ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/162

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਸਰਵਣ ਆਪਣੇ ਕੰਮ ਵਿੱਚ ਫਿਰ ਰੁੱਝ ਗਿਆ।

ਇੱਕ ਕਿਆਰਾ ਬਾਕੀ ਰਹਿ ਗਿਆ ਸੀ। ਭੁੱਬਲ ਵਿਚਲੀ ਛੱਲੀ ਚੁੱਕ ਕੇ ਉਸ ਨੇ ਦੇਖੀ। ਠੰਡੀ ਹੋਈ ਪਈ ਸੀ। ਨਾ ਹੀ ਕੋਈ ਦਾਣਾ ਨਿਕਲਦਾ ਸੀ। ਉਹ ਚਾਹੁੰਦਾ ਸੀ ਕਿ ਦੋ ਦਾਣੇ ਚੱਬ ਕੇ ਉਹ ਆਪਣਾ ਮੂੰਹ ਸੁਆਦ ਕਰ ਲਵੇ, ਪਰ ਛੱਲੀ ਉਸ ਨੇ ਦੂਰ ਵਗਾਹ ਮਾਰੀ।

ਬੁਝੀ ਪਈ ਧੂਣੀ ਕੋਲੋਂ ਇੱਕ ਮੋੜ੍ਹੀ ਚੁੱਕ ਕੇ ਉਹ ਇੱਕ ਪਾਸੇ ਰੱਖਣ ਲੱਗਿਆ ਤਾਂ ਉਸ ਨੂੰ ਸੱਪ ਦਾ ਖ਼ਿਆਲ ਆ ਗਿਆ।‘ਖਾ ਲੇ ਸੀ ਅੱਜ ਤਾਂ ਸੱਪ ਨੇ।’ ਸੱਪ ਦਾ ਚੇਤਾ ਕਰ ਕੇ ਉਸ ਨੂੰ ਇੱਕ ਪੁਰਾਣੀ ਗੱਲ ਯਾਦ ਆ ਗਈ। ਉਸ ਦੀ ਮਾਂ ਦੱਸਦੀ ਹੁੰਦੀ-

ਤੇਰਾ ਬਾਬਾ ਏਸ ਦਸੌਂਧੇ ਦੇ ਪਿਓ ਨਾਲ ਸੀਰੀ ਹੁੰਦਾ ਸੀ। ਇੱਕ ਦਿਨ ਪਹੁ ਪਾਟਦੀ ਨਾਲ ਜਦ ਉਹ ਖੇਤ ਗਿਆ। ਪਹਿਲਾ ਓਰਾ ਈ ਅਜੇ ਲਿਆਂਦਾ ਸੀ, ਇੱਕ ਜ਼ਹਿਰੀ ਨਾਗ ਨੇ ਗਿੱਟੇ ਕੋਲੋਂ ਉਸ ਨੂੰ ਡੰਗ ਦਿੱਤਾ। ਪਲ਼ ਵੀ ਨਹੀਂ ਸਹਾਰਿਆ, ਬੁੜ੍ਹਾ। ਥਾਂ ਦੀ ਥਾਂ ਮਰ ਗਿਆ ਸੀ।

ਇੰਜਣ ਬੰਦ ਕਰਕੇ ਉਹ ਪਿੰਡ ਨੂੰ ਤੁਰ ਪਿਆ।

ਦੋ ਛੱਲੀਆਂ, ਛੋਲਿਆਂ ਦੀ ਦਾਲ ਨਾਲ ਚਾਰ ਰੋਟੀਆਂ ਮੰਨਾਂ ਵਰਗੀਆਂ ਤੇ ਲੱਸੀ ਦੀ ਮੱਘੀ । |

ਉਹ ਆਫ਼ਰ ਜਿਹਾ ਗਿਆ ਸੀ। ਉਸ ਦਾ ਜੀਅ ਮਤਲਾ ਰਿਹਾ ਸੀ। ਉਹ ਮਹਿਸੂਸ ਕਰ ਰਿਹਾ ਸੀ ਕਿ ਲੱਸੀ, ਜਿਹੜੀ ਉਸ ਨੇ ਪੀਤੀ ਹੈ, ਸ਼ਾਇਦ ਕਸਲਿਆਈ ਹੋਈ ਹੋਵੇ? ਕੀ ਪਤਾ ਹੈ, ਕਿੰਨਾ ਚਿਰ ਕਿਸੇ ਪਿੱਤਲ ਦੇ ਭਾਂਡੇ ਵਿੱਚ ਪਈ ਰਹੀ ਹੋਵੇ ਜਾਂ ਸ਼ਾਇਦ ਦਸੌਂਧੇ ਕੇ ਘਰੋਂ ਹੀ ਕਸਲਿਆਈ ਹੋਈ ਆਈ ਹੋਵੇ? ਕਿਤੇ ਹਾਈਆ (ਹੈਜ਼ਾ) ਹੀ ਨਾ ਹੋ ਜਾਵੇ। ਹੈਜ਼ੇ ਦਾ ਅਨੁਭਵ ਕਰ ਕੇ ਉਸ ਨੂੰ ਆਪਣਾ ਪਿਓ ਯਾਦ ਆ ਗਿਆ। ਉਹ ਹੈਜ਼ੇ ਨਾਲ ਹੀ ਮਰਿਆ ਸੀ। ਭਾਦੋਂ ਮਹੀਨੇ ਕਪਾਹ ਗੁਡਦੇ ਨੂੰ ਡਾਕਣੀ ਲੱਗ ਗਈ ਸੀ। ਆਥਣ ਨੂੰ ਘਰ ਆ ਕੇ ਬੇਸੁਰਤ ਹੋ ਗਿਆ ਸੀ। ਅੱਧੀ ਰਾਤ ਪਿੱਛੋਂ ਬੇਸੁਰਤੀ ਦੀ ਹਾਲਤ ਵਿੱਚ ਹੀ ਮਰ ਗਿਆ ਸੀ। ਉਸ ਦੀ ਮਾਂ ਗੰਢੇ ਦਾ ਪਾਣੀ ਦੇਣ ਤੋਂ ਬਿਨਾਂ ਹੋਰ ਕੋਈ ਓਹੜ-ਪੋਹੜ ਨਹੀਂ ਸੀ ਕਰ ਸਕੀ। ਕਿਸੇ ਵੈਦ-ਡਾਕਟਰ ਦਾ ਮੂੰਹ ਉਹ ਕਿੱਥੋਂ ਭਰਦੀ?

ਸਰਵਣ ਨੂੰ ਚੇਹ ਚੜ੍ਹ ਰਹੀ ਸੀ।

ਉਹਦਾ ਪਿਓ, ਉਹਦਾ ਬਾਬਾ ਅਣਿਆਈ ਮੌਤ ਮਰ ਗਏ। ਕੁੱਤੇ-ਬਿੱਲਿਆਂ ਦੀ ਜੂਨ ਤੋਂ ਵੀ ਭੈੜੀ ਜੂਨ ਸੀ ਉਹਨਾਂ ਦੀ।

‘ਤੇ ਮੇਰੀ ਜੂਨ?’ ਸਰਵਣ ਦੇ ਦਿਮਾਗ਼ ਵਿੱਚ ਕੋਈ ਫਤੂਰ ਉੱਠਿਆ ਹੋਇਆ ਸੀ।

‘ਦੁਆਨੀ ਦੇ ਜੱਟ ਨੇ ਤੀਵੀਂ ਦੇ ਸਾਹਮਣੇ ਇੱਜ਼ਤ ਲਾਹ ’ਤੀ। ਏਦੂੰ ਤਾਂ ਬੰਦਾ ਮਰਿਆ ਚੰਗਾ।’ ਜਿਉਂ-ਜਿਉਂ ਪਿੰਡ ਨੇੜੇ ਆ ਰਿਹਾ ਸੀ, ਸਰਵਣ ਦੇ ਸਰੀਰ ਵਿੱਚ ਕੋਈ ਅੱਗ ਮਘ ਰਹੀ ਸੀ।

‘ਜੱਟ ਦੇ ਛਿੱਤਰ ਖਾਣ ਨਾਲੋਂ ਤਾਂ...’ ਸਰਵਣ ਨੇ ਕੋਈ ਫ਼ੈਸਲਾ ਕਰ ਲਿਆ ਸੀ।

ਪਿੰਡ ਵੜਦਿਆਂ ਹੀ ਉਸ ਨੇ ਸਕੂਲ ਵਿੱਚ ਲੋਕਾਂ ਦਾ ਇਕੱਠ ਦੇਖਿਆ।

ਕਿਸੇ ਦੇ ਨਿੱਕਰ, ਕਿਸੇ ਦੇ ਜਾਂਘੀਆ, ਨੰਗੇ-ਧੜੰਗੇ ਕਿੰਨੇ ਹੀ ਨੌਜਵਾਨ ਕਤਾਰ ਵਿੱਚ ਖੜ੍ਹੇ ਸਨ। ਕੁੜਤਾ-ਸਾਫ਼ਾ ਲਾਹ ਕੇ ਸਰਵਣ ਕਤਾਰ ਵਿੱਚ ਜਾ ਖੜ੍ਹਾ ਹੋਇਆ।♦

162
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ