ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/158

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਗਵਾਂਢੀਆਂ ਦੇ ਘਰ ਖੜਕਾ ਹੁੰਦਾ ਸੁਣ ਕੇ ਸਰਵਣ ਦੀ ਮਾਂ ਨੂੰ ਜਾਗ ਆ ਗਈ। ਬੀਹੀ ਦੀ ਕੰਧ ਨਾਲ ਲੱਗਵੀਂ ਕੱਚੀ ਕੋਠੜੀ ਵਿੱਚ ਉਹ ਸੌਂਦੀ ਹੁੰਦੀ। ਸਰਵਣ ਤੇ ਬਹੂ ਅੰਦਰ ਸਬਾਤ ਵਿੱਚ।
ਬੁੜ੍ਹੀ ਮੰਜੇ ਉੱਤੋਂ ਉੱਠੀ। ਕੋਠੜੀ ਤੋਂ ਬਾਹਰ ਆਈ, ਪਹੁ ਪਾਟ ਚੁੱਕੀ ਸੀ, ਗਵਾਂਢੀਆਂ ਦੇ ਘਰ ਚਾਨਣ ਸੀ। ਚਾਨਣ ਵਿੱਚ ਉੱਠ ਰਿਹਾ ਦੁੱਧ-ਚਿੱਟਾ ਧੂੰਆਂ ਅਸਮਾਨ ਨੂੰ ਚੜ੍ਹ ਰਿਹਾ ਸੀ। ਅਸਮਾਨ ਵਿੱਚ ਤਾਰੇ ਮੱਧਮ ਪੈਂਦੇ ਜਾ ਰਹੇ ਸਨ। ਉਸ ਨੇ ਸੋਚਿਆ ਕਿ ਬਹੂ ਨੂੰ ਉਹ ਕਿਵੇਂ ਹਾਕ ਮਾਰ ਕੇ ਜਗਾਵੇ? ਆਪਣੀ ਜਵਾਨੀ ਦਾ ਸਮਾਂ ਯਾਦ ਕਰਕੇ ਇੱਕ ਬਿੰਦ ਬੁੜ੍ਹੀ ਦੇ ਮਨ ਵਿੱਚ ਚੂੰਢੀ ਵੱਢੀ ਗਈ। ਉਸ ਦੇ ਸਰੀਰ ਦਾ ਬੁੱਢਾ ਮਾਸ ਇੱਕ ਝੁਣਝੁਣੀ ਖਾ ਕੇ ਰਹਿ ਗਿਆ। ਪਹਿਲਾਂ ਤਾਂ ਉਹ ਖੰਘੀ ਤੇ ਫਿਰ ਕੋਠੜੀ ਮੂਹਰੇ ਲੱਗੇ ਨਲਕੇ ਦਾ ਡੰਡਾ ਖੜਕਾਇਆ। ਨਲਕਾ ਗੇੜ ਦੇ ਉਸ ਨੇ ਕੁਰਲੀ ਕੀਤੀ ਤੇ ਮੂੰਹ ਧੋਤਾ। ਨਲਕਾ ਖੜਕਦਾ ਸੁਣ ਕੇ ਅੰਦਰ ਸਬਾਤ ਵਿੱਚ ਬਹੂ ਨੂੰ ਜਾਗ ਆ ਗਈ। ਉਸ ਨੇ ਸਰਵਣ ਨੂੰ ਹਲੂਣਿਆ- 'ਉੱਠ, ਬੇਬੇ ਤਾਂ ਕਦੋਂ ਦੀ ਵਿਹੜੇ 'ਚ ਤੁਰੀ ਫਿਰਦੀ ਐ।'
ਸਰਵਣ ਬੋਲਿਆ ਨਾ। ਸ਼ਾਇਦ ਉਸ ਨੂੰ ਜਾਗ ਨਹੀਂ ਸੀ ਆਈ। ਸਿਰ ਦੇ ਵਾਲ ਉਂਗਲਾਂ ਦੀ ਕੰਘੀ ਕਰਕੇ ਪਿੱਛੇ ਨੂੰ ਕੀਤੇ ਤੇ ਫਿਰ ਸਰਵਣ ਦੇ ਸਿਰ ਉੱਤੇ ਝੁਕ ਗਈ। ਉਹ ਅਜੇ ਵੀ ਜਿਵੇਂ ਘੂਕ ਸੁੱਤਾ ਪਿਆ ਸੀ। ਬਹੂ ਨੇ ਉਸ ਦਾ ਹੱਥ ਘੁੱਟਿਆ, ਸਰਵਣ ਦੀ ਅੱਖ ਖੁੱਲ੍ਹ ਗਈ। ਬਹੂ ਕਹਿੰਦੀ- 'ਉੱਠ ਖੜ੍ਹ ਹੁਣ, ਬੇਬੇ ਕੀ ਆਖੂਗੀ?'
ਸਰਵਣ ਨੇ ਅਗਵਾੜੀ ਭੰਨੀ ਤੇ ਅੱਖਾਂ ਝਮਕ ਕੇ ਕਹਿੰਦਾ- 'ਤੂੰ ਚਾਹ ਦੀ ਘੁੱਟ ਲਿਆ ਪਹਿਲਾਂ ਕਰਕੇ, ਫੇਰ ਹੱਡ ਜੁੜਨਗੇ।'
ਚਾਹ ਪੀ ਕੇ ਸਰਵਣ ਵਿਹੜੇ ਵਿੱਚ ਆਇਆ। ਉਸ ਨੇ ਦੇਖਿਆ ਜਿਵੇਂ ਉਸ ਨੂੰ ਬਹੁਤ ਕੁਵੇਲਾ ਹੋ ਗਿਆ ਹੈ। ਕਿੱਲੀ ਤੋਂ ਸਾਫ਼ਾ ਲਾਹ ਕੇ ਉਸ ਨੇ ਸਿਰ ਨੂੰ ਵਲੇਟ ਲਿਆ। ਚਾਦਰਾ ਮੋਢੇ ਉੱਤੇ ਸੁੱਟ ਲਿਆ।
ਉਹ ਦਸੌਂਧਾ ਸਿੰਘ ਦੇ ਬਾਹਰਲੇ ਘਰ ਪਹੁੰਚਿਆ। ਉਹ ਪਸ਼ੂਆਂ ਨੂੰ ਕੱਖ ਪਾਉਂਦਾ ਫਿਰਦਾ ਸੀ।
'ਬਹਾ ਕਾਹਦਾ ਲਿਆਂਦਾ ਓਏ ਤੂੰ, ਆਪਣੀ ਕਾਰ ਤੋਂ ਵੀ ਗਿਆ। ਆਹ ਵੇਲਾ ਦੱਸ ਕੰਮ 'ਤੇ ਔਣ ਦੈ?' ਦਸੌਂਧਾ ਸਿੰਘ ਭਖਿਆ ਹੋਇਆ ਸੀ।
ਸਰਵਣ ਬੋਲਿਆ ਨਹੀਂ।
'ਕੁੰਜੀ ਚਕ ਪੜਛੱਤੀ ਤੋਂ। ਬੰਬਾ ਛੱਡ ਲੈ ਹੁਣੇ ਜਾ ਕੇ। ਮੱਕੀ ਨੂੰ ਪਾਣੀ ਲਾ ਕੇ ਡੱਕ-ਡੱਕ ਭਰੀਂ ਕਿਆਰੇ। ਆਖ਼ਰੀ ਪਾਣੀ ਐ।' ਦਸੌਂਧਾ ਸਿੰਘ ਨੇ ਕਿਹਾ।
'ਤੇ ਸਣ ਚਾਚਾ?'
'ਤੈਨੂੰ ਜਿਹੜਾ ਕੰਮ ਆਖਿਐ, ਉਹ ਕਰ, ਕੰਜਰ ਦਾ ਪੁੱਤ। ਸਣ, ਮੈਂ ਤੇ ਗੁਰਚਰਨ ਆਪੇ ਕਰ ਲਾਂਗੇ। ਤੂੰ ਬੰਬਾ ਛੱਡ ਜਾ ਕੇ। ਦੀਂਹਦੀ ਨ੍ਹੀਂ ਮੱਕੀ ਕੁਮਲਾਈ ਪਈ?'

ਸਰਵਣ ਬੰਬੇ ਵਾਲੇ ਖੇਤ ਨੂੰ ਤੁਰ ਪਿਆ। ਉਸ ਦੇ ਅੰਗਾਂ ਵਿੱਚ ਕੋਈ ਥਕੇਵਾਂ ਭਰਿਆ ਹੋਇਆ ਸੀ। ਅਜੇ ਵੀ ਉਸਨੂੰ ਜਿਵੇਂ ਨੀਂਦ ਚੜ੍ਹੀ ਹੋਈ ਸੀ। ਉਸਦਾ ਜੀਅ ਕਰਦਾ ਸੀ ਕਿ ਤਿੱਖੀ ਜਿਹੀ ਚਾਹ ਬਣਵਾ ਕੇ ਉਹ ਕਿਤੋਂ ਪੀ ਲਵੇ। ਉਸ ਦੇ ਹੱਡ ਸੰਵਾਰ ਕੇ ਨਹੀਂ ਸਨ ਖੁੱਲ੍ਹੇ।

158
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ