ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/159

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਪਿੰਡ ਦੀ ਫਿਰਨੀ ਟੱਪ ਕੇ ਉਹ ਲੰਮੇ ਪਹੇ ਪੈ ਗਿਆ। ਇਹ ਪਹਾ ਸਿੱਧਾ ਬੰਬੇ ਵਾਲੇ ਖੇਤ ਨੂੰ ਜਾਂਦਾ ਸੀ। ਖੇਤ ਪਿੰਡ ਤੋਂ ਕੋਈ ਅੱਧ ਮੀਲ ਉੱਤੇ ਸੀ।
ਉਹ ਤੁਰਿਆ ਜਾ ਰਿਹਾ ਸੀ। ਸੋਚ ਰਿਹਾ ਸੀ ਕਿ ਸੀਰੀ ਦਾ ਕੰਮ ਕਿਹੋ ਜਿਹਾ ਕੁੱਤਾ ਕੰਮ ਹੈ। ਨਾ ਦਿਨ ਨੂੰ ਚੈਨ, ਨਾ ਰਾਤ। ਉਸ ਦਾ ਵਿਆਹ ਹੋਏ ਨੂੰ ਛੀ ਸੱਤ ਮਹੀਨੇ ਹੀ ਹੋਏ ਹਨ। ਮੁਕਲਾਵਾ ਉਹ ਨਾਲ ਹੀ ਲੈ ਆਇਆ ਸੀ। ਹੁਣ ਉਹ ਬਹੂ ਨੂੰ ਦੂਜੀ ਵਾਰ ਲੈ ਕੇ ਆਇਆ ਸੀ। ਉਸ ਦਾ ਮਨ ਕਹਿ ਰਿਹਾ ਸੀ- ‘ਵਿਆਹ ਕਰਵੋਣ ਦਾ ਸੁਆਦ ਤਾਂ ਫੇਰ ਐ, ਜੇ ਵਿਆਹ ਤੋਂ ਪਿੱਛੋਂ ਮਹੀਨਾ, ਦੋ ਮਹੀਨੇ ਬੰਦੇ ਨੂੰ ਵਿਹਲਾ ਈ ਰਹਿਣਾ ਹੋਵੇ। ਦਿਨ ਛਿਪੇ ਘਰ ਵੜੀਦੈ ਤੇ ਦਿਨ ਚੜ੍ਹਨ ਤੋਂ ਪਹਿਲਾਂ ਈ ਘਰੋਂ ਨਿੱਕਲ ਆਈਦੈ। ਚੱਜ ਨਾਲ ਕੰਜਰ ਦੀ ਦੀਆਂ ਅੱਖਾਂ ਵੀ ਨ੍ਹੀਂ ਕਦੇ ਦੇਖੀਆਂ, ਬਈ ਕਹੀਆਂ ਜ੍ਹੀਆਂ ਨੇ।’
ਉਹ ਕਾਹਲੀ-ਕਾਹਲੀ ਤੁਰਿਆ ਜਾ ਰਿਹਾ ਸੀ। ਉਸ ਨੇ ਪਿੱਛੇ ਮੁੜ ਕੇ ਦੇਖਿਆ, ਚੜ੍ਹਦੇ ਵੱਲ ਸਾਰਾ ਅਸਮਾਨ ਤਾਂਬੇ ਰੰਗਾ ਹੋ ਗਿਆ ਸੀ।
ਕਾਹਲ ਨਾਲ ਖੇਤ ਪਹੁੰਚ ਕੇ ਉਸ ਨੇ ਇੰਜਣ ਚਾਲੂ ਕਰ ਲਿਆ।
ਸਰਵਣ ਦੇ ਮਨ ਵਿੱਚ ਕੋਈ ਉਦਰੇਵਾਂ ਉੱਤਰਿਆ ਹੋਇਆ ਸੀ।
ਪਾਣੀ ਕਿਆਰੇ ਦੇ ਦੂਜੇ ਸਿਰੇ ’ਤੇ ਪਹੁੰਚ ਚੁੱਕਿਆ ਸੀ। ਵੱਟਾਂ ਦੇ ਸਿਰਿਆਂ ਤੀਕ ਪਹੁੰਚ ਕੇ ਪਾਣੀ ਟੁੱਟੂੰ-ਟੁੱਟੂੰ ਕਰਨ ਲੱਗ ਪਿਆ। ਖਾਲ ਬੰਨ੍ਹ ਕੇ ਉਸ ਨੇ ਭਰੇ ਕਿਆਰੇ ਦਾ ਨੱਕਾ ਬੰਦ ਕਰ ਦਿੱਤਾ। ਨਵੇਂ ਕਿਆਰੇ ਦੇ ਨੱਕੇ-ਕੋਲ ਕਹੀ ਧਰ ਕੇ ਉਹ ਨਿੰਬੂ ਦੀ ਛਾਵੇਂ ਜਾ ਬੈਠਾ।
ਇੰਜਣ ਦੀ ‘ਧੁੱਕ-ਧੁੱਕ’ ਇਕਦਮ ਬੰਦ ਹੋ ਗਈ। ਉਹ ਉੱਠਿਆ। ਭੱਜ ਕੇ ਕੋਠੇ ਵਿੱਚ ਗਿਆ। ਐਧਰ ਓਧਰ ਇੰਜਣ ਨੂੰ ਦੇਖਿਆ, ਕੋਈ ਨੁਕਸ ਨਜ਼ਰ ਨਹੀਂ ਸੀ ਆ ਰਿਹਾ। ਤੇਲ ਵਾਲੀ ਟੈਂਕੀ ਦਾ ਢੱਕਣ ਉਸ ਨੇ ਖੋਲ੍ਹਿਆ। ਉਸ ਵਿੱਚ ਲੋਹੇ ਦੀ ਸਲਾਖ ਪਾ ਕੇ ਦੇਖੀ। ਟੈਂਕੀ ਵਿੱਚ ਤੇਲ ਭੋਰਾ ਵੀ ਨਹੀਂ ਸੀ। ਤੇਲ ਵਾਲੀ ਢੋਲੀ ਦੀ ਉਸ ਨੇ ਟੂਟੀ ਘਰੋੜੀ। ਡੱਬੇ ਵਿੱਚ ਤੇਲ ਪਾ ਪਾ ਟੈਂਕੀ ਉਸ ਨੇ ਮੂੰਹ ਤੀਕ ਭਰ ਦਿੱਤੀ। ਇੰਜਣ ਸਟਾਰਟ ਕੀਤਾ। ਬੁੱਘ-ਬੁੱਘ ਕਰਕੇ ਪਾਣੀ ਦੀ ਧਾਰ ਔਹ ਗਈ। ਖਾਲ ਭਰਿਆ ਭਰਿਆ ਚੱਲਣ ਲੱਗਿਆ। ਇੰਜਣ ਨੂੰ ਗੇੜਾ ਦੇਣ ਕਰਕੇ ਉਸ ਦਾ ਸਾਹ ਚੜ੍ਹ ਗਿਆ ਸੀ। ਉਹ ਫਿਰ ਨਿੰਬੂ ਦੀ ਛਾਂ ਵਿੱਚ ਆ ਬੈਠਾ। ਨਿੰਬੂ ਦਾ ਇੱਕ ਪੱਤਾ ਤੋੜ ਕੇ ਉਸ ਨੇ ਦੰਦਾਂ ਥੱਲੇ ਲਿਆ। ਮਿੱਠੀ-ਮਿੱਠੀ ਖਟਿਆਸ ਜੀਭ ਉੱਤੋਂ ਤਰ ਕੇ ਉਸ ਦੇ ਸੰਘ ਵਿੱਚ ਅਟਕ ਗਈ। ਸੰਘ ਮਰੋੜ ਕੇ ਉਸ ਨੇ ਥੁੱਕਿਆ। ਉਸ ਨੂੰ ਮਹਿਸੂਸ ਹੋਇਆ, ਜਿਵੇਂ ਉਸ ਦਾ ਸਿਰ ਕੁਝ-ਕੁਝ ਭਾਰਾ ਜਿਹਾ ਹੋਵੇ। ਉਸ ਦੇ ਹੱਡ-ਪੈਰ ਜਿਵੇਂ ਟੁੱਟ ਰਹੇ ਹੋਣ।

ਖੇਤ ਦੇ ਕੋਲ ਹੀ ਪਹਾ ਵਗਦਾ ਸੀ। ਪਰ੍ਹੇ ਦੀ ਭੜੀਂਅ ਉੱਤੋਂ ਦੀ ਧੂੜ ਉੱਡਦੀ ਉਸ ਨੇ ਦੇਖੀ। ਦੁਪਹਿਰਾ ਹੋ ਗਿਆ ਸੀ। ਅਜੇ ਤਾਈਂ ਉਸ ਦੀ ਮਾਂ ਰੋਟੀ ਲੈ ਕੇ ਨਹੀਂ ਸੀ ਆਈ। ਕੜਾਕੇ ਦੀ ਭੁੱਖ ਉਸ ਨੂੰ ਲੱਗੀ ਹੋਈ ਸੀ। ਉਸ ਦਾ ਕਾਲਜਾ ਕੁਤਰ-ਕੁਤਰ ਕਰ ਰਿਹਾ ਸੀ। ਇੱਕ ਬਿੰਦ ਉਸ ਦੇ ਮਨ ਵਿੱਚ ਆਈ- ‘ਵਾਗੀ ਸਾਲ਼ਾ ਹੁਣ ਤਾਈਂ ਗਾਈਆਂ ਨੂੰ ਕਿੱਥੇ ਘੇਰੀ ਰੱਖਦੈ? ਇਹ ਕੋਈ ਵੇਲੈ ਵੱਗ ਛੇੜਨ ਦਾ?’ ਉਸ ਨੂੰ ਵਾਗੀ ਉੱਤੇ ਖਿਝ ਆਈ। ਦੂਜੇ ਬਿੰਦ ਉਸ ਨੇ ਸੋਚਿਆ ਕਿ ਵੱਗ ਨੂੰ ਉਹ ਲਿਜਾਵੇ ਵੀ ਕਿੱਥੇ?

ਦੇਸ਼ ਦਾ ਰਾਖਾ
159