ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/146

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਿੱਲੀ ਨੂੰ ਜਾਂਦੇ। ਬਾਪ ਤੋਂ ਬਾਅਦ ਹੁਣ ਇਹੀ ਕੰਮ ਉਹਦਾ ਮੁੰਡਾ ਜੋਗਿੰਦਰ ਪਾਲ ਕਰਦਾ। ਜੋਗਿੰਦਰ ਪਾਲ ਨੇ ਤਾਂ ਕੰਮ ਬਾਪ ਨਾਲੋਂ ਵੀ ਦੁੱਗਣਾ ਵਧਾ ਲਿਆ ਸੀ।

ਮੀਨਾਕਸ਼ੀ ਦੀ ਅੱਠ ਸਾਲ ਦੀ ਕੁੜੀ ਸੀ, ਜਦੋਂ ਉਹਦੇ ਪਤੀ ਦੀ ਮੌਤ ਹੋ ਗਈ। ਉਹਨੂੰ ਬਲੱਡ-ਕੈਂਸਰ ਸੀ। ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਆਪਣੇ ਆਪ ਨੂੰ ਬਚਾ ਨਾ ਸਕਿਆ। ਜੋਗਿੰਦਰ ਪਾਲ ਭੈਣ ਨੂੰ ਇਸ ਹਾਲਤ ਵਿੱਚ ਦੇਖ ਕੇ ਬਹੁਤ ਦੁਖੀ ਸੀ, ਉਹ ਕਿਵੇਂ ਵੀ ਉਹਦਾ ਕਿਧਰੇ ਟਿਕਾਣਾ ਕਰਨਾ ਚਾਹੁੰਦਾ ਸੀ। ਮੀਨਾਕਸ਼ੀ ਜੇ ਕੰਵਾਰੀ ਹੁੰਦੀ ਤਾਂ ਉਹ ਐਨੀ ਪੜ੍ਹੀ ਲਿਖੀ ਤੇ ਨੌਕਰੀ ਉੱਤੇ ਲੱਗੀ ਹੋਣ ਕਰਕੇ ਨਿਰਾ ਸੋਨਾ ਸੀ। ਹੁਣ ਵਿਧਵਾ ਹੋਣ ਕਰਕੇ ਤੇ ਮਗਰ ਇਕ ਕੁੜੀ ਨਾਲ ਮਿੱਟੀ ਸਮਾਨ ਸੀ। ਉਹਦਾ ਕਿਧਰੇ ਵੀ ਕੁਝ ਨਹੀਂ ਬਣ ਰਿਹਾ ਸੀ। ਉਹਦੇ ਇਸ ਤਰ੍ਹਾਂ ਹੀ ਬੈਠੇ ਰਹਿ ਜਾਣ ਦਾ ਕਾਰਨ ਇੱਕ ਹੋਰ ਵੀ ਸੀ ਕਿ ਜੋਗਿੰਦਰ ਪਾਲ ਉਹਦੇ ਲਈ ਪਹਿਲਾਂ ਵਾਂਗ ਹੀ ਵਧੀਆ ਘਰ ਭਾਲਦਾ ਸੀ। ਘਰ ਅਮੀਰ ਹੋਵੇ ਤੇ ਮੁੰਡਾ ਕਿਸੇ ਚੰਗੀ ਨੌਕਰੀ ਉੱਤੇ ਲੱਗਿਆ ਹੋਇਆ। ਜਿਹੋ ਜਿਹਾ ਮੁੰਡਾ ਉਹ ਚਾਹੁੰਦਾ ਸੀ, ਉਹੋ ਜਿਹਾ ਹੁਣ ਤੱਕ ਕਦੋਂ ਕੰਵਾਰਾ ਬੈਠਾ ਹੋਣਾ ਸੀ ਕਿਧਰੇ। ਸਾਲ ਲੰਘਦੇ ਗਏ, ਕੁੜੀ ਹੋਰ ਪੁਰਾਣੀ ਪੈਂਦੀ ਗਈ। ਕੁਝ ਹੋਰ ਸਾਲਾਂ ਨੂੰ ਤਾਂ ਮੀਨਾਕਸ਼ੀ ਦੀ ਆਪਣੀ ਕੁੜੀ ਵਿਆਹੁਣ ਵਾਲੀ ਹੋ ਜਾਣੀ ਸੀ। ਵਿਧਵਾ ਹੋਣ ਨਾਲ ਚਾਹੇ ਕੋਈ ਮੁੰਡਾ ਅੜ੍ਹਕ ਹੀ ਜਾਂਦਾ, ਕਿਉਂਕਿ ਉਹ ਕਮਾਊ ਕੁੜੀ ਸੀ, ਪਰ ਮਗਰ ਕੁੜੀ ਹੋਣ ਕਰਕੇ ਵੱਡਾ ਅੜਿੱਕਾ ਸੀ। ਅਖ਼ੀਰ ਇਹ ਰਾਮ ਨਾਰਾਇਣ ਲੱਭ ਪਿਆ। ਚਾਹੇ ਦੁਹਾਜੂ ਸੀ, ਪਰ ਘਰ ਪਰਿਵਾਰ ਚੰਗਾ ਸੀ। ਕੋਲ ਚਾਰ ਪੈਸੇ ਵੀ ਸਨ। ਦੁਕਾਨ ਵਧੀਆ ਚੱਲਦੀ ਸੀ। ਉਹ ਸਿਰਫ਼ ਚਾਰ ਜਮਾਤਾਂ ਪਾਸ ਸੀ। ਮੀਨਾਕਸ਼ੀ ਦਾ ਟਿਕਾਣਾ ਹੋ ਗਿਆ। ਰਾਮ ਨਾਰਾਇਣ ਦਾ ਬਾਪ ਦਹੇਜ ਦੇ ਲੋਭ ਵਿੱਚ ਆ ਗਿਆ। ਜੋਗਿੰਦਰ ਪਾਲ ਨੇ ਨਕਦ ਪੈਸਾ ਵੀ ਦਿੱਤਾ ਸੀ। ਪੈਸਾ ਜਿਹੜਾ ਉਹਨਾਂ ਨੇ ਦੁਕਾਨ ਵਿੱਚ ਪਾ ਲਿਆ। ਇਹ ਰਿਸ਼ਤਾ ਤਦ ਹੀ ਸਿਰੇ ਚੜ੍ਹ ਸਕਿਆ, ਕਿਉਂਕਿ ਜੋਗਿੰਦਰ ਪਾਲ ਨੇ ਮੀਨਾਕਸ਼ੀ ਦੀ ਕੁੜੀ ਆਪ ਰੱਖ ਲਈ। ਉਹਦਾ ਫ਼ੈਸਲਾ ਸੀ ਕਿ ਭਾਣਜੀ ਨੂੰ ਉਹ ਆਪ ਪੜ੍ਹਾਏ-ਲਿਖਾਏਗਾ ਤੇ ਧੀ ਬਣਾ ਕੇ ਆਪ ਉਹਦਾ ਵਿਆਹ ਕਰੇਗਾ।

ਰਾਮ ਨਾਰਾਇਣ ਜੂਸ ਪੀ ਕੇ ਓਥੋਂ ਉੱਠਿਆ। ਬਾਹਾਂ ਖੜ੍ਹੀਆਂ ਕਰਕੇ ਅਗਵਾੜੀ ਲਈ। ਫੇਰ ਹੌਲ਼ੀ-ਹੌਲ਼ੀ ਕਦਮ ਰੱਖਦਾ ਨਾਨ-ਵੈੱਜ਼ ਵਾਲੇ ਪਾਸੇ ਨੂੰ ਤੁਰ ਪਿਆ। ਸ਼ਰਾਬ ਦੇ ਪੈੱਗ ਭਰ-ਭਰ ਵੱਡੇ ਟੇਬਲ ਉੱਤੇ ਧਰੇ ਹੋਏ ਸਨ। ਲੋਕ ਆਪਣੇ ਗਿਲਾਸ ਖ਼ਾਲੀ ਕਰਦੇ ਸਨ, ਕੁਝ ਖਾਂਦੇ ਸਨ ਤੇ ਤਲਬ ਲੱਗਦੀ ਤਾਂ ਟੇਬਲ ਉੱਤੋਂ ਹੋਰ ਗਿਲਾਸ ਚੁੱਕ ਲਿਜਾਂਦੇ। ਬੈਰ੍ਹੇ ਕਲੇਜੀ ਦੀਆਂ ਪਲੇਟਾਂ, ਭੁੰਨੇ ਹੋਏ ਮੁਰਗੇ ਦੀਆਂ ਲੱਤਾਂ, ਗਰਮ-ਗਰਮ ਅੰਡੇ ਦਿੰਦੇ ਫਿਰਦੇ ਸਨ। ਰਾਮ ਨਾਰਾਇਣ ਨੇ ਇੱਕ ਪੈੱਗ ਪੀਤਾ, ਨਾਲ ਦੀ ਨਾਲ ਦੂਜਾ ਪੈੱਗ ਵੀ ਚੁੱਕ ਲਿਆ। ਉਹਦਾ ਜੀਅ ਕਰਦਾ ਸੀ, ਸਾਰਾ ਟੇਬਲ ਖ਼ਾਲੀ ਕਰ ਦੇਵੇ। ਕਰੰਟ ਲੱਗਣ ਵਾਂਗ ਕੋਈ ਤਾਰ ਜਿਹੀ ਉਹਦੇ ਦਿਮਾਗ਼ ਨੂੰ ਚੀਰ ਕੇ ਲੰਘ ਜਾਂਦੀ, “ਏਥੇ ਬੰਦੇ ਦੀ ਕਦਰ ਈ ਕੋਈ ਨ੍ਹੀ ਭੈਣ ਚੋ, ਮੈਂ ਵੀ ਤਾਂ ਆਖਰ ਜੁਆਈ ਆਂ। ਪੁੱਛਦਾ ਈ ਕੋਈ ਨ੍ਹੀ। ਡਾਕਟਰ ਸਾਅਬ, ਡਾਕਟਰ ਸਾਅਬ।”

ਦੋ ਪੈੱਗਾਂ ਬਾਅਦ ਉਹਨੇ ਇੱਕ ਅੰਡਾ ਛਿੱਲਿਆ। ਲੂਣ ਲਾ ਕੇ ਉਹਦਾ ਥੋੜ੍ਹਾ ਜਿਹਾ ਟੁਕੜਾ ਖਾ ਲਿਆ। ਤੀਜਾ ਪੈੱਗ ਚੁੱਕ ਕੇ ਉਹ ਏਧਰ ਓਧਰ ਦਾ ਨਜ਼ਾਰਾ ਲੈਣ ਲੱਗਿਆ। ਸੁਆਗਤੀ ਗੇਟ ਉੱਤੇ ਬੰਦੇ ਨਹੀਂ ਸਨ। ਪਤਾ ਨਹੀਂ ਕੋਈ ਕਿੱਥੇ ਸੀ। ਗਿਲਾਸ

146

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ