ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/150

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹੁਣ ਘੁੰਨਸਾਂ ਦਾ ਅੱਡਾ ਨੇੜੇ ਹੀ ਸੀ। ਉਹਨੇ ਆਪ ਹੀ ਕਾਰ ਰੋਕੀ। ਪੈੱਗ ਨਹੀਂ ਦਿੱਤਾ, “ਚੱਲ ਬਈ ਮਾਸਟਰਾ, ਤੇਰਾ ਇਹੀ ਅੱਡਾ ਐ ਨਾ?..

ਕੰਬਦੇ ਹੱਥਾਂ ਨਾਲ ਮੈਂ ਬਾਰੀ ਖੋਲ੍ਹੀ ਤੇ ਕਾਰ ਤੋਂ ਬਾਹਰ ਹੋ ਗਿਆ। ਉਹਨੇ ਕਾਰ ਤੋਂ ਬਾਹਰ ਹੱਥ ਕੱਢਿਆ। ਹੱਥ ਮੈਂ ਮਿਲਾ ਲਿਆ ਤੇ ਉਹਦੇ ਵੱਲ ਹੱਥ ਜੋੜੇ। ਓ.ਕੇ ਕਹਿ ਕੇ ਉਹ ਚਲਿਆ ਗਿਆ। ਮੈਂ ਆਪਣੇ ਰਾਹ ਤੇਜ਼ੀ ਨਾਲ ਤੁਰਨ ਲੱਗਿਆ। ਫੇਰ ਥਾਂ ਦੀ ਥਾਂ ਖੜ੍ਹ ਕੇ ਪਿਛਾਂਹ ਸੜਕ ਵੱਲ ਝਾਕਿਆ ਮੈਂ। ਕਾਰ ਦੂਰ ਜਾ ਚੁੱਕੀ ਸੀ। ਹੁਣ ਤਾਂ ਕਿਤੇ ਦਿਸਦੀ ਵੀ ਨਹੀਂ ਸੀ।

ਘਰ ਆ ਕੇ ਸਾਰੀ ਗੱਲ ਮੈਂ ਆਪਣੀ ਘਰਵਾਲੀ ਨੂੰ ਦੱਸੀ। ਉਹ ਵੀ ਫ਼ਿਕਰ ਕਰਨ ਲੱਗੀ। ਆਖ ਰਹੀ ਸੀ, “ਇਉਂ ਨਾ ਹੀ ਕਿਸੇ ਦੀ ਕਾਰ ’ਚ ਚੜ੍ਹਿਆ ਕਰੋ। ਵਖਤ ਮਾੜੈ। ਜੇ ਭਲਾ ਜਾਨ ਖਪ੍ਹਾ ਦਿੰਦਾ, ਫੇਰ?”

ਕਈ ਦਿਨਾਂ ਤੱਕ ਮੇਰੇ ਅੰਦਰ ਉਸ ਆਦਮੀ ਦਾ ਭੈਅ ਬੈਠਾ ਰਿਹਾ ਤੇ ਫੇਰ ਇਹ ਭੈਅ ਪਿਆਰ ਸਤਿਕਾਰ ਵਿੱਚ ਬਦਲਣ ਲੱਗਿਆ। ਮੈਂ ਸੋਚਦਾ, ਉਹਨੇ ਤਾਂ ਚੰਗਾ ਈ ਕੀਤਾ। ਮੈਨੂੰ ਕੋਈ ਮਾੜੀ ਚੰਗੀ ਗੱਲ ਨਹੀਂ ਆਖੀ। ਸਗੋਂ ਸ਼ਰਾਬ ਪਿਆਈ। ਜੇਠੂਕਿਆਂ ਤੋਂ ਘੁੰਨਸਾਂ ਤੱਕ ਕਾਰ ਵਿੱਚ ਲੈ ਕੇ ਆਇਆ। ਉਹ ਤਾਂ ਬਹੁਤ ਭਲਾਮਾਣਸ ਆਦਮੀ ਸੀ, ਸਕੂਲ ਵਿੱਚ ਆਪਣੇ ਸਾਥੀ ਅਧਿਆਪਕਾਂ ਨੂੰ ਸੁਣਾਈ। ਉਹ ਆਖਦੇ, “ਯਾਰ, ਸਾਨੂੰ ਨ੍ਹੀਂ ਟੱਕਰਿਆ ਕਦੇ ਕੋਈ ਇਹੋ ਜ੍ਹਾ, ਜਿਹੜਾ ਲਿਫਟ ਦੇਵੇ ਤੇ ਸ਼ਰਾਬ ਵੀ ਪਿਆਵੇ।”

ਕੋਈ ਇੱਕ ਮਹੀਨੇ ਬਾਅਦ ਏਦਾਂ ਹੀ ਇੱਕ ਦਿਨ ਫੇਰ ਮੈਂ ਉੱਥੇ ਹੀ ਜੇਠੂਕਿਆਂ ਦੇ ਅੱਡੇ ਉੱਤੇ ਬਠਿੰਡੇ ਵਾਲੀ ਬੱਸ ਦਾ ਇੰਤਜ਼ਾਰ ਕਰ ਰਿਹਾ ਸੀ। ਬੱਸ ਆਉਣ ਵਾਲੀ ਹੀ ਸੀ। ਅੱਡੇ ਉੱਤੇ ਮੇਰੇ ਨਾਲ ਦੋ ਸਵਾਰੀਆਂ ਹੋਰ ਵੀ ਸਨ। ਜਿਹਨਾਂ ਨੇ ਬਰਨਾਲੇ ਜਾਣਾ ਸੀ। ਦੋਵੇਂ ਬੰਦੇ ਬੁੱਢੇ ਸਨ। ਬੱਸ ਤੋਂ ਪਹਿਲਾਂ ਕਾਰ ਆਈ। ਇਹ ਤਾਂ ਉਹੀ ਬੰਦਾ ਸੀ। ਉਹਨੇ ਮੈਨੂੰ ਸਿਆਣ ਲਿਆ ਸੀ। ਕਾਰ ਰੋਕ ਲਈ ਤੇ ਬਾਰੀ ਖੋਹਲ ਕੇ ਧੀਮਾ ਜਿਹਾ ਬੋਲ ਕੱਢਿਆ, “ਮਾਸਟਰ!”

ਉਸ ਦਿਨ ਮੈਨੂੰ ਉਹਦੇ ਕੋਲੋਂ ਡਰ ਨਹੀਂ ਸੀ। ਸਗੋਂ ਮੈਂ ਪਹਿਲਾਂ ਉਹਦੇ ਨਾਲ ਹੱਥ ਮਿਲਾਇਆ। ਉਹਦੇ ਖੱਬੇ ਹੱਥ ਓਵੇਂ ਰਿਵਾਲਵਰ ਪਿਆ ਸੀ। ਮੇਰੇ ਪੈਰਾਂ ਕੋਲ ਓਵੇਂ ਜਿਵੇਂ ਸ਼ਰਾਬ ਦੀ ਬੋਤਲ ਵੀ ਸੀ ਤੇ ਪਾਣੀ ਦੀ ਬੋਤਲ ਵੀ। ਉਹਨੇ ਕਾਰ ਸਟਾਰਟ ਕੀਤੀ। ਗਿਲਾਸ ਮੈਨੂੰ ਫੜਾ ਦਿੱਤਾ। ਫੇਰ ਇੱਕ ਪੈਗ ਆਪ ਲਿਆ। ਲਿਫ਼ਾਫ਼ੇ ਵਿੱਚ ਸਲੂਣੀਆਂ ਪਕੌੜੀਆਂ ਸਨ। ਇੱਕ ਚੂੰਢੀ ਮੂੰਹ ਵਿੱਚ ਪਾ ਕੇ ਲਿਫ਼ਾਫ਼ਾ ਉਹਨੇ ਮੈਨੂੰ ਫ਼ੜਾ ਦਿੱਤਾ। ਗੱਡੀ ਸਟਾਰਟ ਨਹੀਂ ਕੀਤੀ। ਮੇਰਾ ਹੱਥ ਫੜ ਕੇ ਘੁੱਟਣ ਲੱਗ ਪਿਆ।

ਹੁਣ ਮੇਰੇ ਵਿੱਚ ਇਹ ਨਵਾਂ ਭੈਅ ਸੀ। ਕੀ ਕਰ ਰਿਹਾ ਹੈ ਇਹ ਆਦਮੀ? ਪਰ ਮੈਂ ਆਪਣਾ ਹੱਥ ਉਹਦੇ ਹੱਥ ਵਿੱਚ ਹੀ ਰਹਿਣ ਦਿੱਤਾ। ਉਹ ਮੇਰੇ ਹੱਥ ਨੂੰ ਉਲਟਾ-ਪਲਟਾ ਕੇ ਦੇਖ ਰਿਹਾ ਸੀ। ਫੇਰ ਉਹਨੇ ਗੱਡੀ ਸਟਾਰਟ ਕਰ ਲਈ। ਜਾਂਦੇ-ਜਾਂਦੇ ਤਿੰਨ ਗੱਲਾਂ ਮੈਨੂੰ ਆਖੀਆਂ। ਇੱਕ ਤਾਂ ਇਹ ਕਿ ਤੂੰ ਕਵੀ ਹੈਂ ਜਾਂ ਚਿੱਤਰਕਾਰ ਅਤੇ ਜਾਂ ਫਿਰ ਕੋਈ ਸਾਜ਼ ਵਜਾਉਂਦਾ ਹੈਂ। ਦੂਜੀ ਗੱਲ, ਤੇਰੇ ਤਿੰਨ ਵਿਆਹ ਹੋਣਗੇ। ਤੀਜੀ ਗੱਲ, ਪੈਂਤੀ

150

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ