ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/143

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਘਰ ਵਿੱਚ ਕੁਝ ਬਜ਼ੁਰਗ ਤੇ ਬੁੜ੍ਹੀਆਂ ਸਨ ਜਾਂ ਉਹ ਕੁਝ ਲੋਕ, ਜਿਹਨਾਂ ਨੂੰ ਘਰ ਦੀਆਂ ਕੋਈ ਜ਼ਿੰਮੇਵਾਰੀਆਂ ਸੌਂਪ ਕੇ ਉਹ ਛੱਡ ਗਏ ਸਨ। ਜਦੋਂ ਉਹ ਥੱਲੇ ਉੱਤਰਿਆ ਸੀ ਤਾਂ ਘਰ ਦੀ ਇੱਕ ਬਜ਼ੁਰਗ ਔਰਤ ਨੇ ਉਹਨੂੰ ਪਿਆਰ ਨਾਲ ਪੁੱਛਿਆ ਸੀ, “ਚਾਹ ਦੇਵਾਂ ਸਾਉ?” ਇਹ ਬਜ਼ੁਰਗ ਔਰਤ ਉਹਨਾਂ ਦੀ ਕਿਸੇ ਰਿਸ਼ਤੇਦਾਰੀ ਵਿੱਚੋਂ ਸੀ।

ਕੱਲ੍ਹ ਉਹਨੂੰ ਬਾਰਾਤ ਲੈ ਕੇ ਨਹੀਂ ਗਏ, ਚੱਲੋ ਕੋਈ ਗੱਲ ਨਹੀਂ, ਪਰ ਇਹ ਜੋ ਸਭ ਹੋ ਰਿਹਾ ਹੈ। ਉਹਦੇ ਨਾਲ ਇਸ ਤਰ੍ਹਾਂ ਦਾ ਸਲੂਕ ਜੋ ਕੀਤਾ ਜਾ ਰਿਹਾ ਹੈ। ਇਸ ਸਭ ਉਹਦੇ ਸਾਂਢੂ ਜਸਵੰਤ ਰਾਏ ਦੀ ਉਂਗਲ ਹੈ। ਉਹ ਵੱਡਾ ਜੁਆਈ ਹੈ ਤਾਂ ਕੀ। ਜੁਆਈ ਤਾਂ ਸਭ ਇਕੋ ਜਿਹਾ ਰੁਤਬਾ ਰੱਖਦੇ ਹਨ। ਮੈਂ ਵੀ ਤਾਂ ਜੁਆਈ ਹਾਂ ਇਸ ਘਰ ਦਾ। ਜਸਵੰਤ ਰਾਏ ਦੇ ਬਰਾਬਰ ਦਾ ਜੁਆਈ ਹਾਂ। ਮੇਰੀ ਐਨੀ ਦੱਸ-ਪੁੱਛ ਕਿਉਂ ਨਹੀਂ? ਜਸਵੰਤ ਰਾਏ ਹੀ ਹੈ ਬਸ ਇੱਕ, ਪੰਜ ਕਰੇ-ਪੰਜਾਹ ਕਰੇ। ਉਹਦੇ ਸਾਲ਼ੇ ਜੋਗਿੰਦਰ ਪਾਲ ਨੂੰ ਕੁਝ ਸਮਝਣਾ ਚਾਹੀਦਾ ਹੈ। ਜੋਗਿੰਦਰ ਪਾਲ ਨਹੀਂ ਸੋਚਦਾ ਤਾਂ ਮੀਨਾਕਸ਼ੀ ਕਿਉਂ ਨਹੀਂ ਸੋਚਦੀ? ਮੀਨਾਕਸ਼ੀ ਨੂੰ ਡੁੱਬ ਮਰਨਾ ਚਾਹੀਦਾ ਹੈ। ਉਹਦੇ ਘਰਵਾਲੇ ਦੀ ਇਸ ਵਿਆਹ ਵਿੱਚ ਕੌਡੀ ਜਿੰਨੀ ਵੀ ਕਿਧਰੇ ਕੋਈ ਕੀਮਤ ਨਹੀਂ ਹੈ। ਕੀ ਹੈ, ਜੋ ਜਸਵੰਤ ਰਾਏ ਡਾਕਟਰ ਹੈ। ਉਹਦੀ ਦੁਕਾਨ ਵਧੀਆ ਚੱਲਦੀ ਹੈ। ਉਹਦੇ ਕੋਲ ਪੈਸਾ ਹੈ ਤੇ ਸ਼ਾਨਦਾਰ ਕੋਠੀ ਵੀ ਹੈ। ਕੋਠੀ ਨਾਲ ਕਾਰ ਹੈ। ਕੀ ਹੋਇਆ, ਜੇ ਮੇਰੇ ਕੋਲ ਕੋਠੀ ਨਹੀਂ, ਕਾਰ ਨਹੀਂ, ਪਰ ਮੇਰੇ ਕੋਲ ਮਕਾਨ ਹੈ, ਆਪਣਾ ਮਕਾਨ ਹੈ। ਕੋਠੀ ਵਰਗਾ ਹੀ ਮਕਾਨ ਹੈ। ਮੈਂ ਕਿਧਰੇ ਕਿਰਾਏ ਦੇ ਮਕਾਨ ਵਿੱਚ ਤਾਂ ਨਹੀਂ ਰਹਿੰਦਾ। ਮੇਰੇ ਕੋਲ ਸਕੂਟਰ ਹੈ। ਮੈਨੂੰ ਕਾਰ ਦੀ ਲੋੜ ਹੀ ਨਹੀਂ। ਸਕੂਟਰ ਨਾਲ ਹੀ ਸਰ ਜਾਂਦਾ ਹੈ। ਮੈਂ ਚੰਗਾ ਖਾਂਦਾ-ਪੀਂਦਾ ਹਾਂ। ਮੀਨਾਕਸ਼ੀ ਨੂੰ ਕਿਸੇ ਗੱਲ ਦੀ ਕਮੀ ਨਹੀਂ। ਮੈਂ ਜੇ ਗੁੜ-ਚਾਹ ਦੀ ਦੁਕਾਨ ਕਰਦਾ ਹਾਂ ਤਾਂ ਕੀ। ਗਾਹਕ ਤਾਂ ਮੇਰੇ ਵੀ ਬਹੁਤ ਹਨ। ਵੀਹ ਪਿੰਡ ਮੇਰੀ ਦੁਕਾਨ 'ਤੇ ਆਉਂਦੇ ਹਨ। ਪੂਰੀ ਕਮਾਈ ਹੈ। ਕੀ ਘਾਟਾ ਹੈ, ਮੇਰੇ ਘਰ? ਕੀ ਹੋਇਆ, ਜੇ ਮੈਂ ਜਸਵੰਤ ਰਾਏ ਵਾਂਗ ਖ਼ਾਸ ਅੰਦਾਜ਼ ਵਿੱਚ ਸਿਗਰਟ ਨਹੀਂ ਪੀਂਦਾ। ਸਾਲਾ ਵੱਡਾ ਧਨਾਢ, ਅੱਧੀ ਸਿਗਰਟ ਪੀਂਦਾ ਹੈ, ਅੱਧੀ ਸੁੱਟ ਦਿੰਦਾ ਹੈ। ਪੈਰ ਥੱਲੇ ਮਸਲ ਦਿੰਦਾ ਹੈ। ਵੱਡਾ ਡਾਕਟਰ ਆਇਆ ਹੈ, ਰੱਖੀ ਬੈਠਾ ਹੋਵੇਗਾ ਚਾਰ ਸ਼ੀਸ਼ੀਆਂ। ਕਿਹੜੇ ਆਉਂਦੇ ਹੋਣਗੇ ਇਹਦੇ ਕੋਲ ਮਰੀਜ਼, ਨਸ਼ੇ ਦੀਆਂ ਗੋਲੀਆਂ ਵੇਚਦਾ ਹੋਵੇਗਾ। ਏਸੇ ਕਰਕੇ ਬਣਿਆ ਬੈਠਾ ਹੈ ਵੱਡਾ ਅਮੀਰ। ਨਾਲੇ ਡਾਕਟਰ ਦਾ ਕੀ ਹੈ, ਜਿੰਨਾ ਮਰਜ਼ੀ ਲੁੱਟੀ ਜਾਵੇ ਲੋਕਾਂ ਨੂੰ। ਕਿਹੜਾ ਕਿਸੇ ਨੇ ਬੋਲਣਾ ਹੈ। ਮਰੀਜ਼ ਤੋਂ ਕਿੰਨੇ ਪੈਸੇ ਮੰਗ ਲਓ, ਉਹਨੇ ਕੱਢ ਕੇ ਫੜਾ ਦੇਣੇ ਹਨ। ਸਾਡੀ ਦੁਕਾਨ ਉੱਤੇ ਗਾਹਕ ਆਉਂਦਾ ਹੈ, ਭਾਅ ਤੋੜ ਕੇ ਸੌਦਾ ਲੈਂਦਾ ਹੈ। ਅਸੀਂ ਉਹਨੂੰ ਵੱਧ ਭਾਅ ਲਾਈਏ ਤਾਂ ਉਹ ਸਾਡੀ ਦੁਕਾਨ ਛੱਡ ਕੇ ਅਗਲੀ ਕਿਸੇ ਦੁਕਾਨ ‘ਤੇ ਤੁਰ ਜਾਵੇਗਾ। ਮੈਂ ਹੱਕ ਦੀ ਕਮਾਈ ਖਾਂਦਾ ਹਾਂ। ਜਸਵੰਤ ਰਾਏ ਦੀ ਦੁਕਾਨ ਸਭ ਠੱਗੀ-ਠੋਰੀ ਦਾ ਜਾਲ਼ ਹੈ।

ਤੇ ਹੁਣ ਜਦੋਂ ਰਿਸੈਪਸ਼ਨ ਦਾ ਸਮਾਂ ਆ ਗਿਆ, ਅੱਠ ਵੱਜ ਗਏ ਤਾਂ ਮਹਿਮਾਨ ਆਉਣੇ ਸ਼ੁਰੂ ਹੋਏ। ਬਹੁਤ ਮਹਿਮਾਨ ਆ ਰਹੇ ਸਨ। ਅੰਤ-ਹਿਸਾਬ ਨਹੀਂ ਸੀ ਮਹਿਮਾਨਾਂ ਦਾ। ਔਰਤਾਂ ਸਨ, ਔਰਤਾਂ ਨਾਲ ਉਹਨਾਂ ਦੇ ਬੱਚੇ ਸਨ। ਵੱਡੀ ਉਮਰ ਦੇ ਬੰਦੇ ਸਨ,

ਜਸ਼ਨ

143