ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/149

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

“ਆ ਬੈਠ।” ਉਹਨੇ ਬਾਰੀ ਖੋਲ੍ਹੀ ਤੇ ਮੈਂ ਬੈਠ ਗਿਆ।

ਮੈਂ ਉਹਨੂੰ ਗਹੁ ਨਾਲ ਦੇਖਿਆ, ਉਹ ਲੰਮਾ ਪਤਲਾ ਸ਼ਕੀਨ ਜਿਹਾ ਪੈਂਤੀ-ਚਾਲੀ ਸਾਲ ਦਾ ਨੌਜਵਾਨ ਸੀ। ਪਟਿਆਲਾ ਸ਼ਾਹੀ ਪੱਗ ਬੰਨ੍ਹੀ ਹੋਈ। ਮੁੱਛਾਂ ਨੂੰ ਛੋਟੇ-ਛੋਟੇ ਤਾਅ ਦਿੱਤੇ ਹੋਏ। ਦਾੜ੍ਹੀ ਛਾਂਟੀ ਹੋਈ ਸੀ। ਅੱਖਾਂ ਦਾ ਰੰਗ ਸ਼ਰਬਤੀ ਸੀ। ਮੈਂ ਡਰ ਗਿਆ। ਜਦੋਂ ਮੇਰੀ ਨਿਗਾਹ ਉਹਦੇ ਕੋਲ ਖੱਬੇ ਹੱਥ ਸੀਟ ਉੱਤੇ ਪਏ ਰਿਵਾਲਵਰ ਵੱਲ ਗਈ, ਮੈਂ ਹੋਰ ਵੀ ਤ੍ਰ੍ਭਕ ਗਿਆ। ਜਦੋਂ ਦੇਖਿਆ ਮੇਰੇ ਪੈਰਾਂ ਕੋਲ ਸ਼ਰਾਬ ਦੀ ਬੋਤਲ ਪਈ ਸੀ, ਜਿਸ ਵਿੱਚ ਪੌਣੀ ਕੁ ਬੋਤਲ ਸ਼ਰਾਬ ਹੋਵੇਗੀ। ਨਾਲ ਹੀ ਵਾਟਰ-ਬੋਤਲ ਸੀ। ਇੱਕ ਮੀਲ ਉੱਤੇ ਜਾ ਕੇ ਉਹਨਾਂ ਕਾਰ ਰੋਕ ਲਈ। ਇਥੋਂ ਘੜੈਲੀ ਪਿੰਡ ਦਾ ਛੋਟਾ ਅੱਡਾ ਨੇੜੇ ਹੀ ਸੀ। ਉਹਨੇ ਕਾਰ ਦੇ ਖ਼ਾਨੇ ਵਿਚੋਂ ਕੱਚ ਦਾ ਗਿਲਾਸ ਕੱਢਿਆ ਅਤੇ ਇਕ ਪੈੱਗ ਬਣਾ ਕੇ ਮੈਨੂੰ ਕਿਹਾ, “ਲੈ ਪੀ।” ਮੈਂ ਸਿਰ ਮਾਰ ਦਿੱਤਾ।

ਉਹ ਬੋਲਿਆ, “ਕੀ ਗੱਲ?”

“ਨਹੀਂ, ਮੈਂ ਨਹੀਂ ਪੀਣੀ।”

“ਕਦੇ ਵੀ ਨਹੀਂ ਪੀਤੀ”?

“ਪੀਤੀ ਤਾਂ ਹੈ, ਪਰ ਮੈਂ ਹੁਣ ਨਹੀਂ ਪੀਣੀ।” ਮੈਂ ਸੱਚ ਬੋਲ ਦਿੱਤਾ।

“ਜੇ ਪਹਿਲਾਂ ਕਦੇ ਪੀਤੀ ਐ ਤਾਂ ਹੁਣ ਵੀ ਪੀ।” ਉਹਨੇ ਜ਼ਬਰਦਸਤੀ ਜਿਹੇ ਗਿਲਾਸ ਮੈਨੂੰ ਫੜਾਇਆ ਤੇ ਹੁਕਮ ਕੀਤਾ।

ਉਹਦੇ ਬੋਲ ਵਿੱਚ ਭੈਅ ਸੀ। ਪਰ ਲੱਗਿਆ, ਇਹ ਵੀ ਜਿਵੇਂ ਅਪਣੱਤ ਹੋਵੇ। ਗਿਲਾਸ ਮੈਂ ਫੜ ਲਿਆ ਅਤੇ ਦੋ-ਤਿੰਨ ਘੁੱਟਾਂ ਭਰ ਕੇ ਪੈੱਗ ਪੀ ਲਿਆ। ਫੇਰ ਉਹਨੇ ਆਪ ਇੱਕ ਪੈੱਗ ਪੀਤਾ ਤੇ ਕਾਰ ਸਟਾਰਟ ਕਰ ਲਈ।

“ਕੀ ਕੰਮ ਕਰਦੈਂ?” ਉਹਨੇ ਪੁੱਛਿਆ। ਉਹ ਸਿੱਧਾ ਸਪਾਟ ਹੀ ਬੋਲ ਰਿਹਾ ਸੀ। ਮੇਰੀ ਉਮਰ ਉਹਤੋਂ ਛੋਟੀ ਸੀ। ਇਸ ਕਰਕੇ ਉਹਦਾ ਇੰਝ ਬੋਲਣਾ ਬੁਰਾ ਨਹੀਂ ਲੱਗਿਆ।

ਮੈਂ ਦੱਸਿਆ, “ਮੈਂ ਸਕੂਲ-ਮਾਸਟਰ ਹਾਂ। ਜੇਠੂਕੇ ਪੜ੍ਹਾਉਂਦਾ ਹਾਂ। ਮੇਰਾ ਆਪਣਾ ਪਿੰਡ ਧੌਲਾ ਹੈ, ਜੋ ਘੁੰਨਸਾਂ ਦੇ ਬੱਸ ਅੱਡੇ ਤੋਂ ਦੋ ਮੀਲ ਦੂਰ ਹੈ।”

ਤਪਾ ਟੱਪ ਕੇ ਮਹਿਤਾ ਪਿੰਡ ਤੇ ਛੋਟੇ ਅੱਡੇ ਕੋਲ ਥੋੜ੍ਹਾ ਪਰ੍ਹਾਂ ਜਾ ਕੇ ਉਹਨੇ ਫੇਰ ਕਾਰ ਰੋਕੀ।

ਪਹਿਲਾਂ ਵਾਂਗ ਹੀ ਇੱਕ ਪੈੱਗ ਮੈਨੂੰ ਦਿੱਤਾ ਤੇ ਇੱਕ ਆਪ ਲੈ ਲਿਆ। ਮੈਨੂੰ ਨਸ਼ਾ ਹੋ ਗਿਆ ਸੀ। ਨਸ਼ੇ ਵਿੱਚ ਭੈਅ ਸੀ। ਕੌਣ ਹੋਇਆ ਇਹ ਆਦਮੀ? ਦੇਖਣ ਵਿੱਚ ਬਦਮਾਸ਼ ਵੀ ਨਹੀਂ ਲੱਗਦਾ ਸੀ, ਪਰ ਬਦਮਾਸ਼ ਦੇ ਕਿਹੜਾ ਮੂੰਹ ਉੱਤੇ ਲਿਖਿਆ ਹੁੰਦਾ ਹੈ। ਉਹ ਬਹੁਤਾ ਬੋਲ ਚਾਲ ਨਹੀਂ ਰਿਹਾ ਸੀ। ਮੇਰੇ ਅੰਦਰ ਡਰ ਪੈਦਾ ਹੋਣ ਲੱਗਿਆ ਕਿ ਇਹ ਆਦਮੀ ਪਹਿਲਾਂ ਮੈਨੂੰ ਸ਼ਰਾਬ ਪਿਆ ਪਿਆ ਨਸ਼ਈ ਕਰੇਗਾ ਅਤੇ ਫੇਰ ਰਿਵਾਲਵਰ ਦੀ ਗੋਲੀ ਮਾਰ ਕੇ ਮਾਰ ਦੇਵੇਗਾ। ਦਿਮਾਗ਼ ਵਿਚ ਸਿਆਣਪ ਵੀ ਉੱਤਰਦੀ, ਕੀ ਲੈਣਾ ਹੈ ਇਹਨੇ ਮੈਨੂੰ ਮਾਰ ਕੇ? ਮੇਰੇ ਨਾਲ ਇਹਦੀ ਕੀ ਦੁਸ਼ਮਣੀ ਹੈ? ਮੇਰੇ ਕੋਲ ਤਾਂ ਕੁਝ ਲੁੱਟਣ-ਖੋਹਣ ਵਾਲੀ ਚੀਜ਼ ਵੀ ਨਹੀਂ, ਪਰ ਡਰ ਦੀ ਛੁਰੀ ਫੇਰ ਕਾਲਜੇ ਵਿੱਚ ਖੁਭ ਜਾਂਦੀ, ਕੀ ਪਤਾ ਇਹਦਾ ਸ਼ੁਗਲ ਹੋਵੇ ਬੰਦੇ ਮਾਰਨਾ। ਉਹਨੇ ਕਾਰ ਸਟਾਰਟ ਕੀਤੀ।

ਸੁਗੰਧਾਂ ਜਿਹੇ ਲੋਕ

149