ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/147

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਹੱਥ ਵਿੱਚ ਫ਼ੜ ਕੇ ਉਹ ਅੰਦਰ ਆ ਖੜ੍ਹਾ। ਦੂਰ ਸਾਰੇ ਸਟੇਜ਼ ਉੱਤੇ ਨੰਗੇ ਅੰਗਾਂ ਦਾ ਪ੍ਰਦਰਸ਼ਨ ਕਰਦੀ ਤੇ ਕਿਸੇ ਪ੍ਰਸਿੱਧ ਫ਼ਿਲਮੀ ਗਾਣੇ ਦੀ ਕੈਸੇਟ ਉੱਤੇ ਕੁੜੀ ਨੱਚ-ਟੱਪ ਰਹੀ ਸੀ। ਉਹਦੇ ਸਰੀਰ ਉੱਤੇ ਪੱਟਾਂ ਤੇ ਨਿਤੰਭਾਂ ਨਾਲ ਚਿਪਕੀ ਹੋਈ ਜੀਨ ਤੇ ਗਲ ਸਲੀਵ ਲੈੱਸ ਉੱਚੀ ਕੁੜਤੀ ਸੀ, ਜਿਸਦਾ ਗਲ ਬਹੁਤ ਖੁੱਲ੍ਹਾ ਤੇ ਥੱਲੇ ਨੂੰ ਢਿਲਕਿਆ ਹੋਇਆ ਸੀ। ਸਿਰ ਦੇ ਕੱਟੇ ਹੋਏ ਵਾਲ਼ ਪਾਣੀ ਦੀ ਲਹਿਰ ਵਾਂਗ ਏਧਰ-ਓਧਰ ਡਿੱਗਦੇ। ਸਟੇਜ਼ ਦੇ ਖੱਬੇ ਪਾਸੇ ਸੋਫ਼ਾ-ਕੁਰਸੀਆਂ ਉੱਤੇ ਮੁੰਡਾ ਬਹੂ ਆ ਬੈਠੇ ਸਨ। ਫੋਟੋਆਂ ਖਿੱਚੀਆਂ ਜਾ ਰਹੀਆਂ ਸਨ। ਮੂਵੀ ਬਣਾਈ ਜਾ ਰਹੀ ਸੀ। ਇੱਕ ਸ਼ਹਿਨਸ਼ਾਹੀ ਜਲੌ ਸੀ, ਜੋ ਚਾਰ ਚੁਫ਼ੇਰੇ ਫੈਲ ਗਿਆ ਸੀ। ਜਸ਼ਨ ਪੈਲੇਸ ਵਾਕਿਆ ਹੀ ਜਸ਼ਨਾਂ ਦਾ ਮਹੱਲ ਦਿਸਦਾ।

ਜਿਉਂ-ਜਿਉਂ ਪਾਰਟੀ ਦੇ ਜਸ਼ਨ ਸਿਖ਼ਰ ਵੱਲ ਜਾ ਰਹੇ ਸਨ, ਰਾਮ ਨਾਰਾਇਣ ਦੇ ਅੰਦਰਲਾ ਖ਼ਿਲਾਅ ਹੋਰ ਵਧਦਾ ਜਾਂਦਾ। ਆਰਕੈਸਟਰਾ ਦੇ ਸਾਹਮਣੇ ਸਟੇਜ਼ ਤੋਂ ਥੱਲੇ ਨੌਜਵਾਨ ਮੁੰਡੇ ਭੰਗੜਾ ਪਾ ਰਹੇ ਸਨ, ਕੁੜੀਆਂ ਨੱਚ ਰਹੀਆਂ ਸਨ। ਡਾਂਸਰ ਕੁੜੀਆਂ ਨੂੰ ਨੋਟ ਫੜਾਏ ਜਾਂਦੇ। ਗਾਣਾ ਖ਼ਤਮ ਹੋਣ ਤੋਂ ਬਾਅਦ ਅਨਾਊਂਸਰ ਮੁੰਡਾ ਪੈਸੇ ਦੇਣ ਵਾਲਿਆਂ ਦੇ ਨਾਂ ਬੋਲਦਾ, ਬੜੇ ਹੀ ਦਿਲਚਸਪ ਤੇ ਅਜੀਬ ਅੰਦਾਜ਼ ਵਿਚ। ਡਾਕਟਰ ਜਸਵੰਤ ਰਾਏ ਦਾ ਕਈ ਵਾਰ ਨਾਂ ਬੋਲਿਆ ਗਿਆ ਸੀ। ਉਹ ਮੁੰਡੇ-ਬਹੂ ਦੇ ਸਿਰਾਂ ਉੱਤੋਂ ਦੀ ਸੌ ਦਾ ਨੋਟ ਵਾਰਦਾ ਤੇ ਜਾ ਕੇ ਅਨਾਉਂਸਰ ਮੁੰਡੇ ਨੂੰ ਫੜਾ ਦਿੰਦਾ। ਫੇਰ ਤਾਂ ਅਨਾਊਂਸਰ ਮੁੰਡਾ ਖ਼ੁਦ ਹੀ ਉਹਦਾ ਨਾਂ ਜਾਣ ਗਿਆ ਸੀ ਕਿ ਉਹ ਮੁੰਡੇ ਦਾ ਫੁੱਫੜ ਹੈ। ਆਪੇ ਹੀ ਉਹਦਾ ਨਾਂ ਲਿਖ ਲੈਂਦਾ। ਰਾਮ ਨਾਰਾਇਣ ਨੂੰ ਕਿਸੇ ਨੇ ਬਾਂਹ ਫ਼ੜ ਕੇ ਨਹੀਂ ਆਖਿਆ ਸੀ ਕਿ ਆ, ਤੂੰ ਵੀ ਨੱਚ। ਉਹ ਵੀ ਤਾਂ ਮੁੰਡੇ ਦਾ ਫੁੱਫੜ ਹੈ।

ਚੌਥਾ ਪੈੱਗ ਪੀ ਕੇ ਰਾਮ ਨਾਰਾਇਣ ਜਸ਼ਨ ਪੈਲੇਸ 'ਚੋਂ ਬਾਹਰ ਹੋ ਗਿਆ। ਉਹਦਾ ਦਿਲ ਕਰਦਾ ਸੀ ਕਿ ਉਹ ਹੁਣੇ ਸੰਗਰੂਰ ਨੂੰ ਭੱਜ ਜਾਵੇ। ਏਥੇ ਕੌਣ ਹੈ, ਉਸਦਾ? ਮੀਨਾਕਸ਼ੀ ਉਹਨੂੰ ਕਿੱਧਰੇ ਦਿਸੀ ਹੀ ਨਹੀਂ। ਕਿਤੇ ਬੈਠੀ ਹੱਸ-ਟੱਪ ਰਹੀ ਹੋਵੇਗੀ। ਰਾਮ ਨਾਰਾਇਣ ਦਾ ਬੱਚਾ ਵੀ ਕੋਈ ਨਹੀਂ ਸੀ। ਜਿਵੇਂ ਮੀਨਾਕਸ਼ੀ ਨੇ ਇੱਕ ਕੁੜੀ ਜੰਮ ਕੇ ਤੋਬਾ ਕਰ ਦਿੱਤੀ ਹੋਵੇ। ਰਾਮ ਨਾਰਾਇਣ ਦਾ ਜ਼ਿੰਦਗੀ ਵਿੱਚ ਹੋਰ ਕਿੱਥੇ ਮੋਹ ਰਹਿ ਗਿਆ ਸੀ। ਮੀਨਾਕਸ਼ੀ ਵੀ ਆਪਣੇ ਆਪ ਨੂੰ ਵੱਡੇ ਘਰ ਦੀ ਧੀ ਸਮਝਦੀ। ਉਹਨੇ ਕਦੇ ਉਹਨੂੰ ਸੰਵਾਰ ਕੇ ਆਪਣਾ ਪਤੀ ਨਹੀਂ ਮੰਨਿਆ ਸੀ। ਦੂਰ-ਦੂਰ ਰਹਿੰਦੀ। ਜੋਗਿੰਦਰ ਪਾਲ ਦਾ ਪਰਿਵਾਰ ਉਹਨੂੰ ਘਰ ਦਾ ਜੁਆਈ ਨਹੀਂ ਮੰਨਦਾ ਸੀ। ਉਹਨਾਂ ਲਈ ਤਾਂ ਇਸ ਘਰ ਦੇ ਜੁਆਈ ਸਾਰੇ ਡਾਕਟਰ ਹੀ ਹੋਣ। ਸਾਂਢੂ ਦੀਆਂ ਨਜ਼ਰਾਂ ਵਿੱਚ ਉਹ ਬਹੁਤ ਨੀਵਾਂ ਸੀ। ਬਸ ਇੱਕ ਦੁਕਾਨਦਾਰ, ਕੀ ਐ ਉਹਦਾ ਏਥੇ? ਕੋਈ ਤਿਉਹਾਰ ਦਾ ਦਿਨ ਹੋਣ ਕਰਕੇ ਬਾਜ਼ਾਰ ਦੀਆਂ ਬਹੁਤ ਸਾਰੀਆਂ ਦੁਕਾਨਾਂ ਹਾਲੇ ਤੱਕ ਖੁੱਲ੍ਹੀਆਂ ਸਨ। ਉਹਨੇ ਥੋੜ੍ਹੀ ਦੂਰ ਤੱਕ ਬਾਜ਼ਾਰ ਦਾ ਗੇੜਾ ਦਿੱਤਾ। ਰੌਸ਼ਨੀਆਂ ਧੁੰਦਲੀਆਂ ਸਨ। ਬੰਦੇ ਭੂਤ-ਪਰੇਤ ਲੱਗਦੇ ਸਨ। ਉਹ ਇਕ ਦੁਕਾਨ 'ਤੇ ਗਿਆ। ਉਹ ਏਸੇ ਦੁਕਾਨ ਨੂੰ ਲੱਭਦਾ ਫਿਰਦਾ ਸੀ। ਉਹ ਛੇਤੀ ਮੁੜ ਕੇ ਹੀ ਜਸ਼ਨ ਪੈਲੇਸ ਵਿੱਚ ਆ ਗਿਆ। ਪਾਰਟੀ ਤੋਂ ਬਾਅਦ ਸਭ ਚਲੇ ਗਏ। ਪੈਲੇਸ ਵਾਲਿਆਂ ਨੇ ਦੇਖਿਆ, ਉਹ ਇਕ ਖੂੰਜੇ ਜਿਹੇ ਵਿੱਚ ਮਰਿਆ ਪਿਆ ਸੀ। ਅਗਲੇ ਦਿਨ ਉਹਦਾ ਪੋਸਟਮਾਰਟਮ ਹੋਇਆ, ਉਹਨੇ ਕਣਕ ਦੇ ਢੋਲ ਵਿੱਚ ਪਾਉਣ ਵਾਲੀਆਂ ਗੋਲੀਆਂ ਘੋਲ ਕੇ ਪੀਤੀਆਂ ਸਨ ਤੇ ਇੰਝ ਆਪਣੇ ਅੰਦਰਲੇ ਖ਼ਿਲਾਅ ਦਾ ਜਸ਼ਨ ਮਨਾਇਆ ਸੀ।◆

ਜਸ਼ਨ
147