ਸਮੱਗਰੀ 'ਤੇ ਜਾਓ

ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/154

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



ਦੇਸ਼ ਦਾ ਰਾਖਾ


ਪਹਿਲਾ ਜੋਤਾਂ ਲਾ ਕੇ ਸਰਵਣ ਪਿੰਡ ਆ ਗਿਆ।

ਢਲੇ-ਦੁਪਹਿਰੇ ਚਾਹ ਪੀ ਕੇ ਦਸੌਂਧਾ ਸਿੰਘ, ਉਹਦਾ ਮੁੰਡਾ ਗੁਰਚਰਨ ਤੇ ਸੀਰੀ ਸਰਵਣ ਨਿਆਈਂ ਵਿੱਚ ਜਾ ਰਹੇ। ਨਿਆਈਂ ਵਿੱਚ ਛੀ ਕਿੱਲੇ ਕਪਾਹ ਖੜ੍ਹੀ ਸੀ। ਕਿਆਰਿਆਂ ਦੇ ਮੱਥਿਆਂ ਉੱਤੇ ਸਣ ਹੀ ਸਣ ਸੀ। ਦੋ ਕਿਆਰੇ ਨਿਰੀ ਸਣ ਦੇ ਅਲਹਿਦਾ ਵੀ ਬੀਜੇ ਹੋਏ ਸਨ। ਦਿਨ ਦੇ ਛਿਪਾਅ ਨਾਲ ਉਹਨਾਂ ਤਿੰਨਾਂ ਨੇ ਸਾਰੀ ਸਣ ਵੱਢ ਲਈ। ਤੀਹ-ਚਾਲੀ ਗਰ੍ਹਨੇ ਵੀ ਬੰਨ੍ਹ ਲਏ। ਹਨੇਰਾ ਹੁੰਦਾ ਜਾ ਰਿਹਾ ਸੀ, ਪਰ ਹੋਰ ਗਰ੍ਹਨੇ ਬੰਨ੍ਹਣ ਲਈ ਦਸੌਂਧਾ ਸਿੰਘ ਅਜੇ ਵੀ ਦੱਬ ਦਈ ਜਾਂਦਾ ਸੀ।

'ਗਰ੍ਹਨੇ ਹੁਣ ਤੜਕੇ ਆ ਕੇ ਬੰਨ੍ਹ ਲਾਂ ’ਗੇ, ਚਾਚਾ। ਚੱਲੀਏ ਹੁਣ? ਟੋਕਾ ਵੀ ਕਰਨੈਂ ਪਸ਼ੂਆਂ ਨੂੰ। ਵੇਲਾ ਤਾਂ ਦੇਖ ਕਿਹੜਾ ਹੋ ਗਿਐ।' ਸਰਵਣ ਨੇ ਕਿਹਾ।

ਘਰ ਜਾ ਕੇ ਗਹਾਂ ਬਹੂ ਦਾ ਮੁੰਮਾ ਚੁੰਘਣੈ ਓਏ ਤੈਂ? ਨ੍ਹੇਰਾ ਹੋ ਗਿਆ ਏਹਨੂੰ ਕਾਹਨ ਨੂੰ।' ਗੁਰਚਰਨ ਤਿੜਕ ਪਿਆ।

'ਮੂੰਹ ਸੰਭਾਲ ਕੇ ਬੋਲ। ਤੈਨੂੰ ਮੈਂ ਦੱਸ ਦਿਆਂ। ਬਹੂ ਦਾ ਮੁੰਮਾ ਪਰਖਦੈਂ, ਨਾਲੇ ਹੋਰ ....।' ਸਰਵਣ ਤੋਂ ਗੁੱਸਾ ਸਾਂਭਿਆ ਨਹੀਂ ਸੀ ਜਾ ਰਿਹਾ।

'ਨਾਲੇ ਹੋਰ ਨੂੰ ਤੂੰ ਕੀ ਕਰੇਂਗਾ ਓਏ ਕੁੱਤੀਏ ਜਾਤੇ? ਪਤਾ ਵੀ ਐ ਸੀਰ ਕਿਵੇਂ ਕਮਾਈਦਾ ਹੁੰਦੈ?' ਗੁਰਚਰਨ ਨੇ ਤੜੀ ਦਿਖਾਈ।

ਸਰਵਣ ਚੁੱਪ ਹੋ ਗਿਆ। ਚੁੱਪ ਕਰਕੇ ਗਰ੍ਹਨੇ ਬੰਨ੍ਹਦਾ ਰਿਹਾ।

ਦਸੌਂਧਾ ਸਿੰਘ ਉਹਨਾਂ ਦੋਹਾਂ ਤੋਂ ਦੂਰ ਖੇਤ ਦੇ ਦੂਜੇ ਸਿਰੇ ਇਕੱਲਾ ਹੀ ਗਰ੍ਹਨੇ ਬੰਨ੍ਹ ਰਿਹਾ ਸੀ।

ਤਾਰੇ ਡਲ੍ਹਕਣ ਲੱਗ ਪਏ। ਮੂੰਹ ਨੂੰ ਮੂੰਹ ਦਿਸਣੋਂ ਹਟ ਗਿਆ। ਸਾਰੇ ਗਰ੍ਹਨੇ ਅਜੇ ਵੀ ਨਹੀਂ ਸਨ ਬੰਨ੍ਹੇ ਗਏ। ਦਸੌਂਧਾ ਸਿੰਘ ਨੇ ਆਖ਼ਰ ਇਹੀ ਸੋਚਿਆ ਕਿ ਬਾਕੀ ਦੇ ਗਰ੍ਹਨੇ ਉਹ ਤੜਕੇ ਆ ਕੇ ਹੀ ਬੰਨ੍ਹ ਲੈਣਗੇ। ਸਾਰੀ ਦੀ ਸਾਰੀ ਸਣ ਤੜਕੇ ਟੋਭੇ ਵਿੱਚ ਦੱਬ ਵੀ ਦੇਣਗੇ।

ਤਿੰਨੇ ਜਣੇ ਘਰ ਆ ਗਏ।

ਚਰ੍ਹੀ ਦਾ ਟੋਕਾ ਕਰਵਾ ਕੇ ਸਰਵਣ ਆਪਣੇ ਘਰ ਵੱਲ ਨੂੰ ਤੁਰ ਪਿਆ। ਉਹ ਬਿਲਕੁਲ ਚੁੱਪ ਸੀ। ਉਸ ਦੇ ਅੰਦਰ ਗੁੱਸਾ ਉੱਬਲ ਰਿਹਾ ਸੀ। ਗੁੰਮ-ਸੁੰਮ ਜਿਹਾ ਉਹ ਘਰ ਨੂੰ ਤੁਰਿਆ ਜਾ ਰਿਹਾ ਸੀ।

154

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ