ਪੰਨਾ:ਰਾਮ ਸਰੂਪ ਅਣਖੀ ਦੀਆਂ ਸਾਰੀਆਂ ਕਹਾਣੀਆਂ ਭਾਗ -1.pdf/169

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਟਪਾਅ ਆਉਂਦਾ। ਜਦੋਂ ਕਿ ਥਾਣੇਦਾਰ ਅਜੇ ਸ਼ਰਾਬ ਦੇ ਠੇਕੇ ਉੱਤੇ ਹੀ ਬੈਠਾ ਹੁੰਦਾ। ਸ਼ਰਾਬ ਦੇ ਠੇਕੇ ਵਿੱਚ ਥਾਣੇਦਾਰ ਦਾ ਹਿੱਸਾ ਸੀ ਤੇ ਉਹ ਕਾਫ਼ੀ ਰਾਤ ਪਈ ਤੱਕ ਠੇਕੇ ਉੱਤੇ ਹੀ ਹਮੇਸ਼ਾ ਬੈਠਾ ਰਹਿੰਦਾ ਸੀ। ਬਰਾਂਡੀ ਪਾ ਕੇ ਤੇ ਦਾੜ੍ਹੀ ਉੱਤੇ ਢਾਠੀ ਬੰਨ੍ਹ ਕੇ ਲੰਮੇ-ਲੰਮੇ ਮੁਛਹਿਰਿਆਂ ਨੂੰ ਵੱਟ ਦਿੰਦਾ ਰਹਿੰਦਾ। ਜਿਨ੍ਹਾਂ ਬੰਦਿਆਂ ਨੂੰ ਪਤਾ ਸੀ, ਉਹ ਬਿੜਕ ਵਿੱਚ ਰਹਿੰਦੇ ਸਨ ਕਿ ‘ਜਿੱਦਣ ਚੰਦ ਥਾਣੇਦਾਰ ਦੇ ਅੜਿੱਕੇ ਚੜ੍ਹ ਗਿਆ, ਥਾਣੇਦਾਰ ਦਾ ਤੱਤ ਭੈੜੇ ਉਹਨੇ ਬਸ ਘੰਡੀ ਵੱਢ ਕੇ ਈ ਛੱਡਣੀ ਐ।” ਗੱਲੀਂ-ਗੱਲੀਂ ਤੀਵੀਆਂ ਰਾਹੀਂ ਭਾਨੋ ਨੂੰ ਸਭ ਪਤਾ ਲੱਗ ਗਿਆ ਸੀ। ਪਹਿਲਾਂ-ਪਹਿਲਾਂ ਤਾਂ ਉਸ ਨੇ ਮੂੰਹ ਜਿਹਾ ਵੱਟੀ ਰੱਖਿਆ। ਫਿਰ ਜਿਸ ਦਿਨ ਉਹ ਚੰਦ ਦੇ ਸਾਰੇ ਪੜਦੇ ਉਘੇੜਨ ਲੱਗੀ ਤਾਂ ਚੰਦ ਨੇ ਉਸ ਨੂੰ ਬਹੁਤ ਕੁੱਟਿਆ। ਕੁੱਟ-ਕੁੱਟ ਅੱਧ-ਮਰੀ ਕਰ ਦਿੱਤਾ। ਕੁੱਟ-ਕੁੱਟ ਪਸਲੀਆਂ ਹਿਲਾ ਦਿੱਤੀਆਂ। ਫਿਰ ਜਦ ਵੀ ਉਹ ਥਾਣੇਦਾਰਨੀ ਦਾ ਨਾਉਂ ਲੈਂਦੀ ਤਾਂ ਚੰਦ ਉਸ ਨੂੰ ਲੱਤੀਂ ਮੁੱਕੀਂ ਛੁਲਕ ਦਿੰਦਾ। ਉਹ ਝੋਰਾ ਕਰਦੀ ਕਿ ਉਸ ਦੀ ਸਿਉਨੇ ਵਰਗੀ ਦੇਹ ਪਾਪੀ ਜੱਟ ਨੇ ਮਿੱਟੀ ਵਿੱਚ ਰੋਲ ਰੱਖੀ ਹੈ। ਨਾ ਉਹ ਮਰਨ ਜੋਗੀ, ਨਾ ਜਿਊਣ ਜੋਗੀ। ਹੋਰ ਤੀਵੀਆਂ ਦੇ ਸਮਝਾਉਣ ਨਾਲ ਸਬਰ ਕਰ ਕੇ ਚੁੱਪ ਹੋ ਗਈ ਸੀ। “ਆਦਮੀ ਤਾਂ ‘ਨ੍ਹਾਤਾ ਘੋੜਾ’ ਹੁੰਦੈ। ਘਰ ਦੀ ਆਣ ਇੱਜ਼ਤ ਤਾਂ ਤੀਵੀਂ ਦੀ ਆਣ ਇੱਜ਼ਤ ਨਾਲ ਹੀ ਬਣੀ ਹੁੰਦੀ ਐ। ਆਦਮੀ ਘਰ ਤੋਂ ਬਾਹਰ ਸੌ ਖੇਹ ਖਾ ਆਵੇ, ਘਰੇ ਤੀਵੀਂ ਕੋਲ ਆ ਕੇ ਓਹੋ ਜੇ ਦਾ ਓਹੋ ਜਾ ਹੋ ਜਾਂਦੈ। ਆਦਮੀ ਤਾਂ ‘ਨ੍ਹਾਤਾ ਘੋੜਾ’ ਹੁੰਦੈ...।”

ਇੱਕ ਦਿਨ ਭਾਨੋ ਰੋਈ ਜਾਵੇ ਤੇ ਬਸ ਕੰਬੀ ਜਾਵੇ। ਨਾ ਕੁਝ ਬੋਲੇ ਤੇ ਨਾ ਕੁਝ ਖਾਵੇ ਪੀਵੇ। ਚੰਦ ਉਹਦੇ ਮੂੰਹ ਵੱਲ ਵੇਖਦਾ ਰਿਹਾ ਤੇ ਫਿਰ ਉਸ ਦੇ ਮਨ ਵਿੱਚ ਪਤਾ ਨਹੀਂ ਕੀ ਆਈ, ਉਸ ਨੇ ਤੌੜੇ ਵਿੱਚੋਂ ਪਾਣੀ ਦੀ ਗੜਵੀ ਭਰੀ ਤੇ ਚੂਲੀ ਭਰ ਕੇ ਭਾਨੋ ਨੂੰ ਕਹਿੰਦਾ- ‘ਆਹ ਦੇਖ, ਅੱਗੇ ਤੋਂ ਸ਼ਰਾਬ, ਗਊ ਆਲੀ ਆਣ ਐ ਤੇ ਹੋਰ ਐਸਾ ਵੈਸਾ ਕੰਮ ਬਸ... ਛੱਡ ਦੇ ਸਾਰੀ ਗੱਲ। ਮਿੱਟੀ ਪਾ ਦੇ। ਦਾੜ੍ਹੀ ਮੂਤ ਨਾਲ ਮੁੰਨ ਦੀਂ ਬਿਸ਼ੱਕ।’

ਇਹਨਾਂ ਗੱਲਾਂ ਨੂੰ ਛੀ ਮਹੀਨੇ ਗੁਜ਼ਰ ਗਏ ਸਨ, ਪਰ ਅੱਜ ਫੇਰ ਚੰਦ ਘਰ ਨਹੀਂ ਸੀ ਆਇਆ। ਭਾਨੋ ਦੇ ਮਨ ਵਿੱਚ ਪੂਰਾ ਸ਼ੱਕ ਹੋ ਗਿਆ ਕਿ ਅੱਜ ਉਸ ਨੇ ਜ਼ਰੂਰ ਗੁਰਨਾਮ ਨਾਲ ਸ਼ਰਾਬ ਪੀਤੀ ਹੋਣੀ ਹੈ ਤੇ ਥਾਣੇਦਾਰ ਦੇ ਘਰ ਵੀ ਜ਼ਰੂਰ ...। ‘ਤੀਵੀਂ ਸਾਰੀ ਉਮਰ ਜੁੱਤੀਆਂ ਕਿਉਂ ਖਾਂਦੀ ਰਹੇ?’ ਉਹਦੇ ਪੁੱਤ ਗੱਭਰੂ ਸਨ। ‘ਉਹ ਕਿਉਂ ਮਨੁੱਖ ਦੀ ਜੁੱਤੀ ਬਣ ਕੇ ਰਹੇ? ਇਹੋ ਜਿਹੇ ਆਦਮੀ ਨਾਲੋਂ ਤੀਵੀਂ ਨਿੱਧਰੀ ਚੰਗੀ।’ ਭਾਨੋ ਦੇ ਦਿਲ ਵਿੱਚ ਗੁੱਸੇ ਦੀ ਇੱਕ ਚਿਣਗ ਭਖ਼ ਉੱਠੀ। ਉਸ ਨੇ ਸੋਚਿਆ ਕਿ ਹੁਣ ਜੇ ਉਹ ਆ ਗਿਆ ਤਾਂ ਤਿੰਨੇ ਮਾਂ ਪੁੱਤ ਰਲ ਕੇ ਉਸ ਨੂੰ ਘਰੋਂ ਬਾਹਰ ਕੱਢ ਦੇਣ ਤੇ ਕਹਿਣ ਕਿ ਜਾਹ ਜਿੱਧਰੋਂ ਆਇਆ ਹੈਂ। ਭਾਨੋਂ ਦੇ ਉੱਤੇ ਲਈ ਰਜ਼ਾਈ ਦੇ ਲੜ ਢਿੱਲੇ ਪੈਣੇ ਸ਼ੁਰੂ ਹੋ ਗਏ। ਉਸ ਦਾ ਅੰਦਰਲੀ ਕਿਸੇ ਅੱਗ ਨੇ ਜਿਵੇਂ ਬਾਹਰਲੀ ਠੰਢ ਨੂੰ ਮਾਂਦ ਪਾ ਦਿੱਤਾ ਸੀ। ਉਸ ਦਾ ਸਰੀਰ ਭਖਣ ਲੱਗ ਪਿਆ। ਉਹ ਆਪਣੇ ਬਿਸਤਰੇ ਤੋਂ ਉੱਠੀ ਤੇ ਵਿਹੜੇ ਵਿੱਚ ਦੀ ਲੰਘ ਕੇ ਦਰਵਾਜੇ ਦਾ ਕੁੰਡਾ ਲਾ ਆਈ। ਦੋਵੇਂ ਮੁੰਡੇ ਚੁੱਲ੍ਹੇ ਮੂਹਰੇ ਬੈਠੇ ਅੱਗ ਸੇਕ ਰਹੇ ਸਨ ਤੇ ਹੌਲ਼ੀ-ਹੌਲ਼ੀ ਗੱਲਾਂ ਕਰ ਰਹੇ ਸਨ।

ਨ੍ਹਾਤਾ ਘੋੜਾ

169