ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/160

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖੇਤਾਂ ਵਿੱਚ ਬੀੜ ਕੋਈ ਨਹੀਂ ਰਿਹਾ। ਵੱਢਾਂ ਵਿੱਚ ਵੱਗ ਨੂੰ ਕੌਣ ਵੜਨ ਦਿੰਦੈ? ਗਜ਼ ਥਾਂ ਵੀ ਕਿਤੇ ਵਿਹਲੀ ਨਹੀਂ, ਜਿੱਥੇ ਪਸ਼ੂ ਫਿਰ ਤੁਰ ਸਕਣ। ਜ਼ਮੀਨ ਜੱਟਾਂ ਨੂੰ ਕਿੰਨੀ ਪਿਆਰੀ ਹੋ ਗਈ ਹੈ।

ਤੇ ਫਿਰ ਸਾਡੇ ਲਈ ਕੀ ਪਿਆਰਾ ਹੈ? ਅਸੀਂ ਲੋਕ ਜਿਹੜੇ ਪੁਸ਼ਤਾਂ ਤੋਂ ਖੇਤੀ ਦਾ ਕੰਮ ਕਰਦੇ ਹਾਂ। ਖੇਤ ਦੇ ਕੰਮ ਤੋਂ ਬਿਨਾਂ ਹੋਰ ਕੋਈ ਕੰਮ ਜਾਣਦੇ ਵੀ ਨਹੀਂ। ਸਾਡੇ ਲੋਕਾਂ ਲਈ ਕਿਹੜੀ ਚੀਜ਼ ਪਿਆਰੀ ਹੈ? ਅਸੀਂ ਖੇਤੀ ਕਰਦੇ ਹਾਂ। ਖੇਤੀ ਜ਼ਮੀਨ ਵਿੱਚ ਹੀ ਤਾਂ ਹੁੰਦੀ ਹੈ। ਜ਼ਮੀਨਾਂ ਦੇ ਜਦ ਅਸੀਂ ਮਾਲਕ ਹੀ ਨਹੀਂ ਤਾਂ ਸਾਡਾ ਖੇਤੀ ਦੇ ਕੰਮ ਨਾਲ ਪਿਆਰ ਕਾਹਦਾ? ਇੱਕ ਬਿੰਦ ਸਰਵਣ ਨੂੰ ਲੱਗਿਆ, ਜਿਵੇਂ ਉਹ ਅੱਜ ਬਹੁਤ ਊਟ-ਪਟਾਂਗ ਗੱਲਾਂ ਸੋਚ ਰਿਹਾ ਹੈ।

ਨਿੰਬੂ ਦੀ ਮੰਜਾ ਭਰ ਛਾਂ ਥੱਲਿਓਂ ਉਹ ਉੱਠਿਆ। ਕਿਆਰੇ ਦੇ ਦੂਜੇ ਸਿਰੇ ਜਾ ਕੇ ਦੇਖਿਆ, ਪਾਣੀ ਸਿਰੇ ਲੱਗ ਚੁੱਕਿਆ ਸੀ। ਛੇਤੀ-ਛੇਤੀ ਆ ਕੇ ਉਸ ਨੇ ਨਵੇਂ ਕਿਆਰੇ ਵਿੱਚ ਪਾਣੀ ਛੱਡ ਦਿੱਤਾ। ਪਾਣੀ ਨੇ ਸੱਪ ਵਾਂਗ ਸ਼ੂਟ ਵੱਟ ਲਈ। ਖਾਲ ਦੀ ਵੱਟ 'ਤੇ ਕਹੀ ਰੱਖ ਕੇ ਉਹ ਟਾਹਲੀ ਦੀਆਂ ਜੜ੍ਹਾਂ ਵਿੱਚ ਆ ਬੈਠਾ। ਟਾਹਲੀ ਨਾਲ ਪਿੱਠ ਲਾ ਲਈ। ਦੋਵੇਂ ਹੱਥਾਂ ਦਾ ਘੁੱਗੂ ਬਣਾ ਕੇ ਉਸ ਨੇ ਫੂਕ ਮਾਰੀ ਤੇ ਮੁਸਕਰਾ ਪਿਆ। ਜਵਾਕਾਂ ਵਾਲੀ ਚੌੜ! ਉਹ ਚੁੱਪ ਹੋ ਗਿਆ।

ਟਾਹਲੀ ਕੋਲੋਂ ਉੱਠ ਕੇ ਉਸ ਨੇ ਖ਼ਾਲੀ ਕਿਆਰੇ ਗਿਣੇ। ਪੰਜ ਰਹਿੰਦੇ ਸਨ। ਉਹ ਨੂੰ ਇੱਕ ਖੱਟਾ ਡਕਾਰ ਆਇਆ। ਉਸ ਦੇ ਮਨ ਵਿੱਚ ਗੁੱਸੇ ਦੀ ਇੱਕ ਲਹਿਰ ਉੱਠੀ ਤੇ ਉੱਤਰ ਗਈ। ਉਸ ਦੀ ਮਾਂ ਅਜੇ ਤੀਕ ਰੋਟੀ ਲੈ ਕੇ ਕਿਉਂ ਨਹੀਂ ਸੀ ਆਈ? ਤੜਕੇ ਦੀ ਚਾਹ ਤੋਂ ਬਿਨਾਂ ਉਸ ਦੇ ਅੰਦਰ ਗਿਆ ਵੀ ਕੀ ਸੀ? ਅੱਜ ਤਾਂ ਕਾਹਲ ਵਿੱਚ ਉਸ ਨੇ 'ਹਾਜਰੀ' ਵੀ ਨਹੀਂ ਸੀ ਖਾਧੀ।

ਢਿੱਡ ਦੀਆਂ ਕੋਕੜਾਂ ਹੋਣ ਲੱਗੀਆਂ। ਇੱਕ ਸੱਕੇ ਕਿਆਰੇ ਵਿੱਚ ਜਾ ਕੇ ਉਸ ਨੇ ਦੋ ਟਾਂਡੇ ਭੰਨ ਲਏ। ਚਾਰੇ ਛੱਲੀਆਂ ਦੇ ਪਰਦੇ ਉਸ ਨੇ ਉਧੇੜੇ। ਇੱਕ ਛੱਲੀ ਅਜੇ ਵੀ ਦੋਘਾ ਸੀ ਤਾਂ ਉਸ ਨੇ ਕੱਚੀ ਹੀ ਚੂੰਡ ਦਿੱਤੀ।

ਭੜੀਂਅ ਉੱਤੋਂ ਜਦ ਉਸ ਨੇ ਪੁਰਾਣੀ ਵਾੜ ਧੂਹੀ ਤਾਂ ਇੱਕ ਕਾਲ਼ਾ ਸੱਪ ਉੱਥੋਂ ਹਿੱਲਿਆ ਤੇ ਸਰੜ ਦੇ ਕੇ ਕੋਲ ਖੜ੍ਹੇ ਕਰੀਰ ਵਿੱਚ ਪਤਾ ਨਹੀਂ ਕਿੱਥੇ ਗੁੰਮ ਹੋ ਗਿਆ। ਸੱਪ ਨੂੰ ਦੇਖ ਕੇ ਸਰਵਣ ਦੇ ਸਰੀਰ ਵਿੱਚੋਂ ਇੱਕ ਧੁੜਧੁੜੀ ਉੱਠੀ ਤੇ ਉਹ ਆਪ-ਮੁਹਾਰਾ ਹੀ ਬੋਲ ਉੱਠਿਆ- 'ਖਾ ਲੇ ਸੀ ਕੰਜਰ ਦਿਓ ਬਈ।'

ਮੋੜ੍ਹੀਆਂ ਦੇ ਡੱਕੇ ਤੋੜ-ਤੋੜ ਉਸ ਨੇ ਟਾਹਲੀ ਥੱਲੇ ਇੱਕ ਢੇਰੀ ਲਾ ਲਈ। ਡੱਬੀ ਦੀ ਸੀਖ ਨਾਲ ਢੇਰੀ ਨੂੰ ਅੱਗ ਲਾ ਕੇ ਉਹ ਇੰਜਣ ਵਾਲੇ ਕੋਠੇ ਵੱਲ ਦੌੜ ਗਿਆ। ਲੋਹੇ ਦੀ ਇੱਕ ਮੋਟੀ ਤਾਰ ਚੁੱਕ ਲਿਆਂਦੀ। ਉਸ ਵਿੱਚ ਛੱਲੀ ਅੜੁੰਗ ਕੇ ਲਾਟ ਉੱਤੇ ਕਰ ਲਈ। ਏਵੇਂ ਜਿਵੇਂ ਦੂਜੀ ਛੱਲੀ ਵੀ ਉਸ ਨੇ ਭੁੰਨ ਲਈ, ਦੋਵੇਂ ਛੱਲੀਆਂ ਅੱਗ ਕੋਲ ਧਰ ਕੇ ਉਹ ਕਿਆਰੇ ਦਾ ਸਿਰਾ ਦੇਖਣ ਚਲਿਆ ਗਿਆ। ਅਗਲੇ ਕਿਆਰੇ ਵਿੱਚ ਪਾਣੀ ਛੱਡ ਕੇ ਉਹ ਛੱਲੀ ਚੱਬਣ ਲੱਗ ਪਿਆ। ਇੱਕ ਛੱਲੀ ਚੱਬ ਕੇ ਉਸ ਨੇ ਦੂਜੀ ਨੂੰ ਹੱਥ ਪਾਇਆ ਤੇ ਦੇਖਿਆ ਮੋੜ੍ਹੀਆਂ ਦੀ ਅੱਗ ਸੌਂ ਚੁੱਕੀ ਹੈ। ਤੀਜੀ ਛੱਲੀ ਉਸ ਨੇ ਭੁੱਬਲ

160

ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ