ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/152

ਵਿਕੀਸਰੋਤ ਤੋਂ
ਇਹ ਪੰਨਾ ਪ੍ਰਮਾਣਿਤ ਕੀਤਾ ਗਿਆ ਹੈ

ਤੀਜੀ ਵਾਰ ਯਾਨਿ ਆਖ਼ਰੀ ਵਾਰ ਉਹ ਮੈਨੂੰ ਓਥੇ ਹੀ ਜੇਠੂਕਿਆਂ ਦੇ ਅੱਡੇ ’ਤੇ ਮਿਲਿਆ ਸੀ।

ਮੇਰੀ ਬੱਸ ਆ ਚੁੱਕੀ ਸੀ। ਉਹਦੀ ਕਾਰ ਬੱਸ ਕੱਟ ਕੇ ਅੱਗੇ ਲੰਘ ਰਹੀ ਸੀ। ਕਾਰ ਮੈਂ ਸਿਆਣ ਲਈ, ਇਹ ਤਾਂ ਲਾਲੀ ਐ। ਮੈਂ ਹੱਥ ਖੜ੍ਹਾ ਕੀਤਾ। ਮੈਂ ਉਹਦੀ ਨਿਗਾਹ ਪੈ ਗਿਆ ਹੋਵਾਂਗਾ। ਉਹਨੇ ਕਾਰ ਅੱਗੇ ਜਾ ਕੇ ਰੋਕ ਲਈ।

ਨਾ ਝਾਕਦਾ ਤਾਂ ਲੰਘ ਜਾਂਦਾ। ਮੈਂ ਭੱਜ ਕੇ ਕਾਰ ਵਿੱਚ ਜਾ ਬੈਠਾ। ਹੱਥ ਮਿਲਾਇਆ ਅਤੇ ਇੱਕ ਦੂਜੇ ਬਾਰੇ ਪੁੱਛਣ ਲੱਗੇ। ਕਾਰ ਚੱਲੀ ਤਾਂ ਮੈਂ ਦੇਖਿਆ ਕਿ ਉਹਦੇ ਖੱਬੇ ਪਾਸੇ ਸੀਟ ਉੱਤੇ ਰਿਵਾਲਵਰ ਤਾਂ ਸੀ, ਪਰ ਮੇਰੇ ਪੈਰਾਂ ਕੋਲ ਨਾ ਸ਼ਰਾਬ ਸੀ ਤੇ ਨਾ ਪਾਣੀ ਦੀ ਬੋਤਲ। ਉਹਨੇ ਇੱਕ ਸੰਗਤਰਾ ਮੇਰੇ ਹੱਥ ਫੜਾਇਆ। ਸੰਗਤਰਾ ਛਿੱਲ ਕੇ ਮੈਂ ਉਹਦੇ ਵੱਲ ਫਾੜੀਆਂ ਕੀਤੀਆਂ ਤਾਂ ਉਹ ਬੋਲਿਆ, “ਬਸ, ਤੂੰ ਖਾਹ ਮਾਸਟਰ!”

ਇਹ ਆਖਰੀ ਮੁਲਾਕਾਤ ਪੰਦਰਾਂ ਕੁ ਦਿਨ ਬਾਅਦ ਦੀ ਸੀ। ਇਸ ਵਾਰ ਮੈਂ ਉਹਦੇ ਬਾਰੇ ਕੁਝ ਨਹੀਂ ਪੁੱਛਿਆ। ਕਿਉਂਕਿ ਉਹ ਆਪਣੇ ਬਾਰੇ ਕੁਝ ਦੱਸਣਾ ਹੀ ਨਹੀਂ ਚਾਹੁੰਦਾ ਸੀ। ਮੈਂ ਆਪਣੇ ਬਾਰੇ ਵੀ ਹੋਰ ਕੁਝ ਨਹੀਂ ਦੱਸਿਆ। ਕਿਉਂਕਿ ਉਹਨੂੰ ਮੇਰੇ ਬਾਰੇ ਹੋਰ ਕੁਝ ਜਾਨਣ ਦੀ ਇੱਛਾ ਨਹੀਂ ਸੀ। ਲਾਲੀ ਤਾਂ ਬਸ ਇਉਂ ਸੀ, ਜਿਵੇਂ ਹਵਾ ਨੂੰ ਹਵਾ ਮਿਲਦੀ ਹੋਵੇ।

ਇਸ ਵਾਰ ਉਹ ਰਾਹ ਵਿੱਚ ਕਿਤੇ ਨਹੀਂ ਰੁਕਿਆ। ਸ਼ਰਾਬ ਨਹੀਂ ਸੀ ਤਾਂ ਉਹਨੇ ਰੁਕਣਾ ਕੀ ਸੀ। ਤਪੇ ਦੇ ਅੱਡੇ ਤੋਂ ਅਗਾਂਹ ਲੰਘ ਕੇ ਪੁੱਛਣ ਲੱਗਿਆ, “ਬਰਨਾਲਿਓਂ ਥੋਡੇ ਪਿੰਡ ਨੂੰ ਆਖ਼ਰੀ ਬੱਸ ਕਦੋਂ ਜਾਂਦੀ ਐ?"

“ਸੱਤ ਵਜੇ ਚੱਲਦੀ ਐ, ਮਾਨਸਾ ਆਲੀ।” ਮੈਂ ਜਵਾਬ ਦਿੱਤਾ।

ਉਹ ਕਹਿੰਦਾ, “ਤਾਂ ਫੇਰ ਅੱਜ ਬਰਨਾਲੇ ਚੱਲ ਮੇਰੇ ਨਾਲ। ਓਥੋਂ ਬੱਸ ਲੈ ਲੀਂ, ਆਵਦੇ ਪਿੰਡ ਨੂੰ।”

ਮੈਂ ਕਿਹਾ, “ਠੀਕ ਐ” ਮੈਂ ਉਹਦੀ ਰਜ਼ਾ ਵਿੱਚ ਰਾਜ਼ੀ ਸੀ। ਬਰਨਾਲੇ ਪਹੁੰਚ ਕੇ ਉਹਨੇ ਕਿਹਾ, “ਚੱਲ ਕਿਸੇ ਚੰਗੇ ਥਾਂ ਚਾਹ ਪੀਨੇ ਆਂ। ਅੱਜ ਮਾਸਟਰ, ਤੂੰ ਚਾਹ ਪਿਆ ਮੈਨੂੰ।”

ਮੈਂ ਉਹਨੂੰ ਸਦਰ ਬਾਜ਼ਾਰ ਵਿੱਚ ਰਾਮਪੁਰੇ ਵਾਲਿਆਂ ਦੀ ਚਾਹ ਵਾਲੀ ਦੁਕਾਨ ਉੱਤੇ ਲੈ ਗਿਆ। ਅਸੀਂ ਚਾਹ ਪੀਤੀ। ਉਹਨੇ ਮਿੱਠਾ ਜਾਂ ਨਮਕੀਨ ਕੁਝ ਨਹੀਂ ਖਾਧਾ ਸੀ। ਤੇ ਫੇਰ ਬਰਨਾਲੇ ਦੇ ਬੱਸ ਅੱਡੇ ਉੱਤੇ ਮੈਨੂੰ ਉਤਾਰ ਕੇ ਉਹ ਚਲਿਆ ਗਿਆ। ਮੈਂ ਉਹਨੂੰ ਨਹੀਂ ਪੁੱਛਿਆ ਕਿ ਉਹ ਇਸ ਵੇਲੇ ਹੁਣ ਕਿੱਥੇ ਜਾ ਰਿਹਾ ਹੈ।

ਮੁੜ ਕੇ ਉਹ ਕਦੇ ਨਹੀਂ ਮਿਲਿਆ। ਮੇਰੀ ਬਦਲੀ ਵੀ ਜੇਠੂਕਿਆਂ ਤੋਂ ਉਸੇ ਸਾਲ ਭਦੌੜ ਹੋ ਗਈ ਸੀ। ਮੈਂ ਉਹਨੂੰ ਕਦੇ-ਕਦੇ ਬਹੁਤ ਯਾਦ ਕਰਦਾ। ਪਤਾ ਨਹੀਂ ਉਹ ਕੌਣ ਸੀ, ਫੇਰ ਵੀ ਦਿਲ ਉੱਤੇ ਚੜ੍ਹਿਆ ਰਹਿੰਦਾ। ਉਹਦੇ ਸਾਥ ਦੀ ਇੱਕ ਮਿੱਠੀ ਜਿਹੀ ਸੁਗੰਧ ਮੇਰੇ ਨਾਲ-ਨਾਲ ਰਹਿੰਦੀ।

ਤੇ ਫੇਰ ਬਹੁਤ ਵਰ੍ਹੇ ਬੀਤ ਗਏ। ਮੈਨੂੰ ਉਹ ਜਿਵੇਂ ਭੁੱਲ-ਭਲਾ ਗਿਆ ਹੋਵੇ। ਇੱਕ ਦਿਨ ਅਖ਼ਬਾਰ ਵਿੱਚ ਇੱਕ ਫੋਟੋ ਦੇਖੀ। ਇਹ ਤਾਂ ਲਾਲੀ ਦੀ ਫੋਟੋ ਸੀ। ਉਹਦਾ ਭੋਗ ਸੀ।

152

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ