਬਿੰਦ ਦਮ ਲੈਣ ਲਈ ਉਹ ਪੁਲ ਦੀ ਚੌਕੜੀ ਉੱਤੇ ਬੈਠ ਗਿਆ। ਸੌਖਾ ਜਿਹਾ ਹੋਇਆ ਤਾਂ ਉਹਦਾ ਜੀਅ ਕੀਤਾ ਕਿ ਪੁਲ ਦੀਆਂ ਪੌੜੀਆਂ ਉੱਤਰ ਕੇ ਠੰਢਾ-ਠੰਢਾ ਪਾਣੀ ਪੀਤਾ ਜਾਵੇ, ਉਹਨੂੰ ਬੇਤਹਾਸ਼ਾ ਤੇਹ ਲੱਗੀ ਹੋਈ ਸੀ। ਇੱਕ ਆਵੇਸ਼ ਜਿਹੇ ਵਿੱਚ ਉਹ ਪੌੜੀਆਂ ਉੱਤਰ ਗਿਆ। ਨਹਿਰ ਦਾ ਪਾਣੀ ਬੜੇ ਠਰ੍ਹੰਮੇ ਨਾਲ ਪਰ ਤੇਜ਼-ਤੇਜ਼ ਚੱਲ ਰਿਹਾ ਸੀ। ਪੁਲ ਦੇ ਦੂਜੇ ਪਾਸੇ ਧਾਰਾਂ ਬਣ ਕੇ ਡਿੱਗਦਾ ਤੇ ਸ਼ੋਰ ਕਰਦਾ। ਇੱਕ ਨਿਰੰਤਰ ‘ਸ਼ੋਰ, ਸ਼ੋਰ, ਜਿਸ ਦੇ ਕਈ ਅਰਥ ਹੋਣ। ਉਹਨੇ ਪਾਣੀ ਦੇ ਤਿੰਨ ਬੁੱਕ ਭਰ ਕੇ ਪੀਤੇ। ਜਿਵੇਂ ਕਾਲਜੇ ਠੰਢ ਪੈ ਗਈ ਹੋਵੇ। ਜਿਵੇਂ ਉਹਦੇ ਦਿਮਾਗ਼ ਵਿੱਚ ਵੀ ਕੋਈ ਟਿਕਾਓ ਆ ਗਿਆ ਹੋਵੇ। ਡਿੱਗ ਰਹੀਆਂ ਧਾਰਾਂ ਦਾ ਸ਼ੋਰ ਕਰਦਾ ਪਾਣੀ ਜਿਵੇਂ ਕੁਝ ਆਖ ਰਿਹਾ ਹੋਵੇ। ਇੱਕ ਨਿਰੰਤਰ ਸ਼ੋਰ, ਜਿਵੇਂ ਇੱਕ ਸਦੀਵੀ ਸੰਗੀਤ ਤੇ ਜਿਸ ਦੇ ਅਰਥ ਕਿ ਜ਼ਿੰਦਗੀ ਇੱਕ ਨਿਰੰਤਰ ਧਾਰਾ ਹੈ।

134
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ