ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/165

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

‘ਪੂਰਬੀਆ?’

‘ਹਾਂ, ਪੂਰਬੀਆ, ਬੜੇ ਚਿਰ ਤੋਂ ਐਥੇ ਰਹਿੰਦਾ ਸੀ।’ ਬੁੜ੍ਹੇ ਨੇ ਸਭ ਕੁਝ ਉਸ ਬਾਰੇ ਦੱਸਣਾ ਸ਼ੁਰੂ ਕੀਤਾ- ‘ਭੱਠੇ ’ਤੇ ਪਥੇਰ ਦਾ ਕੰਮ ਕਰਦਾ ਸੀ। ਐਸੇ ਪਿੰਡ ਇੱਕ ਨਿੱਕੇ ਜਿਹੇ ਕੱਚੇ ਘਰ ’ਚ ਰਹਿੰਦਾ ਸੀ। ਘਰ ਵਾਲੀ ਤੇ ਚਾਰ ਬਲੂੰਗੜੇ ਜਵਾਕ ਨੇ ਉਹਦੇ। ਛੋਟੀ ਜੀ ਟੱਬਰੀ ਐ। ਚੰਗੀ ਰੋਟੀ ਹੁਣ ਤਾਂ ਉਹ ਖਾਣ ਲੱਗ ਪਿਆ ਸੀ।’

‘ਬਾਬਾ, ਫਿਰ ਉਹ ਐਥੇ ਮਰ ਕਿਵੇਂ ਗਿਆ?’ ਮੈਂ ਇਕਦਮ ਪੁੱਛਿਆ।

ਬੁੜ੍ਹਾ ਸੜਕ ਨਾਲ ਪਈ ਰੋੜੀ ਦੀ ਠੇਕੀ ਉੱਤੇ ਪੈਰਾਂ ਭਾਰ ਬੈਠ ਗਿਆ। ਗੋਡਿਆਂ ਉੱਤੇ ਕੂਹਣੀਆਂ ਰੱਖ ਕੇ ਹੱਥ ਦੇ ਇਸ਼ਾਰਿਆਂ ਨਾਲ ਉਹ ਸਮਝਾ ਰਿਹਾ ਸੀ। ਅਧਬਣਿਆ ਗੋਪੀਆ ਉਸਨੇ ਰੋੜੀ ਉੱਤੇ ਰੱਖ ਦਿੱਤਾ ਸੀ। ਬੁੜ੍ਹੇ ਨੇ ਦੱਸਿਆ- ‘ਪੂਰਬੀਆ ਇੱਕ ਟੁੱਟੇ ਜ੍ਹੇ ਸੈਂਕਲ ’ਤੇ ਇੱਕ ਖੁੱਸੜ ਜਿਹੀ ਬੋਰੀ ਵਿੱਚ ਐਧਰੋਂ-ਕਿਧਰੋਂ ਗੁਆਰੇ ਦਾ ਕੁਤਰਾ ਲਈ ਔਂਦਾ ਸੀ। ਐਧਰੋਂ ਸ਼ਹਿਰ ਕੰਨੀਓਂ ਇੱਕ ਟਰੱਕ ਔਂਦਾ ਸੀ। ਬਾਹਲਾ ਈ ਕਾਹਲਾ-ਸਿਰਮੁੱਧ, ਅੱਗ ਲੱਗੀ ਹੁੰਦੀ ਐ ਸਾਲ਼ਿਆਂ ਨੂੰ ਜਿਵੇਂ। ਟਰੱਕ ਆਲੇ ਨੇ ਭੋਰਾ ਨੀ ਪਰ੍ਹੇ ਵੱਟਿਆ। ਪੂਰਬੀਆ ਫੇਟ ਲੱਗ ਕੇ ਡਿੱਗ ਪਿਆ ਤੇ ਸਿਰ ਉੱਤੋਂ ਦੀ ਟਰੱਕ ਦਾ ਪਿਛਲਾ ਪਹੀਆ ਲੰਘ ਗਿਆ। ਢਾਕ ਉੱਤੇ ਹੱਥ ਧਰੀਂ ਬੁੜ੍ਹੇ ਦੇ ਕੋਲ ਖੜ੍ਹਾ ਮੈਂ ਉਸਦੀ ਸਾਰੀ ਗੱਲ ਸੁਣ ਰਿਹਾ ਸਾਂ। ਉਹ ਬੋਲਦਾ ਰਿਹਾ- ‘ਟਰੱਕ ਆਲਿਆਂ ਨੇ ਥੋੜ੍ਹਾ ਜਿਹਾ ਗਹਾਂ ਹੋ ਕੇ ਟਰੱਕ ਖੜ੍ਹਾਅ ਵੀ ਲਿਆ ਸੀ। ਇੱਕ ਬਿੰਦ ਥੱਲੇ ਉੱਤਰ ਕੇ ਡਰੈਵਰ ਨੇ ਪੂਰਬੀਏ ਕੰਨੀਂ ਦੇਖਿਆ ਤੇ ਫਿਰ ਪਤਾ ਨਹੀਂ ਉਹਦੇ ਦਿਲ ’ਚ ਕੀ ਆਈ, ਦਬਾ ਸੱਟ ਟਰੱਕ ਲੈ ਕੇ ਭੱਜ ਗਿਆ। ਜਮਾਂ ਦਰਦ ਨੀ ਮੰਨਿਆ, ਪੱਟੇ ਵਿਆਂ ਨੇ।’ ਬੁੜ੍ਹੇ ਦੀਆਂ ਗੱਲਾਂ ਸੁਣ ਕੇ ਮੈਂ ਹਉਕਾ ਭਰਿਆ। ਮੈਂ ਸੋਚਿਆ, ਪੂਰਬੀਏ ਦੇ ਟੱਬਰ ਦਾ ਹੁਣ ਕੀ ਬਣੇਗਾ? ਟਰੱਕ ਵਾਲੇ ਤਾਂ ਫੜੇ ਗਏ ਹੋਣਗੇ ਜਾਂ ਫੜੇ ਜਾਣਗੇ। ਪੂਰਬੀਏ ਦੀ ਹਸਪਤਾਲ ਵਾਲਿਆਂ ਨੇ ਚੀਰ ਫਾੜ ਕਰ ਦਿੱਤੀ ਹੋਵੇਗੀ।ਟਰੱਕ ਡਰਾਈਵਰ ਨੂੰ ਕੈਦ ਹੋ ਜਾਏਗੀ ਜਾਂ ਸ਼ਾਇਦ ਬਰੀ ਹੀ ਹੋ ਜਾਏ। ਪਰ ਪੁਰਬੀਏ ਦੇ ਟੱਬਰ ਦਾ ਕੀ ਬਣੇਗਾ?

‘ਪੂਰਬੀਏ ਦੀ ਲੋਥ ਦਾ ਕੀ ਬਣਿਆ ਫੇਰ, ਬਾਬਾ?’ ਮੈਂ ਪੁੱਛਿਆ।

‘ਬਣਨਾ ਕੀ ਸੀ, ਤੜਕੇ ਨੂੰ ਚੱਕ ਕੇ ਫੂਕ ’ਤੀ।’ ਬੁੜ੍ਹੇ ਨੇ ਜਵਾਬ ਦਿੱਤਾ।

‘ਕੀਹਨੇ? ਮੈਂ ਪੁੱਛਿਆ।

‘ਜੀਤੇ ਨੰਬਰਦਾਰ ਨੇ, ਹੋਰ ਕੀਹਨੇ। ਸ਼ਹਿਰ ਦੇ ਵੱਡੇ ਸੇਠ ਮੁਕੰਦੀ ਲਾਲ ਦਾ ਟਰੱਕ ਸੀ ਓਹੋ।’ ਬੁੜ੍ਹੇ ਨੇ ਦੱਸਿਆ।

‘ਮੁਕੰਦੀ ਲਾਲ ਕਿਹੜਾ?’ ਮੈਂ ਸਵਾਲ ਕੀਤਾ।

‘ਮੁਕੰਦੀ ਲਾਲ ਨਹੀਂ ਜਾਣਦਾ? ਜਿਹੜਾ ਤੇਲ ਦਾ ਵਪਾਰੀ ਐ ਵੱਡਾ।’ ਬੁੜ੍ਹੇ ਨੇ ਦੱਸਿਆ ਤੇ ਫਿਰ ਸੰਵਾਰ ਕੇ ਗੱਲ ਖੋਲ੍ਹੀ ਕਿ ਜਿਸ ਦਿਨ ਉਹ ਟਰੱਕ ਥੱਲੇ ਆ ਗਿਆ, ਉਸੇ ਰਾਤ ਹੀ ਮੁਕੰਦੀ ਲਾਲ ਦੇ ਦੋ ਬੰਦੇ ਆਏ। ਉਹਨਾਂ ਨੇ ਪਿੰਡ ਦੇ ਜੀਤੇ ਨੰਬਰਦਾਰ ਨੂੰ ਗੱਠਿਆ। ਦੋ ਸੌ ਰੁਪਈਆ ਉਹਦੀ ਜੇਬ ਵਿੱਚ ਪਾ ਦਿੱਤਾ। ਜੀਤੇ ਨੇ ਉਹਨਾਂ ਤੋਂ ਪੰਜ ਸੌ ਰੁਪਈਆ ਲੈ ਕੇ ਉਸ ਦੀ ਦੁਹੱਥੜੀਂ ਪਿੱਟਦੀ ਤੇ ਸਿਰ ਦੇ ਵਾਲ਼ ਖੋਹੰਦੀ ਘਰ ਵਾਲੀ ਨੂੰ ਮੱਲੋਮੱਲੀ ਦੇ ਦਿੱਤਾ ਤੇ ਉਸ ਦਿਲਜਮੀ ਦਿੱਤੀ- ‘ਮਰਨ ਆਲਾ ਤਾਂ ਮਰ ਗਿਆ,

ਮਨੁੱਖ ਦੀ ਮੌਤ
165