ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/137

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ
 

ਚੰਗੀ ਗੱਲ

“ਭਜਨ ਸਿਆਂ, ਤੇਰੇ ਵਾਸਤੇ ਸਪੈਸ਼ਲ ਲਿਆਂਦੀ ਐ। ਆ, ਐਧਰ ਪੌੜੀ ਚੜ੍ਹ ਆ, ਕੋਠੇ ਉੱਤੇ ਬੈਠਾਂਗੇ। ਉੱਤੇ ਹਵਾ ਐ।” ਮਿਹਰ ਸਿੰਘ ਲਈ ਉਹ ਸਭ ਤੋਂ ਖ਼ਾਸ ਬੰਦਾ ਸੀ। ਲਾਊਡ-ਸਪੀਕਰ ਵੱਜ ਰਿਹਾ ਸੀ। ਨਵੇਂ ਗਾਇਕਾਂ ਦੇ ਗੀਤ ਲਾਏ ਜਾ ਰਹੇ ਸਨ, ਜਿਨ੍ਹਾਂ ਦਾ ਉੱਚਾ ਤੇ ਖੜਕਵਾਂ ਸੰਗੀਤ ਕੰਨਾਂ ਨੂੰ ਚੀਰ-ਚੀਰ ਜਾਂਦਾ। ਪੰਜ-ਪੰਜ, ਸੱਤ-ਸੱਤ ਬੰਦਿਆਂ ਦੀਆਂ ਢਾਣੀਆਂ ਬਣਾ ਕੇ ਲੋਕ ਦਾਰੂ ਪੀਣ ਬੈਠ ਗਏ ਸਨ। ਦੋ ਢਾਣੀਆਂ ਉਹਨਾਂ ਦੇ ਘਰ ਵਿੱਚ ਹੀ ਸਨ, ਬਾਕੀ ਵਿਹੜੇ ਦੇ ਹੋਰ ਘਰਾਂ ਵਿੱਚ ਬੈਠੇ ਸਨ। ਬੱਕਰਾ ਵੀ ਵੱਢਿਆ ਗਿਆ ਸੀ। ਕੜਛੀਆਂ ਦੇ ਹਿਸਾਬ ਤਰ-ਮਾਲ ਸਭ ਨੂੰ ਪਹੁੰਚ ਰਿਹਾ ਸੀ, ਜਿੱਥੇ-ਜਿੱਥੇ ਵੀ ਉਹ ਬੈਠੇ ਸਨ।

ਉਸ ਦਿਨ ਪਿਛਲੇ ਪਹਿਰ ਮਿਹਰ ਸਿੰਘ ਫ਼ੌਜੀ ਦੇ ਛੋਟੇ ਮੁੰਡੇ ਬਿੱਕਰ ਦਾ ਮੰਗਣਾ ਸੀ। ਮਿਹਰ ਸਿੰਘ ਦੇ ਰਿਸ਼ਤੇਦਾਰ ਆਏ ਹੋਏ ਸਨ। ਪਿੰਡ ਦੇ ਖ਼ਾਸ ਜ਼ਿਮੀਂਦਾਰ ਸਨ ਤੇ ਵਿਹੜੇ ਦੇ ਸਾਰੇ ਘਰ ਦੋ ਚਾਰ ਘਰ ਨਹੀਂ ਵੀ ਹੋਣੇ, ਜਿਹੜੇ ਮਿਹਰ ਸਿੰਘ ਨਾਲ ਖ਼ਾਰ ਖਾਂਦੇ ਸਨ ਤੇ ਉਹਦੀ ਚੜ੍ਹਤ ਨੂੰ ਦੇਖ ਕੇ ਦੰਦ ਚੱਬਦੇ।

“ਇਹ ਸਭ ਤੇਰੀ ਕਿਰਪਾ ਐ ਭਜਨ ਸਿਆਂ, ਤੇਰੇ ਪੈਰੋਂ ਹੋਇਐ ਸਭ। ਬਿੱਕਰ ਨੇ ਐਨੀ ਕਮਾਈ ਕੀਤੀ ਐ, ਬਈ ਪੁੱਛ ਨਾ। ਮਕਾਨ ਤੈਨੂੰ ਦੀਂਹਦਾ ਈ ਐ। ਆਹ ਹੇਠਲੇ ਦੋ ਕਮਰੇ, ਰਸੋਈ, ਗੁਲਸਖਾਨਾ ਤੇ ਇਹ ਉਤਲਾ ਚੁਬਾਰਾ ਬਿੱਕਰ ਦੀ ਕਮਾਈ 'ਚੋਂ ਬਣਿਐ ਸਮਝ , ਫੇਰ ਪੱਕੀਆਂ ਪੌੜੀਆਂ।” ਉਹ ਚੁਬਾਰੇ ਮੂਹਰੇ ਦੋ ਮੰਜੇ ਡਾਹ ਕੇ ਤੇ ਵਿਚਾਲੇ ਮੇਜ਼ ਲਾ ਕੇ ਬੈਠੇ ਦੋ ਦੋ ਪੈੱਗ ਲੈ ਚੁੱਕੇ ਹਨ। ਸ਼ਰਾਬ ਦੀਆਂ ਘੁੱਟਾਂ ਭਰਦੇ ਤੇ ਆਪਣੀਆਂ-ਆਪਣੀਆਂ ਕੌਲੀਆਂ ਵਿੱਚੋਂ ਮੀਟ ਖਾਂਦੇ। ਫ਼ੌਜੀ ਲਗਾਤਾਰ ਬੋਲੀ ਜਾ ਰਿਹਾ ਸੀ।"

"ਮਿਹਰ ਸਿੰਘ ਜੀ, ਇਹ ਤਾਂ ਮੁੰਡੇ ਦਾ ਆਪਣਾ ਦਿਮਾਗ਼ ਐ ਜਾਂ ਫਿਰ ਮਿਹਨਤ। ਬਿੱਕਰ ਆਪ ਵੀ ਬੜਾ ਹਿੰਮਤੀ ਸੀ। ਮੇਰੇ ਕੋਲ ਤਾਂ ਵੀਹ ਮੁੰਡੇ ਕੰਮ ਸਿੱਖ ਕੇ ਗਏ ਐ। ਸਾਰੇ ਥੋੜ੍ਹਾ ਐਂ ਮਕਾਨ ਪਾਈ ਬੈਠੇ ਐ, ਕਈਆਂ ਸਾਲ਼ਿਆਂ ਕੋਲ ਤਾਂ ਕੱਛ ਵੀ ਸਮਾਉਣ ਨ੍ਹੀਂ ਆਉਂਦਾ ਕੋਈ। ਹਾਂ, ਇਹੋ ਕੁੱਝ ਮੁੰਡੇ ਲੈਕ ਨਿਕਲੇ। ਬਿੱਕਰ ਵਰਗੇ ਹੋਰ ਵੀ ਨੇ।” ਭਜਨ ਦੱਸ ਰਿਹਾ ਸੀ, “ਮੇਰੇ ਕੋਲ ਜਿਹੜਾ ਵੀ ਮੁੰਡਾ ਆਉਂਦਾ, ਮੈਂ ਤਾਂ ਪਹਿਲਾਂ ਉਹਨੂੰ ਕਾਜ ਕਰਨੇ ਸਿਖਾਉਂਦਾ, ਫਿਰ ਕਮੀਜ਼ ਦੀ ਸਿਲਾਈ। ਜਿਹੜਾ ਮੁੰਡਾ ਕਾਜ ਕਰਨਾ ਸਿੱਖ ਲਵੇ, ਸਮਝੋ ਉਹ ਪਹਿਲੀ ਜਮਾਤ ਪਾਸ ਕਰ ਗਿਆ। ਫਿਰ ਕਮੀਜ਼, ਕਮੀਜ਼ ਈ 'ਕੱਲਾ ਬਨਾਉਣਾ ਜਾਣਦਾ ਹੋਵੇ, ਭੁੱਖਾ ਨ੍ਹੀਂ ਮਰ ਸਕਦਾ।”

ਚੰਗੀ ਗੱਲ
137