ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/163

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਮਨੁੱਖ ਦੀ ਮੌਤ

ਸਾਇਕਲ ਉੱਤੇ ਜਦ ਮੈਂ ਉਸ ਦੇ ਕੋਲ ਦੀ ਲੰਘਿਆ, ਉਹ ਸੜਕ ਦੇ ਵਿਚਾਲੇ ਡਿੱਗਿਆ ਪਿਆ ਸੀ। ਉਸ ਦੇ ਸਿਰ ਵਿੱਚੋਂ ਲਹੂ ਦੀਆਂ ਤਤ੍ਹੀਰੀਆਂ ਫੁੱਟ ਰਹੀਆਂ ਸਨ। ਬਿੰਦੇ-ਬਿੰਦੇ ਆਪਣੇ ਸਿਰ ਨੂੰ ਉਤਾਂਹ ਉਠਾਉਂਦਾ ਤੇ ਫਿਰ ਗਿੱਚੀ-ਪਰਨੇ ਡਿੱਗ ਪੈਂਦਾ। ਉਸ ਦੇ ਮੂੰਹ ਵਿੱਚੋਂ ਜਾਂ ਸ਼ਾਇਦ ਨਾਸਾਂ ਵਿੱਚੋਂ ਕੋਈ ਆਵਾਜ਼ ਨਿਕਲ ਰਹੀ ਸੀ। ਉਸ ਦੀਆਂ ਦੋਵੇਂ ਲੱਤਾਂ ਸਾਇਕਲ ਦੇ ਫਰੇਮ ਵਿੱਚ ਅੜੀਆਂ ਹੋਈਆਂ ਸਨ। ਸਾਇਕਲ ਨੇ ਹੀ ਸ਼ਾਇਦ ਉਸ ਨੂੰ ਸੜਕ ਵਿਚਕਾਰ ਸੁੱਟ ਲਿਆ ਹੋਵੇਗਾ। ਇੱਕ ਬਿੰਦ ਮੇਰੇ ਮਨ ਵਿੱਚ ਆਈ ਕਿ ਖਤਾਨਾਂ ਵਿੱਚ ਖੜ੍ਹੇ ਮੀਂਹ ਦੇ ਪਾਣੀ ਦਾ ਬੁੱਕ ਭਰ ਕੇ ਉਸ ਦੇ ਮੂੰਹ ਵਿੱਚ ਪਾ ਦੇਵਾਂ, ਪਰ ਦੂਜੇ ਬਿੰਦ ਹੀ ਮੇਰਾ ਕਾਲਜਾ ਕੰਬ ਗਿਆ। ਮੇਰੇ ਸਾਇਕਲ ਨੂੰ ਬਰੇਕ ਲੱਗਦੇ-ਲੱਗਦੇ ਰੁਕ ਗਏ। ਖ਼ਬਰੈ ਇਹਦੇ 'ਚ ਕੋਈ ਟਰੈਕਟਰ, ਟਰੱਕ, ਕਾਰ ਜਾਂ ਬੱਸ ਲੱਗੀ ਹੋਵੇ? ਚਲੋ ਆਪਾਂ ਕੀ ਲੈਣੈ। ਪਰ ਉਸ ਦੇ ਸਿਰ ਵਿੱਚੋਂ ਡੁੱਲ੍ਹ ਰਿਹਾ ਖੂਨ ਮੇਰੀਆਂ ਅੱਖਾਂ ਸਾਹਮਣੇ ਆ ਕੇ ਮੇਰੇ ਦਿਮਾਗ਼ ਨੂੰ ਚੜ੍ਹਨ ਲੱਗ ਪਿਆ ਸੀ। ਇਸ ਦੇ ਮੂੰਹ ਵਿੱਚ ਪਾਣੀ ਪਾਉਂਦਾ ਜੇ ਮੈਨੂੰ ਕਿਸੇ ਨੇ ਦੇਖ ਲਿਆ ਤਾਂ ਇਉਂ ਗੱਲ ਨਾ ਬਣ ਜਾਵੇ ਕਿ ਮੈਂ ਹੀ ਉਸ ਦੇ ਸਾਇਕਲ ਵਿੱਚ ਸਾਇਕਲ ਮਾਰ ਕੇ ਉਸ ਨੂੰ ਡੇਗਿਆ ਹੈ। ਮੇਰੇ ਪੈਡਲ ਰੁਕਦੇ-ਰੁਕਦੇ ਫਿਰ ਤੇਜ਼ ਚੱਲਣ ਲੱਗ ਪਏ। ‘ਚਲੋ ਆਪਾਂ ਨੂੰ ਕੀ?’ ਥੋੜ੍ਹੀ ਦੂਰ ਜਾ ਕੇ ਤਿੰਨ ਚਾਰ ਛੋਟੇ-ਛੋਟੇ ਮੁੰਡੇ ਮੈਨੂੰ ਟੱਕਰੇ। ਮੈਂ ਉਹਨਾਂ ਨੂੰ ਕਾਹਲੀ ਵਿੱਚ ਆਖਿਆ- ‘ਉਹਦੇ ਮੂੰਹ 'ਚ ਪਾਣੀ ਪਾ ਦਿਓ ਓਏ। ਬਚ ਜੂ ਵਿਚਾਰਾ।’ ਸਾਰੇ ਮੁੰਡਿਆਂ ਨੇ ਸਿਰ ਮਾਰ ਦਿੱਤਾ- ‘ਨਾ ਭਾਈ, ਸਾਡੇ ਸਿਰ ਲੱਗ ਜੂ।’ ਪਲ਼ ਦੀ ਪਲ਼ ਮੈਂ ਪਿੱਛੇ ਨੂੰ ਮੁੜ ਕੇ ਦੇਖਿਆ ਤੇ ਫਿਰ ਦੱਬ ਕੇ ਪੈਡਲ ਘੁਮਾ ਦਿੱਤੇ।

ਇੱਕ ਮੀਲ ਅਜੇ ਮੈਂ ਲੰਘਿਆ ਹੋਵਾਂਗਾ ਕਿ ਹੋਰ ਬੰਦਾ ਹਫੇ ਸਾਹੀਂ ਸਾਇਕਲ ਉੱਤੇ ਚੜ੍ਹਿਆ ਮੇਰੇ ਨਾਲ ਆ ਰਲਿਆ। ਸ਼ੱਕੀ ਨਜ਼ਰਾਂ ਨਾਲ ਮੈਂ ਉਸ ਦੇ ਚਿਹਰੇ ਵੱਲ ਝਾਕਿਆ। ਉਹ ਵੀ ਮੇਰੇ ਚਿਹਰੇ ਉੱਤੇ ਸ਼ੱਕੀ ਨਜ਼ਰਾਂ ਸੁੱਟ ਰਿਹਾ ਸੀ। ਕੁਝ ਚਿਰ ਅਸੀਂ ਦੋਵੇਂ ਹੀ ਗੂੰਗੇ ਬਣੇ ਚਲਦੇ ਰਹੇ। ਫਿਰ ਮੈਂ ਉਸ ਤੋਂ ਪੁੱਛਿਆ- “ਕਿਉਂ ਬਈ, ਸੜਕ ਤੇ ਡਿੱਗਿਆ ਪਿਆ ਉਹ ਬੰਦਾ ਮਰ ਗਿਆ ਜਾਂ ਅਜੇ ਜਿਉਂਦੈ?' ਉਸ ਬੰਦੇ ਨੇ ਪਹਿਲਾਂ ਤਾਂ ਚੁੱਪ ਹੀ ਵੱਟ ਲਈ। ਪਰ ਫਿਰ ਮਲਵੀਂ ਜਿਹੀ ਜੀਭ ਨਾਲ ਦੱਸਿਆ ਕਿ ਉਹ ਬੰਦਾ ਅਜੇ ਸੁੰਧਕਦਾ ਸੀ। ਉਸਨੇ ਇਹ ਵੀ ਦੱਸਿਆ ਕਿ ਕੋਈ ਵੀ ਉਸ ਦੇ ਨੇੜੇ ਨਹੀਂ ਗਿਆ। ਦੋ ਮੀਲ ਅਸੀਂ ਹੌਲ਼ੀ-ਹੌਲ਼ੀ ਸਾਇਕਲ ਚਲਾਉਂਦੇ ਗਏ। ਓਸੇ ਦੀਆਂ ਗੱਲਾਂ ਕਰਦੇ ਰਹੇ ਤੇ

ਮਨੁੱਖ ਦੀ ਮੌਤ

163