ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/141

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਜਾਈਏ ਲੁਧਿਆਣੇ। ਭੋਗੀ ਜਾਨੇ ਆਂ, ਸਭ ਤੇਰੀ ਕਿਰਪਾ ਐ।” ਦੁਰਗਾ ਸਿੰਘ ਦੀ ਆਵਾਜ਼ ਭਾਰੀ ਸੀ।

“ਮੈਂ ਸਮਝਿਆ ਨ੍ਹੀਂ ਬਾਈ। ਖੋਲ੍ਹ ਕੇ ਦੱਸ।”

“ਤੈਨੂੰ ਸਮਝਣ ਦੀ ਲੋੜ ਵੀ ਕੀ ਐ। ਤੂੰ ਮੌਜਾਂ ਕਰਦੈਂ ਸ਼ਹਿਰ ‘ਚ, ਅਸੀਂ ਭੁੱਖੇ ਮਰਦੇ ਆਂ।”


“ਇਹ ਤਾਂ ਆਪਣੀ-ਆਪਣੀ ਕਿਰਤ ਐ ਬਾਈ। ਮੈਂ ਕਿਸੇ ਦਾ ਕੁੱਛ ਖੋਹ ਕੇ ਤਾਂ ਨ੍ਹੀਂ ਖਾਂਦਾ। ਮੇਰੀਆਂ ਮੌਜਾਂ ਦਾ ਥੋਡੇ ‘ਤੇ ਕੀ ਅਸਰ ਪੈ ਗਿਆ?” ਉਹ ਤਿੱਖਾ ਬੋਲਿਆ।

“ਅਸਰ ਆਪੇ ਪੈਂਦੈ, ਚੂਹੜੇ-ਚਮਿਆਰਾਂ ਦੇ ਮੁੰਡਿਆਂ ਨੂੰ ਕੰਮ ਜਿਹੜਾ ਸਿਖਾਉਨੈਂ, ਇਹ ਚੰਗੀ ਗੱਲ ਐ ਕੋਈ?”

“ਮਾੜੀ ਕਿਮੇਂ ਹੋਈ? ਦੱਸ ਮੈਨੂੰ।”

“ਅੱਧਾ ਪਿੰਡ ਹੁਣ ਮਿਹਰ ਚਮਿਆਰ ਦੇ ਮੁੰਡੇ ਕੋਲ ਜਾਂਦੈ। ਬਿਠਾ ਤਾਂ ਨਾ ਜਮ੍ਹਾਂ ਸਿਰ ’ਤੇ ਭਣੋਈਆ, ਦੱਦ ਲਾ ’ਤਾ ਸਾਨੂੰ। ਫਿਰ ਪੁੱਛਦੈਂ ਕੰਮ ਧੰਦੇ ਦਾ ਕੀ ਹਾਲ ਐ ਬਾਈ। ਤੂੰ ਜੰਮਦਾ ਕਿਉਂ ਨਾ ਮਰ ਗਿਆ। ਕਿੱਥੇ ਛੱਡ ਆਇਆ ਮੈਂ ਤੈਨੂੰ ਬਠਿੰਡੇ, ਆਵਦੀ ਮਾੜੀ ਕਿਸਮਤ ਨੂੰ।” ਜਿੰਨਾ ਉਹਨੇ ਆਪਦਾ ਅੰਦਰਲਾ ਗੁੱਭ-ਗੁਭਾਟ ਕੱਢਣਾ ਸੀ, ਕੱਢ ਕੇ ਬੈਠਕ ਵਿੱਚੋਂ ਬਾਹਰ ਹੋ ਗਿਆ। ਭਰਜਾਈ ਦਹੀਂ-ਪਰੌਂਠੇ ਲੈ ਕੇ ਆਈ, ਪਰ ਭਜਨ ਨੇ ਇਹ ਕਹਿ ਕੇ ਥਾਲੀ ਮੋੜ ਦਿੱਤੀ ਕਿ ਉਹਦਾ ਚਿੱਤ ਨਹੀਂ ਕਰਦਾ। ਦਿਲ ਭਰਿਆ ਜਿਹਾ ਪਿਆ ਹੈ। ਉਹਨੂੰ ਪਿੰਡ ਤੋਂ ਮੰਡੀ ਦੇ ਅੱਡੇ ਤੱਕ ਸਾਇਕਲ ਉੱਤੇ ਕੋਈ ਭਤੀਜਾ ਛੱਡਣ ਵੀ ਨਹੀਂ ਆਇਆ। ਕੱਖੋਂ ਹੌਲ਼ਾ ਹੋ ਕੇ ਉਹਨੇ ਪੈਂਰੀ ਤੁਰਦਿਆਂ ਵਾਟ ਮਸਾਂ ਨਿਬੇੜੀ।◆

ਚੰਗੀ ਗੱਲ

141