ਉਹ ਉੱਠਣ ਹੀ ਲੱਗੇ ਸਨ ਕਿ ਦਰਵਾਜੇ ਵਾਲੇ ਤਖ਼ਤੇ ਦੀ ਚੂਲ ਚੀਕੀ। ਮਾਂ-ਪੁੱਤਾਂ ਨੇ ਸੋਚਿਆ ਕਿ ਉਹ ਆ ਗਿਆ ਹੈ। ਵਿਹੜੇ ਵਿੱਚ ਆ ਕੇ ਜੈਲੇ ਨੇ ਜ਼ੋਰ ਦੀ ਛਿੱਕ ਮਾਰੀ- “ਹੇ ਵਾਖਰੂ !’ ਉਹ ਚੁੱਲ੍ਹੇ ਮੂਹਰੇ ਆ ਕੇ ਮਾਂ ਤੇ ਕੈਲੇ ਦੇ ਵਿਚਾਲੇ ਘੁਸੜ ਗਿਆ। ‘ਗੁੱਲਾਂ ਦਾ ਬੁੱਕ ਸਿੱਟ ਓਏ ਐਧਰੋਂ।” ਜੈਲੇ ਨੇ ਕੂਹਣੀ ਨਾਲ ਕੈਲੇ ਦਾ ਡੌਲਾ ਠੋਹਕਰਿਆ। ਉਸ ਨੇ ਜੈਲੇ ਦੇ ਸਿਰ ਉੱਤੇ ਪੋਲਾ ਜਿਹਾ ਧੱਫਾ ਮਾਰ ਕੇ ਪੁੱਛਿਆ- ‘ਕਿੱਥੋਂ ਆਇਐਂ ਐਸ ਵੇਲੇ ਓਇ ਕੁੱਤੇ ਦੀਏ ਪੂਛੇ? ਬਾਪੂ ਨੀ ਦੇਖਿਆ ਕਿਤੇ?’
‘ਬਾਪੂ ਤਾਂ ਨੰਬਰਦਾਰਾਂ ਦੇ ਗੁਰਨਾਮ ਨਾਲ ਜਾਂਦਾ ਸੀ, ਭੱਠੀ ਕੋਲ ਦੀ। ਚੱਕਵੇਂ ਜੇ ਪੈਰੀਂ ਜਾਂਦੇ ਸੀ ਦੋਵੇਂ ਜਣੇ, ਅਸੀਂ ਓਦੋਂ ਭੱਠੀ ’ਤੇ ਬੈਠੇ ਸੇਕਦੇ ਸੀ। ਬਾਤ ਸੁਣਾਈ ਅੱਜ ਇੱਕ ਬਹੁਤ ਵਧੀਆ, ਮਾਂ, ਸੰਤੂ ਬੱਕਰੀਆਂ ਵਾਲੇ ਨੇ। ਬਾਤ ਕਾਹਦੀ ਸੁਣਾਈ ਕੰਜਰ ਦੇ ਕਾਣੇ ਨੇ, ਹੱਸ ਹੱਸ ਦੂਹਰੇ ਹੋ ਗਏ।’ ਚੁੱਲ੍ਹੇ ਵਿੱਚ ਗੁੱਲਾਂ ਦੀ ਲਾਟ ਜਦ ਬਲ ਉੱਠੀ ਤਾਂ ਭਾਨੋ ਦੋਵੇਂ ਮੁੰਡਿਆਂ ਨੂੰ ਚੁੱਲ੍ਹੇ ਮੂਹਰੇ ਛੱਡ ਕੇ ਆਪ ਸਬਾਤ ਅੰਦਰ ਚਲੀ ਗਈ। ਉਸ ਨੇ ਆਪਣਾ ਗਦੈਲਾ ਵਿਛਾਇਆ ਤੇ ਰਜ਼ਾਈ ਦੀ ਤਹਿ ਖੋਲ੍ਹ ਕੇ ਮੁੰਡਿਆਂ ਨੂੰ ਆਵਾਜ਼ ਦਿੱਤੀ- ‘ਚੰਗਾ, ਵੇ ਮੈਂ ਤਾਂ ਪੈਨੀ ਆਂ। ਤੁਸੀਂ ਅਜੇ ਕਿੰਨਾ ਕੁ ਚਿਰ ਬੈਠੋਗੇ। ਸਾਗ ਵਾਲੇ ਤਪਲੇ ’ਤੇ ਦੇਖਿਓ, ਚੱਪਣ ਹੈ ਗਾ?’
‘ਆਹੋ, ਚੱਪਣ ਹੈ ਗਾ। ਤੂੰ ਕਿਧਰੋਂ ਪਾਲ਼ੇ ਨੇ ਖਾ ਲੀ? ਹੁਣੇ ਪੈ ਗੀ, ਮਾਂ?’ ਜੈਲੇ ਦੀ ਕੜਕਵੀਂ ਆਵਾਜ਼ ਆਈ।
ਭਾਨੋ ਬੋਲੀ ਨਹੀਂ।
ਉਹ ਰਜ਼ਾਈ ਦੇ ਚਾਰੇ ਲੜ ਦੱਬ ਕੇ ਪੈ ਗਈ।
ਜੈਲਾ ਤੇ ਕੈਲਾ ਚੁੱਲ੍ਹੇ ਵਿੱਚ ਪੰਜ-ਸੱਤ ਗੁੱਲ ਸੁੱਟ ਲੈਂਦੇ। ਜਦ ਸੇਕ ਘਟ ਜਾਂਦਾ, ਹੋਰ ਗੁੱਲ ਸੁੱਟ ਲੈਂਦੇ। ਉਹ ਬੈਠੇ ਰਹੇ ਕਿ ਉਹਨਾਂ ਦਾ ਪਿਓ ਆਵੇਗਾ ਤੇ ਉਸ ਦੇ ਰੋਟੀ ਖਾਣ ਪਿੱਛੋਂ ਉਹ ਤਿੰਨੇ ਇਕੱਠੇ ਹੀ ਸਬਾਤ ਅੰਦਰ ਚਲੇ ਜਾਣਗੇ। ਉਹਨਾਂ ਦੋਵਾਂ ਨੇ ਨਿੰਮ ਵਾਲੇ ਖੇਤ ਵਿੱਚ ਬੀਜੀ ਕਲਿਆਣ ਕਣਕ ਦੀਆਂ ਗੱਲਾਂ ਛੇੜ ਲਈਆਂ।
ਭਾਨੋ ਦਾ, ਪਈ-ਪਈ ਦਾ ਹਉਕਾ ਜਿਹਾ ਨਿੱਕਲ ਗਿਆ। ਅੱਜ ਪਹਿਲਾ ਦਿਨ ਸੀ, ਜਦੋਂ ਕਿ ਉਸ ਦੇ ਆਦਮੀ ਨੇ ਐਨਾ ਹਨੇਰਾ ਕਰ ਦਿੱਤਾ। ਨਹੀਂ ਤਾਂ ਛੇ ਮਹੀਨੇ ਹੋ ਗਏ ਸਨ, ਉਹ ਦਿਨ ਛਿਪਦੇ ਨਾਲ ਹੀ ਘਰ ਆ ਜਾਂਦਾ ਸੀ। ਉਸ ਨੇ ਕਦੇ ਹੁਣ ਸ਼ਰਾਬ ਨਹੀਂ ਸੀ ਪੀਤੀ। ਹਵਾ ਦੇ ਬੁੱਲ੍ਹੇ ਵਾਂਗ ਇੱਕ ਖ਼ਿਆਲ ਜਿਹਾ ਭਾਨੋ ਦੇ ਦਿਮਾਗ਼ ਵਿੱਚ ਦੀ ਲੰਘ ਗਿਆ ਕਿ ਅੱਜ ਉਸ ਨੇ ਜ਼ਰੂਰ ਸ਼ਰਾਬ ਪੀ ਲਈ ਹੋਣੀ ਹੈ। ਨੰਬਰਦਾਰਾਂ ਦਾ ਗੁਰਨਾਮ ਜਦ ਨਾਲ ਰਲ ਗਿਆ, ਫੇਰ ਤਾਂ ਸ਼ਰਾਬ ਆਪੇ ਹੀ ਪੀਤੀ ਗਈ।
ਭਾਨੋ ਦੇ ਦਿਮਾਗ ਨੂੰ ਘੇਰ ਜਿਹੀ ਚੜ੍ਹ ਗਈ, ਜਦ ਉਸ ਨੂੰ ਪੁਰਾਣੀਆਂ ਗੱਲਾਂ ਯਾਦ ਆਉਣ ਲੱਗੀਆਂ।
ਛੀ ਮਹੀਨੇ ਪਹਿਲਾਂ ਚੰਦ ਦੀਆਂ ਲੋਕ ਗੱਲਾਂ ਕਰਦੇ ਹੁੰਦੇ ਕਿ ਉਹ ਤਾਂ ਬਸ ਅੱਜ ਵੱਢਿਆ, ਕੱਲ੍ਹ ਵੱਢਿਆ। ਪੈਨਸ਼ਨੀਏ ਥਾਣੇਦਾਰ ਦੀ ਤੀਵੀਂ, ਜਿਸ ਦੇ ਜਵਾਕ ਕੋਈ ਨਹੀਂ ਸੀ ਤੇ ਉਮਰ ਚਾਲ੍ਹੀਆਂ ਤੋਂ ਥੱਲੇ ਸੀ, ਥਾਣੇਦਾਰ ਦੇ ਉੱਤੋਂ ਦੀ ਪਈ ਹੋਈ ਸੀ। ਗੁਰਨਾਮ ਤੇ ਚੰਦ ਸ਼ਰਾਬ ਪੀਂਦੇ ਤੇ ਫਿਰ ਗੁਰਨਾਮ ਚੰਦ ਨੂੰ ਥਾਣੇਦਾਰ ਦੇ ਘਰ ਦੀ ਕੰਧ
168
ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ