ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/156

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਧੜੰਮ ਦੇ ਕੇ ਤੌੜੀ ਵਿੱਚ ਜਾ ਡਿੱਗਿਆ। ਚੱਪਣ ਉਸ ਦੇ ਖੱਬੇ ਹੱਥ ਵਿੱਚ ਫੜਿਆ ਹੀ ਰਹਿ ਗਿਆ।

ਦਾਤ ਨਾਲ ਗੰਢਾ ਚੀਰਦੀ ਉਸ ਦੀ ਮਾਂ ਨੇ ਦੇਖਿਆ ਤਾਂ ਹੱਸ ਪਈ ਤੇ ਕਹਿੰਦੀ “ਡੰਗਰਾ, ਕਿੱਧਰ ਗਈ ਤੇਰੀ ਅਕਲ?” ਸਰਵਣ ਆਪ ਵੀ ਮੁਸਕਰਾ ਪਿਆ। ਤੌੜੀ ਵਿੱਚੋਂ ਗਲਾਸ ਉਸ ਨੇ ਬਾਹਰ ਕੱਢਿਆ। ਤੌੜੀ ਉੱਤੇ ਚੱਪਣ ਧਰ ਕੇ ਉਹ ਫਿਰ ਚੁੱਪ ਜਿਹਾ ਹੋ ਗਿਆ। ਉਸ ਦੀ ਬਹੂ ਚੌਂਤਰੇ ਉੱਤੋਂ ਉੱਠ ਕੇ ਅੰਦਰ ਸਬਾਤ ਵਿੱਚ ਕੋਈ ਭਾਂਡਾ ਲੈਣ ਚਲੀ ਗਈ ਸੀ।

“ਵੇ ਤੂੰ ਮੂੰਹ ’ਚ ਕੁਝ ਪਾਇਆ ਹੋਇਐ? ਬੋਲਦਾ ਨੀ?” ਮਾਂ ਨੇ ਪੁੱਛਿਆ।

“ਮਾਂ, ਪੁੱਛ ਨਾ ਕੁਸ। ਇਹਨਾਂ ਜੱਟਾਂ ਦਾ ਜੇ ਬੱਸ ਚੱਲੇ ਤਾਂ ਬਲਦਾਂ ਦੀ ਥਾਂ ਸੀਰੀਆਂ ਨੂੰ ਕਿਹੜਾ ਨਾ ਜੋੜ ਲੈਣ।” ਉਹ ਆਪਣੀਆਂ ਬਾਹਾਂ ਉੱਤੋਂ ਮੈਲ਼ ਦੀਆਂ ਬੱਤੀਆਂ ਉਤਾਰਨ ਲੱਗ ਪਿਆ।

“ਕਿਉਂ, ਅੱਜ ਕੋਈ ਬਹੁਤ ਔਖਾ ਕੰਮ ਸੀ ਖੇਤ?” ਮਾਂ ਨੇ ਚਿੰਤਾ ਪ੍ਰਗਟ ਕੀਤੀ।

“ਔਖੇ ਕੰਮ ਨੇ ਤਾਂ ਖਾਧੀ ਕੜ੍ਹੀ। ਵੇਲਾ ਤਾਂ ਦੇਖ। ਐਡੀ ਰਾਤ ਔਂਦੇ ਹੁੰਦੇ ਨੇ ਸੀਰੀ ਘਰ ਨੂੰ? ਦਸੌਧੇ ਦਾ ਮੁੰਡਾ ਤਾਂ ਸਾਲਾ ਮਾਸ ਚੂੰਡਣ ਤਾਈਂ ਜਾਂਦੈ।” ਸਰਵਣ ਅੱਕਿਆ ਪਿਆ ਸੀ। ਉਸ ਨੇ ਮਾਂ ਉੱਤੇ ਤੋੜਾ ਝਾੜਿਆ-“ਤੈਨੂੰ ਚੰਗਾ ਭਲਾ ਆਖਿਆ ਸੀ ਬਈ ਐਤਕੀਂ ਸੀਰ ਦਾ ਕੰਮ ਛੱਡ ਦਿਆਂ। ਏਦੂੰ ਤਾਂ ਬੰਦਾ ਸੜਕ ਉੱਤੇ ਮਿੱਟੀ ਪੌਣ ਲੱਗ ਪਏ। ਤੂੰ, ਮਾਂ, ਪਰ ਪੱਟੀ ਨਾ ਬੰਨ੍ਹਣ ਦਿੱਤੀ। ਹਾਂ ਹਾਂ ਅਕੇ ਪਿਉ-ਦਾਦੇ ਦਾ ਕੰਮ ਕਰੇ ਬਿਨਾਂ ਸਰਦਾ ਨ੍ਹੀਂ।” ਸਰਵਣ ਦੀਆਂ ਨਾਸਾਂ ਫਰਕਣ ਲੱਗ ਪਈਆਂ। ਮਾਂ ਨਾਲ ਗੱਲ ਕਰਦਿਆਂ ਸਗੋਂ ਉਸ ਨੂੰ ਹੋਰ ਖਿਝ ਚੜ੍ਹ ਰਹੀ ਸੀ।

“ਦਸੌਂਧਾ ਝਈਆਂ ਲੈ ਲੈ ਪਵੇ। ਅਕੇ ਦੋ ਦਿਨ ਕਹਿ ਕੇ ਤੈਂ ਸਹੁਰੀਂ ਚਾਰ ਦਿਨ ਕਿਉਂ ਲਾਏ? ਚਾਰ ਦਿਹਾੜੀਆਂ ਲਖਾ ਲੀਆਂ।” ਸਰਵਣ ਦੱਸ ਰਿਹਾ ਸੀ।

“ਐਨਾ ਸੀਰ ਲੰਘ ਗਿਆ। ਅਟਕਿਆਂ ਇੱਕ ਦਿਨ ਵੀ ਕਦੇ ਘਰੇ ਮੈਂ?”

ਵਿਹੜੇ ਵਿੱਚ ਮੰਜੇ ਦੀਆਂ ਪੈਂਦਾਂ ਉੱਤੇ ਬੈਠੀ ਉਹਦੀ ਮਾਂ ਕੁਝ ਨਾ ਬੋਲੀ। ਸਰਵਣ ਦੇ ਮੂੰਹ ਵੱਲ ਮਸੋਸੀ ਜਿਹੀ ਉਹ ਦੇਖਦੀ ਰਹੀ। ਉਸ ਦੇ ਮੱਥੇ ਉੱਤੇ ਲਟਕਦੀ ਕੇਸਾਂ ਦੀ ਇੱਕ ਲਿਟ ਨੂੰ ਉਤਾਂਹ ਕਰ ਕੇ ਮਾਂ ਨੇ ਉਸ ਦਾ ਦਿਲ ਧਰਾਇਆ- 'ਐਵੇਂ ਨਾ ਕਾਲਜਾ ਫੂਕੀ ਜਾਇਆ ਕਰ ਆਵਦਾ। ਤੂੰ ਕੋਈ ਖਰਾ ਔਖਾ ਹੋ ਗਿਆ?' ਸੀਰ ਤੇਰੇ ਪਿਓ ਨੇ ਨਹੀਂ ਸੀ ਕੀਤਾ ਦਾਦੇ ਨੇ ਨਹੀਂ ਸੀ ਕੀਤਾ?'

'ਚਮਿਆਰਾਂ ਦੇ ਘਰ ਜੰਮ ਕੇ ਹੋਰ ਕੀ ਤੂੰ ਦਫ਼ਤਰ ’ਤੇ ਬੈਠੇਂਗਾ?' ਬਹੂ ਨੇ ਮਸ਼ਕਰੀ ਕੀਤੀ। 'ਉੱਠ, ਪਾਣੀ ਪਾਇਆ ਪਿਐ, ਨ੍ਹਾ ਲੈ।'

ਵਿਹੜੇ ਦੇ ਇੱਕ ਖੂੰਜੇ ਵਿੱਚ ਚੱਕੀ ਦਾ ਫੁੱਟਿਆ ਪੁੜ ਪਿਆ ਸੀ। ਪੁੜ ਕੋਲ ਬਹੂ ਨੇ ਤੱਤੇ ਪਾਣੀ ਦੀ ਬਾਲਟੀ ਧਰ ਦਿੱਤੀ। ਤੇੜ ਸਮੋਸਾ ਪਾ ਕੇ ਸਰਵਣ ਚੁੱਪ ਕੀਤਾ ਜਿਹਾ ਨਹਾਉਣ ਲੱਗ ਪਿਆ।

ਮਾਂ ਹਾਰੀ ਵਿੱਚੋਂ ਤਪਲਾ ਕੱਢ ਕੇ ਛੋਲਿਆਂ ਦੀ ਦਾਲ ਘੋਟਣ ਲੱਗ ਪਈ।

ਚੁੱਲ੍ਹੇ ਉੱਤੇ ਤਵਾ ਰੱਖ ਕੇ ਬਹੂ ਆਟੇ ਦਾ ਪੇੜਾ ਕਰਨ ਲੱਗੀ।

156

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ