ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/167

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਨ੍ਹਾਤਾ ਘੋੜਾ

ਡੰਗਰਾਂ ਨੂੰ ਕਿੱਲਿਆਂ ਉੱਤੇ ਬੰਨ੍ਹ ਕੇ ਤੇ ਰੋਟੀ ਖਾ ਕੇ ਜੈਲਾ ਹਾਣੀ ਮੁੰਡਿਆਂ ਨਾਲ ਖੇਡਣ ਲਈ ਬਾਹਰ ਨੂੰ ਭੱਜ ਗਿਆ।

ਵੱਡੇ ਮੁੰਡੇ, ਕੈਲੇ ਦੇ ਅਜੇ ਕਈ ਕੰਮ ਕਰਨ ਵਾਲੇ ਰਹਿੰਦੇ ਸਨ। ਸਾਰੇ ਕੰਮ ਨਿਬੇੜ ਕੇ ਓਸ ਨੇ ਰੋਟੀ ਖਾ ਲਈ ਤੇ ਫਿਰ ਉਸ ਦੀ ਮਾਂ ਭਾਨੋ ਨੇ ਵੀ ਰੋਟੀ ਖਾ ਲਈ। ਹਨੇਰਾ ਗੂਹੜਾ ਹੁੰਦਾ ਜਾ ਰਿਹਾ ਸੀ। ਚੰਦ, ਮੁੰਡਿਆਂ ਦਾ ਪਿਉ ਅਜੇ ਘਰ ਨਹੀਂ ਸੀ ਆਇਆ॥

ਅੱਜ ਤੜਕੇ-ਤੜਕੇ ਕੁਝ ਬੱਦਲਵਾਈ ਸੀ। ਦੁਪਹਿਰ ਵੇਲੇ ਕਣੀਆਂ ਵੀ ਪੈ ਗਈਆਂ ਸਨ। ਪਿਛਲੇ ਪਹਿਰ ਬੱਦਲ ਚੁੱਕੇ ਗਏ ਸਨ ਤੇ ਠੰਢੀ-ਠੰਢੀ ਹਵਾ ਚੱਲ ਪਈ ਸੀ। ਐਨੀ ਠੰਢੀ ਤੇ ਤਿੱਖੀ ਹਵਾ ਕਿ ਸਰੀਰ ਨੂੰ ਚੀਰ ਕੇ ਲੰਘਦੀ ਸੀ। ਰੇਡੀਓ ਨੇ ਖ਼ਬਰਾਂ ਦਿੱਤੀਆਂ ਸਨ ਕਿ ਪਿਛਲੀ ਰਾਤ ਪਹਾੜਾਂ ਉੱਤੇ ਬਰਫ਼ ਦੋ ਦੋ ਫੁੱਟ ਹੋਰ ਚੜ੍ਹ ਗਈ ਹੈ।

ਚੁੱਲ੍ਹੇ-ਚੌਂਕੇ ਦੇ ਭਾਂਡੇ ਮਾਂਜ ਕੇ ਤੇ ਹੋਰ ਨਿੱਕਾ-ਮੋਟਾ ਕੰਮ ਮੁਕਾ ਕੇ ਭਾਨੋ ਨੇ ਮੱਕੀ ਦੇ ਗੁੱਲਾਂ ਦੀ ਅੱਗ ਬਾਲੀ ਤੇ ਚੁੱਲ੍ਹੇ ਦੇ ਵੱਟੇ ਕੋਲ ਬੈਠੀ ਰਹੀ। ਉਹ ਚੰਦ ਨੂੰ ਉਡੀਕ ਰਹੀ ਸੀ। ਕੈਲਾ ਵੀ ਚੁੱਲ੍ਹੇ ਮੂਹਰੇ ਬੈਠਾ ਅੱਗ ਸੇਕਦਾ ਰਿਹਾ। ਮਾਂ-ਪੁੱਤ ਦੋਵੇਂ ਨਿੱਕੀਆਂ-ਨਿੱਕੀਆਂ ਗੱਲਾਂ ਕਰਦੇ ਰਹੇ। ਭਾਨੋ ਦੀ ਹਿੱਕ ਨੂੰ ਪਾਲ਼ੇ ਦੀ ਧੁੜਧੁੜੀ ਚੜ੍ਹੀ ਤੇ ਉਸ ਨੇ ਗੁੱਲਾਂ ਦਾ ਰੁੱਗ ਚੁੱਲ੍ਹੇ ਵਿੱਚ ਸੁੱਟਣ ਲਈ ਕੈਲੇ ਨੂੰ ਕਿਹਾ। ਚੁੱਲ੍ਹੇ ਵਿੱਚ ਗੁੱਲ ਮਸ਼ਾਲਾਂ ਵਾਂਗ ਲਟਲਟਾਅ ਉੱਠੇ।

‘ਤੇਰੇ ਬਾਪ ਨੇ ਦੇਖ ਵੇ ਅੱਜ ਕੀ ਕੀਤੀ ਐ। ਹੁਣ ਤਾਈਂ ਓਸ ਨੂੰ ਘਰ ਈ ਨ੍ਹੀਂ ਦਿਸਿਆ?” ਭਾਨੋ ਨੇ ਸਿਰ ਦੀ ਕਰ ਖੁਰਕ ਕੇ ਖੇਸੀ ਦੀ ਬੁੱਕਲ ਮਾਰ ਲਈ।

‘ਮਸ਼ੀਨ ਉੱਤੇ ਮੱਕੀ ਦਾ ਆਟਾ ਪੀਹਣਾ ਧਰ ਕੇ ਚਮਿਆਰਾਂ ਵਿਹੜੇ ਉੱਠ ਗਿਆ ਹੋਣੈ, ਮਾਂ। ਤੜਕੇ ਦੋ ਦਿਹਾੜੀਏ ਚਾਹੀਦੇ ਨੇ, ਕਣਕ ਗੁੱਡਣ ਨੂੰ। ਹੋਰ ਉਹਨੇ ਕਿੱਥੇ ਜਾਣਾ ਸੀ?' ਗੁੱਲਾਂ ਦੀ ਅੱਗ ਦਾ ਭਾਂਬੜ ਕੈਲੇ ਦੀਆਂ ਸੁਕੜੰਜਾਂ ਨੂੰ ਸੇਕ ਗਿਆ ਸੀ। ਉਸ ਨੇ ਪੀਹੜੀ, ਜਿਸ ਉੱਤੇ ਬੈਠਾ ਸੀ, ਥੋੜ੍ਹੀ ਜਿਹੀ ਮਗਰ ਨੂੰ ਖਿਸਕਾ ਲਈ।

ਭਾਨੋ ਨੇ ਸਾਗ ਵਾਲਾ ਤਪਲਾ ਚੁੱਲ੍ਹੇ ਮੂਹਰਲੀ ਭੁੱਬਲ ਉੱਤੇ ਧਰ ਦਿੱਤਾ ਤੇ ਮੱਕੀ ਦੀਆਂ ਰੋਟੀਆਂ ਪੋਣੇ ਵਿੱਚ ਵਲ੍ਹੇਟ ਕੇ ਛਾਬੇ ਵਿੱਚ ਰੱਖ ਦਿੱਤੀਆਂ। ਉੱਤੇ ਪਰਾਤ ਮੂਧੀ ਮਾਰ ਦਿੱਤੀ। ‘ਅਹਿ ਪਿਐ ਸਾਗ ਤੇ ਆਹ ਪਈਆਂ ਨੇ ਰੋਟੀਆਂ, ਜਦੋਂ ਆਊ ਆਪੇ ਖਾ ਲੂ। ਚੱਲ ਪੁੱਤ ਆਪਾਂ ਰਜਾਈਆਂ ’ਚ ਵੜੀਏ।’ ਰੋਟੀਆਂ ਵਾਲੇ ਛਾਬੇ ਉੱਤੇ ਮੂਧੀ ਪਈ ਪਰਾਤ ’ਤੇ ਭਾਨੋ ਨੇ ਕੂੰਡਾ ਧਰ ਦਿੱਤਾ ਤਾਂ ਕਿ ਕੋਈ ਕੁੱਤਾ ਬਿੱਲੀ ਰੋਟੀਆਂ ਨੂੰ ਛੇੜੇ ਨਾ।

ਨ੍ਹਾਤਾ ਘੋੜਾ

167