ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/14

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਨਛੱਤਰ ਕੌਰ ਪੀਹੜੀ ਉੱਤੇ ਬੈਠੀ ਕਾਂਸੀ ਦੀ ਥਾਲੀ ਵਿੱਚ ਲੱਕੜ ਦੇ ਮੁੱਠੇ ਵਾਲੀ ਕਰਦ ਨਾਲ ਚੱਪਣ-ਕੱਦੂ ਚੀਰ ਰਹੀ ਸੀ-ਪੁੱਛ ਨਾ ਭੈਣੇ ਕੁਸ, ਸਾਹ ਮਸਾਂ ਔਂਦੈ।

-ਸਬਜ਼ੀ ਬਣਾਉਣ ਲੱਗੇ ਓਂ? ਪਰਮਿੰਦਰ ਨੇ ਪੁੱਛਿਆ ਤੇ ਨਾਲ ਦੀ ਨਾਲ ਬੈਠਕ ਵਿੱਚ ਆਰਾਮ-ਕੁਰਸੀ 'ਤੇ ਬੈਠੇ ਸੁਖਪਾਲ ਵੱਲ ਉਹ ਝਾਕੀ। ਸੁਖਪਾਲ ਨੇ ਅੱਖਾਂ ਰਾਹੀਂ ਹੀ ਉਸ ਦੀ ਖ਼ਾਮੋਸ਼ ਮੁਸਕਰਾਹਟ ਦਾ ਜਵਾਬ ਦਿੱਤਾ।

-ਹੋਰ, ਕੱਦੂ ਤੋਂ ਬਿਨਾਂ ਹੋਰ ਤਾਂ ਕੁਸ ਮਿਲਦਾ ਹੀ ਨੀ। ਬੈਂਗਣ, ਕਰੇਲੇ ਤਾਂ ਸਗਾਂ ਦੂਣੀ ਅੱਗ ਲੌਂਦੇ ਨੇ। ਜਾਂ ਫੇਰ ਆਲੂ ਨੇ ਜਾਂ ਪੇਠਾ। ਕੱਦੂ ਚੰਗੈ, ਠੰਡਾ ਹੁੰਦੈ। ਨਛੱਤਰ ਕੌਰ ਨੇ ਕਿਹਾ।

-ਭਾਵੇਂ ਕੁਝ ਖਾਈ ਜਾਓ, ਕੁਛ ਪੀਈ ਜਾਓ, ਤੇਹ ਨੀ ਬੁਝਦੀ। ਮੈਨੂੰ ਤਾਂ ਲੱਗਦੈ, ਦਿਨ ਵਿੱਚ ਤੋੜਾ-ਤੋੜਾ ਤਾਂ ਹਰ ਬੰਦਾ ਪੀ ਜਾਂਦਾ ਹੋਊ। ਪਰਮਿੰਦਰ ਥੋੜ੍ਹਾ ਕੁ ਉੱਚਾ ਹੱਸੀ ਸੀ। ਲੱਕ ਕੋਲੋਂ ਵੱਖੀਆਂ ਫੜ ਕੇ ਮਰੋੜਾ ਵੀ ਖਾ ਗਈ ਸੀ। ਸੁਖਪਾਲ ਵੱਲ ਝਾਕਣਾ ਨਹੀਂ ਸੀ ਭੁੱਲੀ।

ਸੁਖਪਾਲ ਆਪਣੇ ਬੁੱਲ੍ਹਾਂ ਉੱਤੇ ਜੀਭ ਫੇਰ ਰਿਹਾ ਸੀ। ਉਸ ਨੇ ਮੇਜ਼ ਉੱਤੋਂ ਇੱਕ ਰਸਾਲਾ ਚੁੱਕਿਆ ਤੇ ਉਸ ਨੂੰ ਪੜ੍ਹਨ ਦਾ ਬਹਾਨਾ ਜਿਹਾ ਪੈਦਾ ਕਰਨ ਲੱਗਿਆ। ਅੰਦਰੋਂ ਪਰ ਉਸ ਦਾ ਸਾਰਾ ਧਿਆਨ ਪਰਮਿੰਦਰ ਵੱਲ ਸੀ।

-ਸੰਤੀ ਬੁੜ੍ਹੀ ਦੀ ਨੂੰਹ ਕਿਵੇਂ ਐ? ਨਛੱਤਰ ਕੌਰ ਨੇ ਪੁੱਛਿਆ।

-ਉਵੇਂ ਜਿਵੇਂ ਐਂ। ਨਾ ਦਰਦ, ਨਾ ਪੀੜ, ਦਿਨ ਉੱਤੋਂ ਦੀ ਜਾ ਰਹੇ ਨੇ। ਪਤਾ ਨੀ ਕੀ ਊਠ ਘੋੜਾ ਜੰਮੂ। ਉਹ ਹੱਸੀ ਤੇ ਸੁਖਪਾਲ ਵੱਲ ਝਾਕੀ। ਸੁਖਪਾਲ ਨੇ ਅੱਖ ਦੱਬ ਦਿੱਤੀ।

ਹੁਣ ਨਾ ਤਾਂ ਉਹ ਹੱਸ ਰਹੀ ਸੀ ਤੇ ਨਾ ਸੁਖਪਾਲ ਵੱਲ ਦੇਖ ਰਹੀ ਸੀ। ਅਡੋਲ ਖੜ੍ਹੀ ਸੀ, ਜਿਵੇਂ ਕੁਝ ਹੋਇਆ ਹੀ ਨਾ ਹੋਵੇ। ਜਿਵੇਂ ਬਹੁਤ ਕੁਝ ਹੋ ਗਿਆ ਹੋਵੇ। ਹੁਣ ਉਹ ਬੰਤੋ ਨਾਈ ਦੀ ਕੁੜੀ ਬਾਰੇ ਦੱਸ ਰਹੀ ਸੀ। ਬੜੇ ਹੀ ਪੀੜਤ ਬੋਲ ਵਿੱਚ।

-ਜਵਾਕ ਦਾ ਸਿਰ ਪੇਡੂ ਵਿੱਚ ਫਸਿਆ ਪਿਆ ਹੈ। ਟਰਾਲੀ ਵਿੱਚ ਪਾ ਕੇ ਕੁੜੀ ਨੂੰ ਸ਼ਹਿਰ ਲੈ ਗਏ ਹਨ। ਪੰਜ-ਚਾਰ ਘੰਟੇ ਇਹੀ ਹਾਲ ਰਿਹਾ ਤਾਂ ਕੁੜੀ ਦੀ ਜਾਨ ਹੈ ਨਹੀਂ।

ਸੁਖਪਾਲ ਨੂੰ ਤੌਣੀ ਆਈ ਹੋਈ ਸੀ। ਉਸ ਤੋਂ ਇਹ ਕੀ ਹੋ ਗਿਆ? ਉਹ, ਇਹ ਕੀ ਕਰ ਬੈਠਾ? ਉਹ ਰਸਾਲੇ ਨੂੰ ਧਿਆਨ ਨਾਲ ਪੜ੍ਹਨ ਲੱਗਿਆ। ਪਰ ਇੱਕ ਵੀ ਸਤਰ ਉਸ ਦੀ ਸਮਝ ਵਿੱਚ ਨਹੀਂ ਸੀ ਆ ਰਹੀ। ਕਿਸੇ ਕਹਾਣੀ ਦਾ ਉਹ ਇਕ ਅੱਧਾ ਪੈਰਾ ਪੜ੍ਹਦਾ ਤੇ ਵਰਕਾ ਪਲਟ ਦਿੰਦਾ। ਪਰਮਿੰਦਰ ਪੌੜੀਆਂ ਚੜ੍ਹ ਚੁੱਕੀ ਸੀ। ਨਛੱਤਰ ਕੌਰ ਮਸਾਲਾ ਰਗੜ ਰਹੀ ਸੀ। ਗੁੱਡੀ ਬੈਠਕ ਵਿੱਚ ਆਈ ਸੀ ਤੇ ਥੈਲੇ ਵਿੱਚ ਅਗਲੇ ਦਿਨ ਸਕੂਲ ਨੂੰ ਲਿਜਾਣ ਵਾਲੀਆਂ ਕਿਤਾਬਾਂ ਕਾਪੀਆਂ ਪਾਉਣ ਲੱਗੀ ਸੀ। ਪੋਚੀ ਹੋਈ ਫੱਟੀ ਉੱਤੇ ਊੜਾ ਐੜਾ ਉਕਰਾਉਣ ਲਈ ਪੈਨਸਲ ਲੈ ਕੇ ਟੀਟੂ ਸੁਖਪਾਲ ਦੇ ਗੋਡੇ ਨਾਲ ਆ ਲੱਗਿਆ ਸੀ। ਗੋਦੀ ਵਾਲਾ ਪੈਂਟੂ ਦੁਪਹਿਰ ਦਾ ਸੁੱਤਾ ਪਿਆ ਹੁਣ ਜਾਗ ਪਿਆ ਸੀ। ਨਛੱਤਰ ਕੌਰ ਕੋਲ ਬੈਠਾ ਉਹ ਕੂੰਡੇ ਵਿੱਚ ਹੱਥ ਪਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਹ ਉਸ ਨੂੰ ਝਿੜਕ ਕੇ ਹਟਾਉਂਦੀ ਤੇ ਤੇਜ਼ੀ ਨਾਲ ਘੋਟੇ ਨੂੰ ਕੂੰਡੇ ਵਿੱਚ ਚਲਾਉਣ ਲੱਗਦੀ।

14

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ