ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/157

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਦਸੌਂਧਾ ਸਿੰਘ ਨੇ ਤਖ਼ਤਾ ਖੜਕਾਇਆ। ਸਰਵਣ ਨੂੰ ਹਾਕ ਮਾਰ ਕੇ ਉਹ ਵਿਹੜੇ ਵਿੱਚ ਆ ਖੜ੍ਹਾ। ਸਰਵਣ ਦੀ ਮਾਂ ਨੇ ਪੀੜ੍ਹੀ ਦਿੱਤੀ ਤੇ ਉਸ ਨੂੰ ਬੈਠ ਜਾਣ ਲਈ ਆਖਿਆ, ਪਰ ਉਹ ਬੈਠਿਆ ਨਾ। ਤਵੇ ਉੱਤੇ ਰੋਟੀ ਪਾਉਂਦੀ ਬਹੂ ਨੇ ਚੁੰਨੀ ਖਿੱਚ ਕੇ ਅੱਖਾਂ ਉੱਤੇ ਕਰ ਲਈ।

'ਸਰਵਣਾ, ਰੋਟੀ ਖਾ 'ਲੀ?' ਦਸੌਂਧਾ ਸਿੰਘ ਨੇ ਪੁੱਛਿਆ।

'ਨਹੀਂ ਚਾਚਾ, ਅਜੇ ਤਾਂ ਨ੍ਹਾਤਾ ਵੀ ਨੀਂ।'

'ਰੋਟੀ ਫੇਰ ਖਾਈਂ ਹੁਣ। ਆਈਂ ਕੇਰਾਂ ਭੱਜ ਕੇ ਬਾਹਰਲੇ ਘਰ। ਝੋਟੀ ਸੂੰਦੀ ਐ।' ਕਹਿ ਕੇ ਦਸੌਂਧਾ ਸਿੰਘ ਉਹਨੀਂ ਪੈਰੀਂ ਮੁੜ ਗਿਆ।

ਸਰਵਣ ਦੀ ਉਮਰ ਉੱਨੀ-ਵੀਹ ਸਾਲ ਦੀ ਹੋਵੇਗੀ, ਜਦੋਂ ਉਹ ਸੀਰੀ ਰਲਣ ਲੱਗ ਪਿਆ ਸੀ।

ਉਸ ਤੋਂ ਪਹਿਲਾਂ ਉਹ ਸਕੂਲ ਵਿੱਚ ਪੜ੍ਹਦਾ ਹੁੰਦਾ। ਪੰਜ ਜਮਾਤਾਂ ਪੜ੍ਹ ਕੇ ਉਹ ਹਟ ਗਿਆ ਸੀ। ਪੰਜ ਜਮਾਤਾਂ ਪਾਸ ਕਰਵਾ ਕੇ ਉਸ ਦੇ ਪਿਓ ਨੇ ਉਸ ਨੂੰ ਇਸ ਲਈ ਹਟਾ ਲਿਆ ਸੀ, ਕਿਉਂਕਿ ਉਹ ਮੱਝਾਂ ਦਾ ਪਾਲ਼ੀ ਬਣ ਕੇ ਘਰ ਦੀ ਕਬੀਲਦਾਰੀ ਵਿੱਚ ਸਹਾਈ ਹੋ ਸਕਦਾ ਸੀ।

ਇੱਕ ਜੱਟ ਤੋਂ ਦੋ ਸੌ ਰੁਪਿਆ ਇੱਕ ਸਾਲ ਵਾਸਤੇ ਵਿਆਜੂ ਲੈ ਕੇ ਉਸ ਦੇ ਪਿਓ ਨੇ ਸਰਵਣ ਨੂੰ ਛੇ ਮਹੀਨਿਆਂ ਲਈ ਉਹ ਜੱਟ ਦੀਆਂ ਮੱਝਾਂ ਦਾ ਪਾਲ਼ੀ ਲਾ ਦਿੱਤਾ ਸੀ। ਉਹ ਦੋ ਸੌ ਰੁਪਿਆ ਉਸ ਦੇ ਪਿਓ ਤੋਂ ਦੋ ਸਾਲ ਵਾਪਸ ਨਹੀਂ ਸੀ ਹੋਇਆ।

ਸਰਵਣ ਦਾ ਪਿਓ ਕਦੇ ਕਿਸੇ ਨਾਲ, ਕਦੇ ਕਿਸੇ ਨਾਲ ਉਸ ਨੂੰ ਪਾਲੀ ਰਲਾਈ ਰੱਖਦਾ ਸੀ। ਫਿਰ ਉਹ ਗੱਭਰੂ ਹੋ ਗਿਆ ਸੀ। ਉਸ ਦਾ ਪਿਓ ਮਰਿਆ ਤਾਂ ਉਹ ਆਪ ਸੀਰੀ ਰਲਣ ਲੱਗ ਪਿਆ।

ਹੁਣ ਸੀਰੀ ਰਲਦੇ ਨੂੰ ਉਸ ਨੂੰ ਪੰਜ ਸਾਲ ਹੋ ਚੁੱਕੇ ਸਨ। ਦਸੌਂਧਾ ਸਿੰਘ ਨਾਲ ਉਸ ਦਾ ਦੂਜਾ ਸਾਲ ਸੀ।

ਪਿਛਲੇ ਸਾਲ ਰਲਣ ਵੇਲੇ ਉਸ ਨੇ ਦਸੌਂਧਾ ਸਿੰਘ ਤੋਂ ਪੰਜ ਸੌ ਲਿਆ ਸੀ। ਇੱਕ ਗੱਲੋਂ ਅੱਠ ਸੌ ਰੁਪਏ ਵਿੱਚ ਉਸ ਦਾ ਸਰੀਰ ਦਸੌਂਧਾ ਸਿੰਘ ਕੋਲ ਗਹਿਣੇ ਟਿਕਿਆ ਹੋਇਆ ਸੀ।

ਫ਼ਸਲ-ਬਾੜੀ ਵਿੱਚ ਪੰਜਵਾਂ ਹਿੱਸਾ।

ਰੋਟੀ ਉਹ ਆਪਣੇ ਘਰੋਂ ਖਾਂਦਾ।

ਹੁਣ ਝੋਟੀ ਸੁਆ ਕੇ ਉਹ ਘਰ ਨੂੰ ਆ ਰਿਹਾ ਸੀ। ਗਲੀਆਂ ਵਿੱਚ ਚੁੱਪ ਪਲੋ-ਪਲ ਵਧ ਰਹੀ ਸੀ। ਕੋਈ ਕੋਈ ਆਦਮੀ ਉਸ ਨੂੰ ਰਾਹ ਵਿੱਚ ਟੱਕਰਿਆ। ਕਈ ਹੱਟਾਂ ਅਜੇ ਖੁੱਲ੍ਹੀਆਂ ਸਨ। ਦੀਵੇ ਦੀ ਲਾਟ ਮੁਹਰੇ ਬੈਠਾ ਕਿਰਪਾ ਬਾਣੀਆਂ ਵਹੀ ਉੱਤੇ ਕੁਝ ਲਿਖ ਰਿਹਾ ਸੀ। ਕੋਈ ਹਿਸਾਬ ਕਿਤਾਬ। ਸਰਵਣ ਨੇ ਸੋਚਿਆ ਕਿ ਉਹ ਕਿਰਪੇ ਦਿਉਂ ਚਾਹ ਦੀ ਪੁੜੀ ਫੜ ਲਿਜਾਵੇ। ਚਾਹ ਦੀ ਪੁੜੀ ਲੈਣ ਉਹ ਦੁਕਾਨ ਅੰਦਰ ਵੜਿਆ ਤਾਂ ਉਸ ਕੰਨੀਂ ਮੈਂਗਲ ਚੌਕੀਦਾਰ ਦਾ ਹੋਕਾ ਪਿਆ। ਕੁਝ ਉੱਚੀ-ਉੱਚੀ ਕਹਿ ਕੇ ਮੈਂਗਲ ਪੀਪਾ ਕੁੱਟ ਰਿਹਾ ਸੀ।

ਚਾਹ ਦੀ ਪੁੜੀ ਉਧਾਰ ਲੈ ਕੇ ਸਰਵਣ ਘਰ ਨੂੰ ਚਲਿਆ ਗਿਆ।

ਦੇਸ਼ ਦਾ ਰਾਖਾ

157