ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/15

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਤੇ ਫਿਰ ਕੁੰਡਾ ਘੋਟਾ ਚੁੱਕ ਕੇ ਉਹ ਰਸੋਈ ਵੱਲ ਜਾਣ ਲੱਗੀ। ਪੈਂਟੂ ਨੇ ਚੰਘਿਆੜ ਛੱਡ ਦਿੱਤੀ। ਉਸ ਨੇ ਗੁੱਡੀ ਨੂੰ ਬੋਲ ਮਾਰਿਆ-ਚੱਕ ਨੀ ਕੁੜੀਏ, ਮੁੰਡੇ ਨੂੰ। ਕਿੱਥੇ ਮਰ ’ਗੀ?

ਦਿਨ ਡੁੱਬ-ਡੁੱਬੀਏਂ ਸੀ।

ਚੁੱਲ੍ਹੇ ਉੱਤੇ ਸਬਜ਼ੀ ਰਿੱਝਣੀ ਧਰ ਕੇ ਨਛੱਤਰ ਕੌਰ ਮਹਿੰ ਦੀ ਧਾਰ ਕੱਢਣ ਲੱਗੀ। ਗੁੱਡੀ ਪੈਂਟੂ ਨੂੰ ਗੋਦੀ ਚੁੱਕ ਕੇ ਘਰੋਂ ਬਾਹਰ ਹੋ ਗਈ। ਗਵਾਂਢੀਆਂ ਦੇ ਘਰ ਜਾਂ ਸੱਥ ਵਿੱਚ ਜਾ ਖੜ੍ਹੀ ਹੋਵੇਗੀ। ਟੀਟੂ ਵਿਹੜੇ ਵਿੱਚ ਬੋਰੀ ਉੱਤੇ ਬੈਠਾ ਫੱਟੀ ਉੱਤੇ ਕਲਮ ਨਾਲ ਕੁੱਕੂ ਘਾਂਗੜੇ ਬਣਾ ਰਿਹਾ ਸੀ। ਉਸ ਦੇ ਦੋਵੇਂ ਹੱਥ ਸਿਆਹੀ ਨਾਲ ਲਿੱਬੜੇ ਹੋਏ ਸਨ।

-ਐਸ ਵੇਲੇ ਫੱਟੀ ਓਏ? ਦਿਨੇ ਕੀ ਕਰਦਾ ਹੁੰਨੈ? ਵਿਹੜੇ ਵਿੱਚ ਆ ਕੇ ਸੁਖਪਾਲ ਨੇ ਭਰੜਾਇਆ ਜਿਹਾ ਬੋਲ ਕੱਢਿਆ। ਆਪਣੇ ਜਾਣ ਤਾਂ ਉਹ ਬਹੁਤ ਉੱਚਾ ਬੋਲਿਆ ਸੀ। ਐਨਾ ਉੱਚਾ, ਉਹ ਚਾਹੁੰਦਾ ਸੀ ਕਿ ਉਸ ਦਾ ਬੋਲ ਚੁਬਾਰੇ ਵਿੱਚ ਸੁਣ ਜਾਵੇ। ਉੱਚਾ ਬੋਲ ਸੁਣਾ ਕੇ ਉਸ ਨੂੰ ਸ਼ਾਇਦ ਕੋਈ ਤਸੱਲੀ ਮਿਲੀ ਹੋਵੇਗੀ।

-ਕਿੰਨੀ ਵਾਰੀ ਦੱਸਿਐ ਬਈ ਫੱਟੀ ਦਾ ਡੂਡਣਾ ਖੱਬੇ ਪਾਸੇ ਰੱਖਿਆ ਕਰ। ਉਸ ਨੇ ਉਸ ਦੀ ਫੱਟੀ ਸੂਤ-ਸਿਰ ਕਰਕੇ ਉਸ ਦੇ ਪੱਟਾਂ ਉੱਤੇ ਰੱਖੀ। ਪੋਲਾ ਜਿਹਾ ਇੱਕ ਲੱਪੜ ਉਸ ਦੀ ਗੱਲ੍ਹ ਉੱਤੇ ਟਿਕਾਇਆ।

ਦੁੱਧ ਦੀ ਬਾਲਟੀ ਨਛੱਤਰ ਕੌਰ ਨੇ ਲਿਆ ਕੇ ਰਸੋਈ ਦੇ ਚੌਂਤਰੇ ਉੱਤੇ ਰੱਖੀ। ਕੱਚਾ ਦੁੱਧ ਪੀਣ ਲਈ ਟੀਟੂ ਸਟੀਲ ਦਾ ਛੋਟਾ ਗਿਲਾਸ ਲੈ ਕੇ ਨਛੱਤਰ ਕੌਰ ਦੇ ਕੋਲ ਆ ਖੜੋਤਾ। ਦੁੱਧ ਦਾ ਅੱਧਾ ਕੁ ਗਲਾਸ ਭਰ ਕੇ ਉਸ ਨੇ ਟੀਟੂ ਨੂੰ ਕਿਹਾ-ਚੰਦ ਬਣ ਕੇ, ਦੁੱਧ ਫੜਾ ਆ ਚੁਬਾਰੇ 'ਚ।

ਦੁੱਧ ਪੀਂਦੇ ਦਾ ਉਸ ਦਾ ਸਾਹ ਚੜ੍ਹਿਆ ਹੋਇਆ ਸੀ। ਗਲਾਸ ਨਾਲੋਂ ਬੁੱਲ੍ਹ ਤੋੜ ਕੇ ਉਸ ਨੇ ਸਿਰ ਮਾਰ ਦਿੱਤਾ।

-ਨਾ ਮੇਰਾ ਪੁੱਤ। ਤੇਰੇ ਵਰਗੇ ਗੱਭਰੂ ਮੁੰਡੇ ਤਾਂ ਮਾਵਾਂ ਦੇ ਸੌ ਸੌ ਅਰਥ ਸਾਰਦੇ ਨੇ। ਜਾਈਂ ਡੱਡ। ਗੜਵੀ ਵਿੱਚ ਦੁੱਧ ਪਾ ਕੇ ਉਸ ਨੇ ਗਲਾਸ ਥਾਏਂ ਰੋੜ੍ਹਿਆ ਤੇ ਹੱਥ ਛੁਡਾ ਕੇ ਵਿਹੜੇ ਵਿੱਚ ਭੱਜਿਆ ਤੇ ਫਿਰ ਕੂਕਾਂ ਮਾਰਦਾ ਦਰਵਾਜ਼ਾ ਟੱਪ ਗਿਆ। ਗੜਵੀ ਨਛੱਤਰ ਕੌਰ ਨੇ ਰਸੋਈ ਦੀ ਕੰਧੋਲੀ ਉੱਤੇ ਰੱਖ ਦਿੱਤੀ। ਦੁੱਧ ਵਾਲੀ ਬਾਲਟੀ ਉੱਤੇ ਪਰਾਤ ਮੂਧੀ ਮਾਰ ਦਿੱਤੀ। ਸਬ੍ਹਾਤ ਵਿੱਚ ਜਾ ਕੇ ਵਿਹੜੇ ਵਾਲਾ ਬਲਬ ਜਗਾਇਆ। ਸਬਜ਼ੀ ਦੇਖੀ, ਰਿੱਝਣ ਵਿੱਚ ਥੋੜ੍ਹੀ ਜਿਹੀ ਕਸਰ ਰਹਿੰਦੀ ਸੀ। ਹਾਰੇ ਵਿੱਚੋਂ ਤੌੜੀ ਲਾਹ ਕੇ ਉਹ ਰਿੜਕਣੇ ਵਿੱਚ ਦੁੱਧ 'ਵਧਾਉਣ' ਲੱਗੀ। ਸੁਖਪਾਲ ਨੇ ਪੰਪ ਤੋਂ ਪਾਣੀ ਦੀ ਬਾਲਟੀ ਭਰੀ ਤੇ ਵਿਹੜੇ ਵਿੱਚ ਪਟੜਾ ਡਾਹ ਕੇ ਨਹਾਉਣ ਲੱਗਿਆ। ਅਜੇ ਤੀਕ ਗੁੱਡੀ ਪੈਂਟੂ ਨੂੰ ਲੈ ਕੇ ਘਰ ਨਹੀਂ ਸੀ ਪਹੁੰਚੀ। ਨਾ ਹੀ ਟੀਟੂ ਬਹੁੜਿਆ।

ਨਛੱਤਰ ਕੌਰ ਨੇ ਦੁੱਧ ਵਾਲੀ ਬਾਲਟੀ ਉੱਤੋਂ ਪਰਾਤ ਲਾਹੀ। ਬਾਲਟੀ ਵਿੱਚੋਂ ਦੁੱਧ ਰਿੜਕਣੇ ਵਿੱਚ ਪਾਇਆ। ਰੋਟੀ ਪਿੱਛੋਂ ਤੱਤਾ ਕਰਕੇ ਪੀਣ ਤੇ ਤੜਕੇ ਦੀ ਚਾਹ ਵਾਸਤੇ ਰੱਖਿਆ ਦੁੱਧ ਉਸ ਨੇ ਵੱਡੇ ਡੋਲੂ ਵਿੱਚ ਪਾ ਕੇ ਕਿੱਲੇ ਉੱਤੇ ਟੰਗ ਦਿੱਤਾ। ਬਾਲਟੀ ਦਾ ਧੋਣ ਵੀ ਡੋਲੂ ਵਿੱਚ ਹੀ ਪਾ ਦਿੱਤਾ ਸੀ। ਪਰਾਤ ਲੈ ਕੇ ਆਟਾ ਛਾਣਨ ਉਹ ਸਬ੍ਹਾਤ ਵੱਲ ਚਲੀ ਗਈ। ਸੁਖਪਾਲ ਨੂੰ ਕਹਿ ਗਈ ਸੀ ਕਿ ਉਹ ਰਸੋਈ ਵਿੱਚ ਕੁੱਤੇ-ਬਿੱਲੀ ਤੋਂ ਨਿਗਾਹ ਰੱਖੇ।

ਕੱਟੇ ਖੰਭਾਂ ਵਾਲਾ ਉਕਾਬ

15